Breaking News
Home / ਕੈਨੇਡਾ / 22 ਸਤੰਬਰ ਨੂੰ ਹੋਣ ਵਾਲੀ ‘ਏਅਰਪੋਰਟ ਰੱਨਵੇਅ ਰੱਨ’ ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵਿਚ ਭਾਰੀ ਉਤਸ਼ਾਹ

22 ਸਤੰਬਰ ਨੂੰ ਹੋਣ ਵਾਲੀ ‘ਏਅਰਪੋਰਟ ਰੱਨਵੇਅ ਰੱਨ’ ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵਿਚ ਭਾਰੀ ਉਤਸ਼ਾਹ

ਬਰੈਂਪਟਨ/ਡਾ. ਝੰਡ : ਹਰ ਸਾਲ ਵਾਂਗ ਇਸ ਸਾਲ 22 ਸਤੰਬਰ ਦਿਨ ਸ਼ਨੀਵਾਰ ਨੂੰ ਹੋ ਰਹੀ 5 ਕਿਲੋਮੀਟਰ ਰੱਨਵੇਅ ਰੱਨ ਵਿਚ ਭਾਗ ਲੈਣ ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹ ਹਰੇਕ ਵੀਕ-ਐੱਂਡ ‘ਤੇ ਕਿਸੇ ਨਾ ਕਿਸੇ ਟਰੇਲ ‘ਤੇ ਜਾਂ ਟਰੈਕ ਉੱਤੇ ਪ੍ਰੈਕਟਿਸ ਵਜੋਂ ਦੌੜਨ ਲਈ ਜਾਂਦੇ ਹਨ।
ਬੇਸ਼ੱਕ ਇਹ ਪੰਜ ਕਿਲੋਮੀਟਰ ਦੌੜ ਉਨ੍ਹਾਂ ਲਈ ਸ਼ੁਗਲੀਆ ਈਵੈਂਟ ਹੀ ਹੈ ਕਿਉਂਕਿ ਉਨ੍ਹਾਂ ਦੀ ਅਸਲ ਤਿਆਰੀ ਤਾਂ 21 ਅਕਤੂਬਰ ਨੂੰ ਹੋਣ ਵਾਲੀ ਮੈਰਾਥਨ ਦੌੜ ਲਈ ਚੱਲ ਰਹੀ ਹੈ ਜਿਸ ਵਿਚ ਉਹ ਹਾਫ਼-ਮੈਰਾਥਨ ਅਤੇ ਫ਼ੁੱਲ-ਮੈਰਾਥਨ ਦੌੜਾਂ ਵਿਚ ਹਿੱਸਾ ਲੈਂਦੇ ਹਨ ਪਰ ਫਿਰ ਵੀ ਉਹ ਇਸ ਦੇ ਲਈ ਪੂਰੀਆਂ ਤਿਆਰੀਆਂ ਕਰ ਰਹੇ ਹਨ।
ਅਲਬੱਤਾ, ਇਹ 5 ਕਿਲੋਮੀਟਰ ‘ਏਅਰਪੋਰਟ ਰੱਨਵੇਅ ਰੱਨ’ 22 ਸਤੰਬਰ ਨੂੰ ਸਵੇਰੇ ਠੀਕ 9.00 ਵਜੇ ਸ਼ੁਰੂ ਹੋਵੇਗੀ ਜਿਸ ਦੇ ਲਈ ਪ੍ਰਬੰਧਕਾਂ ਵੱਲੋਂ ਸਵੇਰੇ 8.00 ਵਜੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ। ਇਸ ਵਿਚ ਸ਼ਾਮਲ ਹੋਣ ਲਈ ਟੀ.ਪੀ.ਏ.ਆਰ. ਕਲੱਬ ਦੇ ਬਹੁਤੇ ਮੈਂਬਰ ਏਅਰਪੋਰਟ ਅਤੇ ਬੋਵੇਅਰਡ ਰੋਡ ਦੇ ਇੰਟਰਸੈੱਕਸ਼ਨ ਵਿਚਲੇ ਟਿਮ ਹੌਰਟਨ ਦੀ ਪਾਰਕਿੰਗ ਵਿੱਚੋਂ ਠੀਕ ਸਵੇਰੇ 7.15 ਵਜੇ ਇਕੱਠੇ ਹੋ ਰਹੇ ਹਨ ਅਤੇ ਉੱਥੋਂ ਉਹ 3045 ਇਲੈੱਕਟਰਾ ਕੋਰਟ, ਮਿਸੀਸਾਗਾ ਲਈ ਵੱਡੇ ਜੱਥੇ ਦੇ ਰੂਪ ਵਿਚ ਆਪਣੀਆਂ ਗੱਡੀਆਂ ਰਾਹੀਂ ਰਵਾਨਾ ਹੋਣਗੇ। ਜੇਕਰ ਕਿਸੇ ਵਿਅੱਕਤੀ ਨੂੰ ਰਾਈਡ ਦੀ ਜ਼ਰੂਰਰ ਹੋਵੇ ਤਾਂ ਉਹ ਇੱਥੇ ਸੱਤ ਵਜੇ ਪਹੁੰਚ ਕੇ ਇਹ ਸਹੂਲਤ ਲੈ ਸਕਦਾ ਹੈ। ਇਸ ਤੋਂ ਇਲਾਵਾ ਕਲੱਬ ਦੇ ਕਈ ਮੈਂਬਰ ਆਪੋ ਆਪਣੇ ਸਾਧਨਾਂ ਰਾਹੀਂ ਵੀ ਦੌੜਨ ਵਾਲੀ ਜਗ੍ਹਾ ‘ਤੇ ਪਹੁੰਚ ਰਹੇ ਹਨ। ਹੋਰਨਾਂ ਤੋਂ ਇਲਾਵਾ ਫੁੱਲ ਮੈਰਾਥਨ ਦੌੜ ਵਿਚ ਹਿੱਸਾ ਲੈਣ ਵਾਲੇ ਧਿਆਨ ਸਿੰਘ ਸੋਹਲ ਵੀ ਇਸ ਦੌੜ ਵਿਚ ਸ਼ਾਮਲ ਹੋ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਪ੍ਰਧਾਨ ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਕਲੱਬ ਦੇ 70 ਮੈਂਬਰਾਂ ਵੱਲੋਂ ਇਸ ਦੌੜ ਵਿਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਹੈ ਅਤੇ ਈਵੈਂਟ ਦੇ ਪ੍ਰਬੰਧਕਾਂ ਵੱਲੋਂ 10 ਸਤੰਬਰ ਤੋਂ ਇਸ ਦੇ ਲਈ ਹੋਰ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਪ੍ਰਬੰਧਕੀ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਉਹ ਹਰ ਸਾਲ 3,500 ਤੱਕ ਦੌੜਾਕ ਹੀ ਇਸ ਦੇ ਲਈ ਰਜਿਸਟਰ ਕਰਦੇ ਹਨ। ਉਨ੍ਹਾਂ ਸਾਰੇ ਕਲੱਬ ਮੈਂਬਰਾਂ ਨੂੰ ਸਮੇਂ ਸਿਰ ਟਿਮ-ਹੌਰਟਨ ਦੀ ਪਾਰਕਿੰਗ ਵਿਚ ਪਹੁੰਚਣ ਲਈ ਬੇਨਤੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਮੈਂਬਰ ਦਾ ਹੋਰ ਇੰਤਜ਼ਾਰ ਨਹੀਂ ਕੀਤਾ ਜਾਏਗਾ ਅਤੇ ਬੱਸ ਸਮੇਂ-ਸਿਰ ਤੋਰ ਲਈ ਜਾਏਗੀ।

Check Also

ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਤੇ ਉਨਟਾਰੀਓ ਸਿੱਖ ਐਂਡ ਗੁਰਦਵਾਰਾ ਕੌਂਸਲ ਵਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਵਲੋਂ ਅਤੇ ਪੰਜਾਬੀ ਕਲਮਾਂ …