ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ 13 ਸਤੰਬਰ 2018 ਨੂੰ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਚਾਹ ਪਾਣੀ ਤੋਂ ਬਾਅਦ ਬਲਵਿੰਦਰ ਬਰਾੜ ਨੇ ਮੈਂਬਰਾਂ ਦਾ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਧੰਨਵਾਦ ਕਰਦੇ ਹੋਏ ਜੀ ਆਇਆਂ ਕਿਹਾ। ਉਹਨਾਂ ਨੇ ਕਾਰਜਕਾਰਣੀ ਮੈਂਬਰ ਪ੍ਰੀਤਮ ਸਰਾਂ ਦੇ ਇੰਡੀਆ ਵਿੱਚ ਰਹਿ ਰਹੇ ਭਰਾ ਦੇ ਸਦੀਵੀ ਵਿਛੋੜੇ ਦੀ ਸੋਗਮਈ ਖਬਰ ਸਾਂਝੀ ਕੀਤੀ ਜਿਸ ‘ਤੇ ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ।
ਇਸ ਉਪਰੰਤ ਮੀਟਿੰਗ ਦੀ ਬਾਕਾਇਦਾ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਵਿੱਚ ਅਗਲੇ ਸਾਲ ਹੋਣ ਜਾ ਰਹੀਆਂ ਫੈਡਰਲ ਚੋਣਾਂ ਬਾਰੇ ਵਿਚਾਰ ਪੇਸ਼ ਹੋਏ ਇਹ ਗੱਲ ਸਾਹਮਣੇ ਆਈ ਕਿ ਸੱਤਾਧਾਰੀ ਪਾਰਟੀ ਨੂੰ ਆਪਣੀ ਜਿੱਤ ਯਕੀਨੀ ਨਹੀਂ ਲਗਦੀ। ਫੈਡਰਲ ਪੱਧਰ ਦੀਆਂ ਕੁੱਝ ਮੰਗਾਂ ਮੰਨਵਾਉਣ ਲਈ ਬਰੈਂਪਟਨ ਦੇ ਪੰਜਾਂ ਐਮ ਪੀਜ਼ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਤਾਂ ਜੋ ਤਰਜੀਹੀ ਤੌਰ ‘ਤੇ ਉਲੀਕੀਆਂ ਮੰਗਾਂ ਲਈ ਉਚਿੱਤ ਦਬਾਅ ਬਣਾਇਆ ਜਾ ਸਕੇ। ਇਹਨਾਂ ਵਿੱਚੋਂ ਮੁੱਖ ਤੌਰ ‘ਤੇ ਜਿਹਨਾਂ ਇੰਮੀਗਰੈਂਟਸ ਨੂੰ ਦਸ ਸਾਲ ਪੂਰੇ ਨਹੀਂ ਹੋਏ ਪਰੰਤੂ ਉਮਰ 65 ਸਾਲ ਦੀ ਹੋ ਗਈ ਹੈ ਨੂੰ ਘੱਟੋ ਘੱਟ 500 ਡਾਲਰ ਮਾਸਿਕ ਭੱਤਾ ਦਿੱਤਾ ਜਾਵੇ। ਇਸੇ ਤਰ੍ਹਾਂ ਐਮ ਪੀ ਪੀਜ਼ ਨੂੰ ਮਿਲਕੇ ਬਾਕੀ ਹੈਲਥ ਕੇਅਰ ਵਾਂਗ ਦੰਦਾਂ ਦੀ ਹੈਲਥ ਕੇਅਰ ਲਈ ਵੀ ਪੂਰੀ ਸਹੂਲਤ ਲਈ ਗੱਲਬਾਤ ਕੀਤੀ ਜਾਵੇਗੀ। ਸਿਟੀ ਦੇ ਨੁਮਾਇੰਦਿਆਂ ਨਾਲ ਅਕਤੂਬਰ ਵਿੱਚ ਹੋ ਰਹੀਆਂ ਚੋਣਾਂ ਤੋਂ ਬਾਅਦ ਮੁਲਾਕਾਤ ਕੀਤੀ ਜਾਵੇਗੀ। ਐਸੋਸੀਏਸ਼ਨ ਵਲੋਂ ਸਾਰੇ ਕਲੱਬਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਆ ਰਹੀਆਂ ਚੋਣਾਂ ਵਿੱਚ ਕਿਸੇ ਖਾਸ ਮੈਂਬਰ ਦੀ ਸਹਾਇਤਾ ਕਰਨ ਦਾ ਕਲੱਬ ਵਲੋਂ ਵਾਅਦਾ ਨਾ ਕਰਨ। ਅਜਿਹਾ ਗੈਰ-ਲੋਕਤਾਂਤਰਿਕ ਹੈ ਕਿਉਂਕਿ ਕਲੱਬ ਦੇ ਸਾਰੇ ਮੈਂਬਰ ਕਿਸੇ ਇੱਕ ਵਿਚਾਰ ਜਾ ਪਾਰਟੀ ਦੇ ਮੈਂਬਰ ਨਹੀਂ ਹੋ ਸਕਦੇ। ਇਹ ਮੈਂਬਰਾਂ ‘ਤੇ ਛੱਡ ਦਿੱਤਾ ਜਾਵੇ ਕਿ ਉਹ ਨਿਜੀ ਤੌਰ ‘ਤੇ ਜਿਸਦੀ ਮਰਜੀ ਮੱਦਦ ਕਰਨ। ਪਰ ਜੇ ਕੋਈ ਉਮੀਦਵਾਰ ਆਉਂਦਾ ਹੈ ਤਾਂ ੳਸ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦੇ ਦਿੱਤਾ ਜਾਵੇ। ਠੀਕ ਬਾਰਾਂ ਵਜੇ ਇਸ ਮੀਟਿੰਗ ਦੌਰਾਨ ਮੇਅਰ ਦੀ ਚੋਣ ਦੇ ਉਮੀਦਵਾਰ ਪੈਟਰਿਕ ਬਰਾਊਂਨ ਮੀਟਿੰਗ ਵਿੱਚ ਪਹੁੰਚੇ ਤੇ ਉਹਨਾਂ ਬਰੈਂਪਟਨ ਬਾਰੇ ਆਪਣੀ ਰਣਨੀਤੀ ਅਤੇ ਯੋਜਨਾਵਾਂ ਬਾਰੇ ਦ੍ਰਿਸ਼ਟੀਕੋਣ ਪੇਸ਼ ਕੀਤਾ। ਪਰਮਜੀਤ ਬੜਿੰਗ ਨੇ ਕੇਵਲ ਦੋ ਮੰਗਾਂ (1) ਬੱਸਾਂ ਦਾ ਸਾਲਾਨਾ ਪਾਸ (2) ਬੱਸ ਸ਼ੈਲਟਰਾਂ ਨੂੰ ਟੋਰਾਂਟੋ ਅਤੇ ਵਾਅਨ ਦੀ ਤਰ੍ਹਾਂ ਦੋ ਦਰਵਾਜ਼ਿਆਂ ਦੀ ਥਾਂ ਇੱਕ ਦਰਵਾਜੇ ਵਾਲੇ ਬਣਾਉਨਾ ਤਾਂਕਿ ਮੀਂਹ ਅਤੇ ਸਨੋਅ ਤੋਂ ਕੁੱਝ ਬਚਤ ਹੋ ਸਕੇ ਦਾ ਜਵਾਬ ਦੇਣ ਲਈ ਕਿਹਾ। ਇਸ ਦੇ ਜਵਾਬ ਵਿੱਚ ਪੈਟਰਿਕ ਨੇ ਸਹਿਮਤੀ ਪਰਗਟ ਕਰਦੇ ਹੋਏ ਕਿਹਾ ਕਿ ਉਹ ਤਾਂ ਔਫ ਟਾਈਮ ਵਿੱਚ ਸੀਨੀਅਰਜ਼ ਲਈ ਫਰੀ ਸੇਵਾ ਅਤੇ ਟਰਾਂਸਫਰ ਲਈ ਦੋ ਘੰਟੇ ਦੀ ਥਾਂ ਚਾਰ ਘੰਟੇ ਦਾ ਸਮਾਂ ਦੇਣ ਦੇ ਹੱਕ ਵਿੱਚ ਹੈ।
ਐਸੋਸੀਏਸ਼ਨ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਕਈ ਉਮੀਦਵਾਰ ਮਿਿਟੰਗਾਂ ਵਿੱਚ ਖਿੱਚੀਆਂ ਫੋਟੋਆਂ ਨਾਲ ਇਹ ਪਰਭਾਵ ਦੇਣ ਦੀ ਕੋਸਿਸ਼ ਕਰਦੇ ਹਨ ਕਿ ਸਮੁੱਚੀ ਜਥੇਬੰਦੀ ਉਹਨਾਂ ਦੀ ਸਪੋਰਟ ਕਰਦੀ ਹੈ। ਪਰ ਜਥੇਬੰਦੀ ਦਾ ਮੱਤ ਹੈ ਕਿ ਚੋਣਾਂ ਲਈ ਹਰ ਮੈਂਬਰ ਨਿਜੀ ਤੌਰ ਤੇ ਆਜ਼ਾਦ ਹੈ ਅਤੇ ਸਮੁੱਚੀ ਜਥੇਬੰਦੀ ਵਲੋਂ ਕਿਸੇ ਵੀ ਉਮੀਦਵਾਰ ਦੀ ਹਮਾਇਤ ਦਾ ਭਰੋਸਾ ਨਹੀਂ ਦਿਤਾ ਜਾ ਸਕਦਾ। ਫਲਾਵਰ ਸਿਟੀ ਵਿੱਚ ਵਾਇਸ ਪਰੈਜੀਡੈਂਟ ਦੀ 2 ਨਵੰਬਰ ਨੂੰ ਹੋ ਰਹੀ ਚੋਣ ਲਈ ਐਸੋਸੀਏਸ਼ਨ ਵਲੋਂ ਉਮੀਦਵਾਰ ਖੜ੍ਹਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਪਿੰ: ਜਗਜੀਤ ਗਰੇਵਾਲ ਵਲੋਂ ਪ੍ਰੋ: ਰਾਮ ਸਿੰਘ ਦਾ ਨਾਂ ਪੇਸ਼ ਕੀਤਾ ਗਿਆ । ਸਭ ਨੇ ਉਹਨਾਂ ਨਾਲ ਸਹਮਿਤੀ ਪ੍ਰਗਟਾਈ ਪ੍ਰੰਤੂ ਪ੍ਰੋ: ਰਾਮ ਸਿੰਘ ਵਲੋਂ ਨਿਜੀ ਮਜਬੂਰੀਆਂ ਕਾਰਣ ਆਪਣੀ ਅਸਮਰੱਥਾ ਪਰਗਟ ਕੀਤੀ। ਇਸ ਉਪਰੰਤ ਸੁਖਦੇਵ ਸਿੰਘ ਗਿੱਲ ਨੇ ਅਮਰੀਕ ਸਿੰਘ ਕੁਮਰੀਆਂ ਦਾ ਨਾਮ ਪੇਸ਼ ਕੀਤਾ। ਇਸ ‘ਤੇ ਵੀ ਸਰਬਸੰਮਤੀ ਹੋ ਗਈ। ਸੋ ਅਮਰੀਕ ਸਿੰਘ ਕੁਮਰੀਆਂ ਨੂੰ ਐਸੋਸੀਏਸ਼ਨ ਵਲੋਂ ਫਲਾਵਰ ਸਿਟੀ ਦੇ ਵਾਇਸ-ਪ੍ਰੈਜੀਡੈਂਟ ਲਈ ਉਮੀਦਵਾਰ ਐਲਾਨਿਆ ਗਿਆ।
ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਕਰਤਾਰ ਸਿੰਘ ਚਾਹਲ ਪ੍ਰੋ: ਨਿਰਮਲ ਧਾਰਨੀ, ਦੇਵ ਸੂਦ , ਕਸ਼ਮੀਰਾ ਸਿੰਘ ਦਿਓਲ, ਤਾਰਾ ਸਿੰਘ ਗਰਚਾ, ਚਰਨਜੀਤ ਢਿੱਲੋਂ ਅਤੇ ਕਈ ਹੋਰ ਸਨ। ਚਾਹ ਪਾਣੀ ਦੀ ਸੇਵਾ ਲਈ ਅਮਰਜੀਤ ਸਿੰਘ ਅਤੇ ਜੋਗਿੰਦਰ ਪੱਡਾ ਨੇ ਵਾਲੰਟੀਅਰ ਤੌਰ ‘ਤੇ ਸੇਵਾ ਨਿਭਾਈ। ਕਿਉਂਕਿ ਸੀਨੀਅਰਜ਼ ਅਕਤੂਬਰ ਦੇ ਸ਼ੁਰੂ ਵਿੱਚ ਹੀ ਇੰਡੀਆ ਜਾਣਾ ਸ਼ੁਰੂ ਕਰ ਦਿੰਦੇ ਹਨ ਇਸ ਲਈ ਐਸੋਸੀਏਸ਼ਨ ਦੀ ਅਗਲੀ ਅਤੇ ਇਸ ਸਾਲ ਦੀ ਆਖਰੀ ਜਨਰਲ ਬਾਡੀ ਮੀਟਿੰਗ ਅਕਤੂਬਰ ਮਹੀਨੇ ਦੇ ਪਹਿਲੇ ਵੀਰਵਾਰ 4 ਤਰੀਕ ਸਵੇਰੇ 10:00 ਵਜੇ ਸੱਨੀਮੀਡੋ ਅਤੇ ਪੀਟਰ-ਰਾਬਰਟਸਨ ਦੇ ਇੰਟਰਸੈਕਸ਼ਨ ਤੇ ਪੀ ਸੀ ਐਚ ਐਸ ਵਾਲੀ ਬਿਲਡਿੰਗ ਵਿੱਚ ਪਹਿਲਾਂ ਵਾਲੀ ਥਾਂ ‘ਤੇ ਹੀ ਹੋਵੇਗੀ। ਐਸੋਸੀਏਸ਼ਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …