Breaking News
Home / ਕੈਨੇਡਾ / ਪੀ.ਸੀ.ਐਚ.ਐਸ. ਦੇ ਸੀਨੀਅਰਜ਼ ਗਰੁੱਪਾਂ ਨੇ ਲਗਾਇਆ ‘ਟੋਰਾਂਟੋ ਜ਼ੂ’ ਦਾ ਦਿਲਚਸਪ ਟੂਰ

ਪੀ.ਸੀ.ਐਚ.ਐਸ. ਦੇ ਸੀਨੀਅਰਜ਼ ਗਰੁੱਪਾਂ ਨੇ ਲਗਾਇਆ ‘ਟੋਰਾਂਟੋ ਜ਼ੂ’ ਦਾ ਦਿਲਚਸਪ ਟੂਰ

ਬਰੈਂਪਟਨ/ਡਾ. ਝੰਡ : ਲੰਘੇ ਸੋਮਵਾਰ 9 ਸਤੰਬਰ ਨੂੰ ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ ਦੇ ਸੀਨੀਅਜ਼ ਕਲੱਬਾਂ ਦੇ ਪੰਜ ਗਰੁੱਪਾਂ ਨੇ ਟੋਰਾਂਟੋ ਚਿੜੀਆ-ਘਰ ਦਾ ਸਾਂਝਾ ਟੂਰ ਲਗਾਇਆ। ਇਸ ਦਿਨ ਹੋਰ ਕਈ ਸੀਨੀਅਰਜ਼ ਕਲੱਬਾਂ ਦੇ ਮੈਂਬਰ ਵੀ ਆਏ ਹੋਏ ਸਨ ਜਿਸ ਕਾਰਨ ਉੱਥੇ ਪੂਰਾ ਮੇਲੇ ਵਾਲਾ ਮਾਹੌਲ ਸੀ। ਪੀ.ਸੀ ਐੱਚ.ਐੱਸ. ਦੇ ਸੀਨੀਅਰ ਮੈਂਬਰ 9.30 ਵਜੇ ਇਸ ਦੇ ਹੈੱਡ-ਆਫ਼ਿਸ 50 ਸੰਨੀਮੈਡੋ ਦੀ ਪਾਰਕਿੰਗ ਵਿਚ ਇਕੱਤਰ ਹੋਣੇ ਸ਼ੁਰੂ ਹੋ ਗਏ ਜਿੱਥੋਂ ਦਸ ਕੁ ਵਜੇ ਉਹ ਤਿੰਨ ਸਕੂਲ ਬੱਸਾਂ ਵਿਚ ਟੋਰਾਂਟੋ ਜ਼ੂ ਵੱਲ ਰਵਾਨਾ ਹੋਏ ਅਤੇ ਕੋਆਰਡੀਨੇਟਰਾਂ ਜਗਦੀਸ਼ ਕੌਰ, ਹਰਜੀਤ ਕੌਰ ਅਤੇ ਸ਼ਿਵਾਂਗੀ ਗੌੜ ਦੀ ਅਗਵਾਈ ਵਿਚ ਲੱਗਭੱਗ ਇਕ ਘੰਟੇ ਵਿਚ ਉੱਥੇ ਪਹੁੰਚ ਗਏ।
ਸਮੂਹ ਮੈਂਬਰਾਂ ਨੂੰ ਪੀ.ਸੀ.ਐੱਚ.ਐੱਸ. ਦੇ ਕੋਆਰਡੀਨੇਟਰਾਂ ਵੱਲੋਂ ਖ਼ੁਦ ਪੈਕ ਕੀਤਾ ਹੋਇਆ ਬਰੇਕ-ਫ਼ਾਸਟ ਦਿੱਤਾ ਗਿਆ ਅਤੇ ਫਿਰ ਸਾਰੇ ਵੱਖ-ਵੱਖ ਛੋਟੇ ਗਰੁੱਪਾਂ ਵਿਚ ਜ਼ੂ ਵੇਖਣ ਲਈ ਚੱਲ ਪਏ। ਕੁਝ ਮੈਂਬਰ ਤਾਂ ਪੈਦਲ ਹੀ ਜ਼ੂ ਦੇ ਵੱਖ-ਵੱਖ ਸੈੱਕਸ਼ਨਾਂ ਵੱਲ ਤੁਰ ਪਏ, ਜਦਕਿ ਕਈਆਂ ਨੇ ਵਧੇਰੇ ਬਜ਼ੁਰਗੀ ਦੇ ਕਾਰਨ ਜਾਂ ਫਿਰ ਚੱਲਣ-ਫਿਰਨ ਵਿਚ ਹੋਣ ਵਾਲੀ ਦਿੱਕਤ ਨੂੰ ਮੁੱਖ ਰੱਖਦਿਆਂ ਹੋਇਆਂ ਜ਼ੂ ਦੇ ਬਾਹਰ-ਬਾਹਰ ਸੜਕ ‘ਤੇ ਚੱਲਣ ਵਾਲੀ ‘ਟਾਇਰਾਂ ਵਾਲੀ ਟਰੇਨ’ ਉੱਪਰ ਚੜ੍ਹਨਾ ਵਧੇਰੇ ਮੁਨਾਸਬ ਸਮਝਿਆ। ਜ਼ੂ ਦੇ ਅੰਦਰ ਇੰਡੋ-ਮਲਾਇਆ, ਅਫ਼ਰੀਕਨ ਸਾਵੰਨਾ, ਅਮਰੀਕਨ, ਆਸਟ੍ਰੇਲੇਸ਼ੀਆ ਪਾਵਿਲੀਅਨ, ਟੁੰਡਰਾ ਟਰੇਕ ਅਤੇ ਯੂਰੇਸ਼ੀਆ ਵਾਈਲਡ ਸੈਕਸ਼ਨਾਂ ਵਿਚ ਕੁਦਰਤੀ ਵਾਤਾਵਰਣ ਵਿਚ ਰੱਖੇ ਗਏ ਵੱਖ-ਵੱਖ ਜੰਗਲੀ ਜਾਨਵਰਾਂ, ਪੰਛੀਆਂ, ਮੱਛੀਆਂ, ਕੱਛੂਕੁਮਿਆਂ, ਟਰਟਲਾਂ, ਸੱਪਾਂ ਅਤੇ ਕਈ ਹੋਰ ਜੀਵਾਂ ਨੇ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਬਹੁਤਿਆਂ ਨੇ ਤਾਂ ਇਨ੍ਹਾਂ ਵਿੱਚੋਂ ਕਈ ਜਾਨਵਰ ਤੇ ਪੰਛੀ ਪਹਿਲੀ ਵਾਰ ਵੇਖੇ ਸਨ। ਸੇ ਚੀਤਿਆਂ, ਗੋਰੀਲਿਆਂ, ਗੈਂਡਿਆਂ, ਜਿਰਾਫ਼ਾਂ, ਕੰਗਾਰੂਆਂ, ਦੋ ਬੰਂਨ੍ਹਾਂ ਵਾਲੇ ਊਠਾਂ ਅਤੇ ਹੋਰ ਕਈ ਜਾਨਵਰਾਂ ਨੂੰ ਧੁੱਪ ਵਿਚ ਲੇਟਿਆਂ ਅਤੇ ਕਈਆਂ ਨੂੰ ਮਸਤੀ ਵਿਚ ਤੁਰਦੇ-ਫਿਰਦੇ ਵੇਖਦਿਆਂ ਸਾਰਿਆਂ ਨੂੰ ਬਹੁਤ ਵਧੀਆ ਲੱਗ ਰਿਹਾ ਸੀ। ਟਪੂਸੀਆਂ ਮਾਰਦੇ ਬਾਂਦਰ ਅਤੇ ਚੈਂਮਪੈਂਜ਼ੀ ਦਰਸ਼ਕਾਂ ਦਾ ਧਿਆਨ ਬਦੋਬਦੀ ਆਪਣੇ ਵੱਲ ਖਿੱਚ ਰਹੇ ਸਨ।
ਦੁਪਹਿਰ ਦੇ ਦੋ ਵਜੇ ਦੇ ਕਰੀਬ ਸਾਰੇ ਮੈਂਬਰਾਂ ਟਿਮ ਹੌਰਟਿਨ ਦੇ ਸਾਹਮਣੇ ਇਕੱਠੇ ਹੋਣ ਲਈ ਕਿਹਾ ਗਿਆ ਸੀ ਜਿਸ ਦੀ ਪਾਲਣਾ ਕਰਦੇ ਹੋਏ ਉਹ ਕੁਝ ਮਿੰਟਾਂ ਦੀ ਅਗੇਤ-ਪਛੇਤ ਨਾਲ ਉੱਥੇ ਪਹੁੰਚ ਗਏ। ਸਾਰਿਆਂ ਨੂੰ ਗਰਮ-ਗਰਮ ਪੀਜ਼ੇ ਦੇ ਸਲਾਈਸ ਸਰਵ ਕੀਤੇ ਗਏ ਅਤੇ ਨਾਲ ਲਿਆਂਦੇ ਹੋਏ ਕੋਲਡ-ਡਰਿੰਕਸ ਨਾਲ ਇਨ੍ਹਾਂ ਨੂੰ ਗਲ਼ੇ ਤੋਂ ਹੇਠਾਂ ਕਰਦਿਆਂ ਦੁਪਹਿਰ ਦਾ ਵਧੀਆ ਭੋਜਨ ਬਣਾਇਆ ਗਿਆ। ਉੱਥੋਂ ਹੀ ਟਿਮ ਹੌਰਟਿਨ ਤੋਂ ਕਾਫ਼ੀ ਵਗ਼ੈਰਾ ਲੈ ਕੇ ਮੁੜ ਤਰ-ਤਾਜ਼ਾ ਹੋ ਕੇ ਫਿਰ ਜ਼ੂ ਵੱਲ ਚੱਲ ਪਏ। ਸਾਡੇ ਵਾਲਾ ਗਰੁੱਪ ਜੋ ਪਹਿਲਾਂ ਪੈਦਲ ਚੱਲ ਕੇ ਜ਼ੂ ਦੇ ਅੰਦਰਲੇ ਨਜ਼ਾਰੇ ਲੈ ਚੁੱਕਾ ਸੀ, ਦੇ ਮੈਂਬਰਾਂ ਨੇ ‘ਟਰੇਨ’ ਦੇ ਝੂਟੇ ਲੈਣ ਅਤੇ ਜ਼ੂ ਦੇ ਬਾਹਰ ਵਾਲਾ ਨਜ਼ਾਰਾ ਵੇਖਣ ਦਾ ਮਨ ਬਣਾਇਆ। ਏਨੇ ਨੂੰ ਉੱਥੇ ਲੱਗੀਆਂ ਲੋਕਾਂ ਦੀਆਂ ਲੰਮੀਆਂ ਲਾਈਨਾਂ ਵੀ ਲੱਗਭੱਗ ਖ਼ਤਮ ਹੋ ਚੁੱਕੀਆਂ ਸਨ। ਗਰੁੱਪ ਦੇ ਮੈਂਬਰ ਬੜੇ ਆਰਾਮ ਨਾਲ ਟਰੇਨ ਵਿਚ ਸਵਾਰ ਹੋ ਕੇ ਜ਼ੂ ਦੇ ਬਾਹਰਵਾਰ ਵਾਲਾ ਮੰਜ਼ਰ ਤੱਕ ਰਹੇ ਸਨ। ਚਾਰੇ ਪਾਸੇ ਹਰੇ ਕਚੂਰ ਭਾਂਤ-ਭਾਤ ਦੇ ਰੁੱਖ ਆਪਣੀ ਹੀ ਖ਼ੂਬਸੂਰਤ ਦਿੱਖ ਪੇਸ਼ ਕਰ ਰਹੇ ਸਨ ਅਤੇ ਉਨ੍ਹਾਂ ਵਿਚ ਬਣੀਆਂ ਖ਼ਾਸ ਥਾਵਾਂ ‘ਤੇ ਤੁਰਦੇ ਫਿਰਦੇ ਜਾਨਵਰ ਊਠ, ਘੋੜੇ, ਖੱਚਰ, ਜਿਰਾਫ਼ ਅਤੇ ਹੋਰ ਜਾਨਵਰ ਹੋਰ ਵੀ ਵਧੀਆ ਲੱਗ ਰਹੇ ਸਨ।
ਟਰੇਨ ਦੇ ਰਸਤੇ ਵਿਚ ਤਿੰਨ ਕੁ ਥਾਵਾਂ ‘ਤੇ ਪੜਾਅ ਸਨ ਜਿੱਥੇ ਲਾਈਨਾਂ ਵਿਚ ਲੱਗੇ ਹੋਏ ਲੋਕ ਆਉਣ ਵਾਲੀ ਟਰੇਨ ਦੀ ਉਡੀਕ ਕਰ ਰਹੇ ਸਨ। ਸਾਡੀ ਵਾਲੀ ਟਰੇਨ ਲੱਗਭੱਗ ਹੋਈ ਭਰੀ ਹੋਣ ਕਾਰਨ ਇਸ ਵਿਚ ਥੋੜ੍ਹੇ ਹੀ ਹੋਰ ਸਵਾਰ ਹੋ ਸਕੇ। ਦਰਅਸਲ, ਇਸ ਦਿਨ 9 ਸਤੰਬਰ ਨੂੰ ਸੀਨੀਅਰਾਂ ਲਈ ਇਸ ਜ਼ੂ ਦੀ ਫੇਰੀ ਦਾ ‘ਫ਼ਰੀ’ ਹੋਣਾ ਉਨ੍ਹਾਂ ਦੇ ਇੱਥੇ ਵੱਡੀ ਗਿਣਤੀ ਵਿਚ ਪਹੁੰਚਣ ਦਾ ਮੁੱਖ ਕਾਰਨ ਸੀ। ਬਹੁਤ ਸਾਰੀਆਂ ਸੀਨੀਅਜ਼ ਕਲੱਬਾਂ ਦੇ ਮੈਂਬਰ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ। ਸ਼ਾਮ ਦੇ ਲੱਗਭੱਗ ਛੇ ਵਜੇ ਸਕੂਲ ਦੀਆਂ ਬੱਸਾਂ ਜ਼ੂ ਦੇ ਬਾਹਰ ਪਾਰਕਿੰਗ ਵਿਚ ਪਹੁੰਚੀਆਂ ਅਤੇ ਉਨ੍ਹਾਂ ਵਿਚ ਸਵਾਰ ਹੋ ਕੇ ਵਾਪਸ ਸਾਢੇ ਸੱਤ ਵਜੇ ਵਾਪਸ ਬਰੈਂਪਟਨ ਪਹੁੰਚੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …