ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਕਮਿਊਨਿਟੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਰਾਸ਼ਟਰੀ-ਪੱਧਰ ਦੀ ਸੰਸਥਾ ‘ਫ਼ਰੇਜ਼ਰ ਇੰਸਟੀਚਿਊਟ’ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਬਰੈਂਪਟਨ ਵਿਚ ਪਿਛਲੇ ਸਵਾ ਦੋ ਸਾਲ ਤੋਂ ਚੱਲ ਰਿਹਾ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਓਨਟਾਰੀਓ ਦੇ 3064 ਸਕੂਲਾਂ ਵਿੱਚੋਂ ਪਹਿਲੇ ਨੰਬਰ ‘ਤੇ ਆਇਆ ਹੈ। ਓਨਟਾਰੀਓ ਦੇ ਕੁਝ ਹੋਰ ਸਕੂਲ ਵੀ 10/10 ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਕਰਵਾਇਆ ਗਿਆ ਇਹ ਸਰਵੇਖਣ ਵੱਖ-ਵੱਖ ਸਕੂਲਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਦੇ ਆਧਾਰਿਤ ਹੈ। ਏਨੇ ਥੋੜ੍ਹੇ ਸਮੇਂ ਵਿਚ ਸਕੂਲ ਦੀ ਇਸ ਮਹਾਨ ਪ੍ਰਾਪਤੀ ਬਾਰੇ ਗੱਲਬਾਤ ਕਰਦਿਆਂ ਪ੍ਰਿੰ. ਸੰਜੀਵ ਧਵਨ ਨੇ ਕਿਹਾ ਕਿ ਇਹ ਸਕੂਲ ਦੇ ਮਿਹਨਤੀ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਮਿਲ ਰਹੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਕਿੰਡਰਗਾਰਟਨ ਤੋਂ ਗਰੇਡ-12 ਤੱਕ ਵਿੱਦਿਆ ਦਾ ਚਾਨਣ ਪਸਾਰ ਰਹੇ ਇਸ ਸਕੂਲ ਵਿਚ ਐਲੀਮੈਂਟਰੀ ਪੱਧਰ ਤੱਕ 120 ਵਿਦਿਆਰਥੀ ਹਨ ਅਤੇ ਅਧਿਆਪਕਾਂ ਵੱਲੋਂ ਉਨ੍ਹਾਂ ਵੱਲ ਨਿੱਜੀ ਤੌਰ ‘ਤੇ ਧਿਆਨ ਦਿੱਤਾ ਜਾਂਦਾ ਹੈ। ਸਕੂਲ ਵਿਚ ਮੈਥ ਸਬਜੈਕਟ ਲਈ ਗਰੇਡ-8 ਤੱਕ ਕੈਲਕੂਲੇਟਰ ਵਰਤਣ ਦੀ ਸਖ਼ਤ ਮਨਾਹੀ ਹੈ ਅਤੇ ਹਰੇਕ ਕੈਲਕੂਲੇਸ਼ਨ ਵਿਦਿਆਰਥੀ ਆਪਣੇ ਦਿਮਾਗ਼ ਵਿਚ ਹੀ ਕਰਦੇ ਹਨ। ਇਸ ਦੇ ਨਾਲ ਉਨ੍ਹਾਂ ਦੀ ਸੋਚਣ-ਸ਼ਕਤੀ ਵਿਚ ਵਾਧਾ ਹੁੰਦਾ ਹੈ। ਕੈਲਕੂਲੇਟਰਾਂ ਦੀ ਵਰਤੋਂ ਉਹ ਗਰੇਡ-8 ਤੋਂ ਬਾਅਦ ਹੀ ਕਰ ਸਕਦੇ ਹਨ। ਤਿੰਨ ਅਧਿਆਪਕ ਸਕੂਲ ਦੀਆਂ ਮੈਥ-ਕਲਾਸਾਂ ਨੂੰ ਤਿੰਨਾਂ ਭਾਗਾਂ ਵਿਚ ਵੰਡਦੇ ਹਨ। ਪਹਿਲਾ ਅਧਿਆਪਕ ਗੁਣਾਂ ਦੇ ਪਹਾੜਿਆਂ ‘ਤੇ ਜ਼ੋਰ ਦਿੰਦਾ ਹੈ, ਦੂਸਰਾ ਹਿਸਾਬ ਦੀਆਂ ਵੱਖ-ਵੱਖ ਧਾਰਨਾਵਾਂ (ਕਨਸੈੱਪਟਸ) ਨੂੰ ਸੁਖਾਲਾ ਕਰਨ ਲਈ ‘ਜੰਪ ਮੈਥ ਸਟਰੈਟਿਜੀ’ ਅਪਨਾਉਂਦਾ ਹੈ ਅਤੇ ਤੀਸਰਾ ਇਸ ਵਿਸ਼ੇ ਦੇ ਕੰਪਲੈਕਸ ਝਮੇਲਿਆਂ ਨੂੰ ਸੁਲਝਾਉਂਦਾ ਹੈ। ਇੱਥੇ ਪੰਜਾਬੀ, ਹਿੰਦੀ ਤੇ ਤਾਮਿਲ ਭਾਸ਼ਾਵਾਂ ਵੀ ਸਿਖਾਈਆਂ ਜਾਂਦੀਆਂ ਹਨ। ਇੰਜ ਹੀ, ਸਕੂਲ ਵਿਚ ਸੰਗੀਤ, ਸ਼ਬਦ-ਕੀਰਤਨ, ਕਲਾਸੀਕਲ ਤੇ ਵੈੱਸਟਰਨ ਡਾਂਸ, ਗਿੱਧਾ, ਭੰਗੜਾ ਆਦਿ ਸਿਖਾਉਣ ਦਾ ਵੀ ਯੋਗ ਪ੍ਰਬੰਧ ਹੈ।
ਪ੍ਰਿੰ.ਧਵਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਕੂਲ ਦੀ ਇਸ ਪ੍ਰਾਪਤੀ ਲਈ ਉਸ ਮਾਲਕ-ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਕੂਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਗੁਰਦੁਆਰਾ ਸਾਹਿਬ ਡਿਕਸੀ ਵਿਖੇ 21 ਦਸੰਬਰ ਨੂੰ ਆਰੰਭ ਕਰਾਇਆ ਜਾ ਰਿਹਾ ਹੈ ਜਿਸ ਦਾ ਭੋਗ 23 ਦਸੰਬਰ ਨੂੰ ਸਵੇਰੇ 10.00 ਵਜੇ ਪਵੇਗਾ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਮੂਹ-ਸੰਗਤ ਨੂੰ ਇਸ ਮੌਕੇ ਦਰਸ਼ਨ ਦੇਣ ਲਈ ਬੇਨਤੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਦੀ ਮੈਨੇਜਮੈਂਟ ਵੱਲੋਂ ਦੂਸਰਾ ਸਕੂਲ 21 ਕੋਵੈਂਟਰੀ ਰੋਡ ਵਿਖੇ ਅਪ੍ਰੈਲ 2018 ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਏਅਰਪੋਰਟ ਰੋਡ ਅਤੇ ਕੁਈਨਜ਼ ਰੋਡ ਦੇ ਮੇਨ-ਇੰਟਰਸੈੱਕਸ਼ਨ ਦੇ ਬਿਲਕੁਲ ਨਜ਼ਦੀਕ ਹੈ।
Home / ਕੈਨੇਡਾ / ‘ਫ਼ਰੇਜ਼ਰ ਰਿਪੋਰਟ ਕਾਰਡ’ ਅਨੁਸਾਰ ਓਨਟਾਰੀਓ ਦੇ 3064 ਸਕੂਲਾਂ ਵਿੱਚੋਂ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ 10/10 ਅੰਕ ਲੈ ਕੇ ਪਹਿਲੇ ਨੰਬਰ ‘ਤੇ
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …