Breaking News
Home / ਕੈਨੇਡਾ / ਕੈਨੇਡਾ ਦੇ ਖੋਜੀ ਵਿਦਵਾਨਾਂ ਨੂੰ ਦਿੱਤੀ ਜਾ ਰਹੀ ਹੈ ਬਿਹਤਰ ਵਿੱਤੀ ਮੱਦਦ

ਕੈਨੇਡਾ ਦੇ ਖੋਜੀ ਵਿਦਵਾਨਾਂ ਨੂੰ ਦਿੱਤੀ ਜਾ ਰਹੀ ਹੈ ਬਿਹਤਰ ਵਿੱਤੀ ਮੱਦਦ

ਹੁਣ ਤੱਕ ਦੀ ਇਹ ਸਭ ਤੋਂ ਵਿਭਿੰਨ ਸਹਾਇਤਾ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਸੰਸਾਰ-ਭਰ ਵਿਚ ਵੱਖ-ਵੱਖ ਖ਼ੇਤਰਾਂ ਵਿਚ ਹੋ ਰਹੀਆਂ ਨਵੀਆਂ-ਨਵੀਆਂ ਈਜਾਦਾਂ ਜੋ ਕੈਨੇਡਾ-ਵਾਸੀਆਂ ਦੇ ਜੀਵਨ ਵਿਚ ਹੋਰ ਸੁਧਾਰ ਲਿਆਉਣ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ, ਦਾ ਵਿਗਿਆਨ ਅਤੇ ਖੋਜ ਅਨਿੱਖੜਵਾਂ ਅੰਗ ਹਨ। ਮੈਡੀਕਲ ਖ਼ੇਤਰ ਵਿਚ ਹੋ ਰਹੀ ਨਿੱਤ ਨਵੀਂ ਖੋਜ, ਕੁਆਂਟਮ ਕੰਪਿਊਟਿੰਗ ਟੈਕਨਾਲੋਜੀਆਂ ਅਤੇ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਸਾਡੇ ਬੁੱਧੀਮਾਨ ਵਿਗਿਆਨੀਆਂ ਵੱਲੋਂ ਆਉਣ ਵਾਲੇ ਨਵੇਂ-ਨਵੇਂ ਵਿਚਾਰਾਂ ਤੋਂ ਬਗ਼ੈਰ ਸੰਭਵ ਨਹੀਂ ਹਨ। ਇਸੇ ਲਈ ਕੈਨੇਡਾ ਸਰਕਾਰ ਨੇ ਆਪਣੇ ਖੋਜੀਆਂ ਨੂੰ ਖੋਜ ਵਿਚ ਸਫ਼ਲ ਹੋਣ ਲਈ ਲੋੜੀਂਦੇ ਸਾਧਨ ਮੁਹੱਈਆ ਕਰਾਉਣ ਲਈ ਇਤਿਹਾਸਕ ਵਿੱਤੀ-ਸਹਾਇਤਾ ਦਿੱਤੀ ਹੈ।
ਲੰਘੇ ਦਿਨੀਂ ਸਾਇੰਸ ਤੇ ਸਪੋਰਟਸ ਮਨਿਸਟਰ ਮਾਣਯੋਗ ਕ੍ਰਿਸਟੀ ਡੰਕਨ ਅਤੇ ਵਿੱਤ ਮੰਤਰੀ ਮਾਣਯੋਗ ਬਿਲ ਮੌਰਨਿਊ ਨਵੇਂ ਪੱਖ ਤੋਂ ਸਮਾਨਤਾ, ਵਿਭਿੰਨਤਾ ਅਤੇ ਸ਼ਮੂਲੀਅਤ ਨਾਲ ਜੁੜੇ ਪ੍ਰੋਗਰਾਮ ਦਾ ਐਲਾਨ ਕਰਨ ਅਤੇ ਕੈਨੇਡਾ ਸਰਕਾਰ ਵੱਲੋਂ ਸਾਇੰਸ ਤੇ ਖੋਜ ਦੇ ਖ਼ੇਤਰ ਵਿਚ ਪਿਛਲੇ ਚਾਰ ਸਾਲਾਂ ਵਿਚ ਕੀਤੇ ਗਏ ਇਤਿਹਾਸਕ 12 ਬਿਲੀਅਨ ਡਾਲਰ ਦੇ ਪੂੰਜ-ਨਿਵੇਸ਼ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਰਾਇਰਸਨ ਯੂਨੀਵਰਸਿਟੀ ਵਿਚ ਪਧਾਰੇ ਜਿਸ ਵਿਚ ਹੇਠ ਲਿਖੇ ਪ੍ਰਾਜੈੱਕਟ ਸ਼ਾਮਲ ਹਨ:
ੲ ਸਾਲ 2015 ਤੋਂ ਲੈ ਕੇ ਹੁਣ ਤੀਕ ਕੈਨੇਡਾ ਵਿਚ 420,000 ਖੋਜੀਆਂ ਨੂੰ ਖੋਜ ਲਈ ਵਿੱਤੀ-ਸਹਾਇਤਾ ਦੇਣਾ।
ੲ ਫ਼ੈੱਡਰਲ ਗਰਾਂਟਿੰਗ ਕਾਊਂਸਲਾਂ ਦੀ ਬੇਸ-ਫ਼ੰਡਿੰਗ ਵਿਚ 25 ਫ਼ੀਸਦੀ ਦਾ ਵਾਧਾ ਕਰਨਾ।
ੲ ਹਰ ਸਾਲ 21,000 ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜੀਆਂ ਨੂੰ ਸਿਖਲਾਈ ਦੇ ਮੌਕੇ ਪ੍ਰਦਾਨ ਕਰਨ ਲਈ 4 ਬਿਲੀਅਨ ਡਾਲਰ ਦੀ ਸਹਾਇਤਾ ਕਰਨਾ।
ੲ ਪੋਸਟ-ਸੈਕੰਡਰੀ ਇਨਸਟੀਚਿਊਸ਼ਨਜ਼ ਸਟਰੈਟੇਜਿਕ ਇਨਵੈੱਸਟਮੈਂਟ ਫ਼ੰਡ ਅਧੀਨ ਕੈਨੇਡਾ ਵਿਚ 300 ਫ਼ੈੱਡਰਲ ਸਾਇੰਸ ਐਂਡ ਰੀਸਰਚ ਲੈਬਾਰਟਰੀਆਂ ਦੇ ਨਵੀਨੀਕਰਨ ਲਈ 2 ਬਿਲੀਅਨ ਡਾਲਰ ਦਾ ਨਿਵੇਸ਼ ਕਰਨਾ।
ੲ ਕੈਨੇਡਾ ਫਾਂਊਂਡੇਸ਼ਨ ਫ਼ਾਰ ਆਈਨੋਵੇਸ਼ਨ ਲਈ ਲੰਮੀ ਯੋਜਨਾ ਤਹਿਤ 1.2 ਬਿਲੀਅਨ ਡਾਲਰ ਦੀ ਸਟੇਬਲ-ਫ਼ੰਡਿੰਗ ਦਾ ਪ੍ਰਬੰਧ ਕਰਨਾ ਜਿਸ ਨਾਲ 44,000 ਖੋਜੀ ਆਪਣੀਆਂ ਨਵੀਆਂ ਪ੍ਰਯੋਗਸ਼ਾਲਾਵਾਂ ਸਥਾਪਤ ਕਰਨ ਅਤੇ ਖੋਜ ਲਈ ਸਾਜ਼ੋ-ਸਮਾਨ ਖ਼ਰੀਦ ਸਕਦੇ ਹਨ। ਕ੍ਰਿਸਟੀ ਡੰਕਨ ਨੇ ਆਪਣੇ ਸੰਬੋਧਨ ਵਿਚ ਕੈਨੇਡਾ ਦੇ ਸਾਇੰਸ ਵਿਜ਼ਨ ਅਤੇ ਦੇਸ਼ ਦੀ ਨਵੀਂ ਪੀੜ੍ਹੀ ਦੇ ਵਿਗਿਆਨੀਆਂ ਤੇ ਖੋਜੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਫ਼ੈਸਲੇ ਲੈਣ ਅਤੇ ਸਮਾਨਤਾ, ਵਿਭਿੰਨਤਾ ਅਤੇ ਸ਼ਮੂਲੀਅਤ ਖ਼ੇਤਰਾਂ ਵਿਚ ਖੋਜ ਕਰਨ ਲਈ ਤਿਆਰ ਕਰਨ ਬਾਰੇ ਵਿਸਥਾਰ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਰਾਇਰਸਨ ਯੂਨੀਵਰਸਿਟੀ ਕੈਨੇਡਾ ਦੇ 17 ਪੋਸਟ ਸੈਕੰਡਰੀ ਵਿੱਦਿਅਕ-ਅਦਾਰਿਆਂ ਵਿਚ ਸ਼ਾਮਲ ਹੈ ਜਿਹੜੇ ਸਮਾਨਤਾ, ਵਿਭਿੰਨਤਾ ਅਤੇ ਸ਼ਮੂਲੀਅਤ ਦੇ ਪਾਇਲਟ ਪ੍ਰੋਗਰਾਮ ਵਿਚ ਸ਼ਾਮਲ ਕੀਤੇ ਗਏ ਹਨ। ਇਸ ਸਤੰਬਰ ਮਹੀਨੇ ਤੋਂ ਇਹ ਗਰੁੱਪ ਕੈਨੇਡਾ ਦੇ ਪੋਸਟ-ਸੈਕੰਡਰੀ ਅਦਾਰਿਆਂ ਵਿਚ ਵਿਭਿੰਨਤਾ ਨੂੰ ਕੈਨੇਡਾ ਵਿਚ ਹੋਰ ਵਧਾਉਣ ਲਈ ਕੰਮ ਸ਼ੁਰੂ ਕਰੇਗਾ।
ਮਾਣਯੋਗ ਵਿੱਤ ਮੰਤਰੀ ਬਿਲ ਮੌਰਨਿਊ ਦਾ ਕਹਿਣਾ ਸੀ, ”ਕੈਨੇਡਾ ਦੇ ਵਿਗਿਆਨੀ ਤੇ ਖੋਜੀ ਹਰੇਕ ਦੀ ਬੇਹਤਰੀ ਲਈ ਘਰਾਂ ਨੂੰ ਖ਼ੂਬਸੂਰਤ ਬਨਾਉਣ ਤੋਂ ਲੈ ਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਇਨਸੂਲੀਨ ਅਤੇ ਬਨਾਉਟੀ ਪੇਸ-ਮੇਕਰ ਬਨਾਉਣ ਲਈ ਖੋਜ ਕਰਨ ਵਿਚ ਮੋਹਰੀ ਰਹੇ ਹਨ।
ਸਾਇੰਸ ਤੇ ਖੋਜ ਦੇ ਖ਼ੇਤਰਾਂ ਵਿਚ ਲੱਖਾਂ ਹੀ ਦੇਸ਼-ਵਾਸੀਆਂ ਲਈ ਨੌਕਰੀਆਂ ਪੈਦਾ ਹੋਈਆਂ ਹਨ। ਜਦੋਂ ਅਸੀਂ ਵਿਗਿਆਨ ਲਈ ਨਿਵੇਸ਼ ਕਰਦੇ ਹਾਂ ਤਾਂ ਅਸੀਂ ਸਿਹਤਮੰਦ ਕਮਿਊਨਿਟੀਆਂ, ਨਵੀਆਂ ਨੌਕਰੀਆਂ, ਕੈਨੇਡਾ ਅਤੇ ਵਿਸ਼ਵ ਦੇ ਉੱਜਲੇ ਭਵਿੱਖ ਲਈ ਨਿਵੇਸ਼ ਕਰਦੇ ਹਾਂ।

Check Also

ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਤੇ ਉਨਟਾਰੀਓ ਸਿੱਖ ਐਂਡ ਗੁਰਦਵਾਰਾ ਕੌਂਸਲ ਵਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਵਲੋਂ ਅਤੇ ਪੰਜਾਬੀ ਕਲਮਾਂ …