ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ ਪੀਪਲ ਵੌਇਸ ਫੋਰਮ ਵਲੋਂ ਸੰਸਾਰ ਵਿੱਚ ਵਧਦੇ ਜਾ ਰਹੇ ਜੰਗ ਦੇ ਖਤਰਿਆਂ ਨੂੰ ਮੁੱਖ ਰੱਖ ਕੇ ਜਨਤਕ ਸ਼ਾਂਤੀ ਐਕਸ਼ਨ ਦੀ ਲੋੜ ਸਮਝਦਿਆਂ ਇਕ ਮੀਟਿੰਗ ਫੋਰਟੀਨੋ ਪਲਾਜੇ ਵਿੱਚ ਕੀਤੀ ਗਈ। ਇਸ ਮੀਟਿੰਗ ਨੂੰ ਕੈਨੇਡੀਅਨ ਪੀਸ ਕਾਂਗਰਸ ਦੇ ਐਕਟਿੰਗ ਪਰੈਜ਼ੀਡੈਂਟ ਅਤੇ ਕਮਿਊਨਿਸਟ ਪਾਰਟੀ ਕੈਨੇਡਾ ਦੇ ਸਾਬਕਾ ਲੀਡਰ ਕਾ: ਮੀਗੱਲ ਫਿਗਰੋਰਾ ਨੇ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਖਰਾਬ ਮੌਸਮ ਦੇ ਬਾਵਜੂਦ ਅਤੇ ਵੀਕਐਂਡ ਦੇ ਰੁਝੇਵਿਆਂ ਨੂੰ ਛੱਡ ਕੇ ਕਾਫੀ ਗਿਣਤੀ ਵਿੱਚ ਸੁਹਿਰਦ ਅਤੇ ਸ਼ਾਂਤੀ-ਪ੍ਰਿਆ ਲੋਕ ਹਾਜ਼ਰ ਹੋਏ।
ਕਾ: ਮੀਗੱਲ ਜਿਸ ਨੇ ਪਿੱਛੇ ਜਿਹੇ ਡੈਮੋਕਰੈਟਿਕ ਪੀਪਲਜ਼ ਰਿਪਬਲਕ ਆਫ ਕੋਰੀਆ ਅਤੇ ਦਮਸ਼ਕਸ਼ ( ਸੀਰੀਆ ) ਦਾ ਦੌਰਾ ਕੀਤਾ ਸੀ ਨੇ ਉੱਥੇ ਵਾਪਰ ਰਹੀਆਂ ਘਟਨਾਵਾਂ ਬਾਰੇ ਵਿਸਥਾਰ ਪੂਰਵਕ ਦੱਸਿਆ। ਮਨੁੱਖੀ ਅਧਿਕਾਰਾਂ ਤੋਂ ਗੱਲਬਾਤ ਸ਼ੁਰੂ ਕਰਦੇ ਹੋਏ ਉਸ ਨੇ ਕਿਹਾ ਕਿ ਜ਼ਿੰਦਗੀ ਜਿਊਣਾ ਅਤੇ ਸ਼ਾਂਤੀ ਨਾਲ ਜਿਊਣਾ ਮਨੁੱਖਤਾ ਦੇ ਸਭ ਤੋਂ ਵੱਡੇ ਜਮਹੂਰੀ ਅਧਿਕਾਰ ਹਨ ਪਰ ਜੰਗ ਇਹ ਦੋਨੋ ਅਧਿਕਾਰ ਮਨੁੱਖ ਤੋਂ ਖੋਹ ਲੈਂਦੀ ਹੈ। ਉਸ ਨੇ ਪਿੱਛੇ ਜਿਹੇ ਪ੍ਰੈਜੀਡੈਂਟ ਟਰੰਪ ਵਲੋਂ ਯੂ ਐਸ ਅੰਬੈਸੀ ਨੂੰ ਤਲਅਵੀਵ ਤੋਂ ਯੂਰੋਸ਼ਲਮ ਤਬਦੀਲ ਕਰਨ ਦੇ ਪ੍ਰਭਾਵ ਬਾਰੇ ਕਿਹਾ ਕਿ ਇਸ ਨਾਲ ਉਸ ਨੇ ਬਲਦੀ ‘ਤੇ ਤੇਲ ਪਾ ਕੇ ਸੰਸਾਰ ਭਰ ਵਿੱਚ ਸ਼ਾਂਤੀ ਪਸੰਦ ਲੋਕਾਂ ਵਿੱਚ ਡਰ ਅਤੇ ਸਹਿਮ ਪੈਦਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਦੁਖਦਾਈ ਸਮੱਸਿਆ ਨੂੰ ਸ਼ਾਂਤੀ ਪੂਰਵਕ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦੇ ਯਤਨਾਂ ਨੂੰ ਢਾਹ ਲੱਗੀ ਹੈ। ਉਸ ਨੇ ਸ਼ਕਤੀਸ਼ਾਲੀ ਸਾਮਰਾਜੀ ਮੀਡੀਆ ਜਿਵੇਂ ਕਿ ਬੀ ਬੀ ਸੀ, ਸੀ ਐਨ ਐਨ ਅਤੇ ਅਲ-ਜ਼ਜ਼ੀਰਾ ਦੇ ਰੋਲ ਬਾਰੇ ਦੱਸਦਿਆਂ ਇਕੱਠ ਦੇ ਧਿਆਨ ਉਹਨਾਂ ਦੁਆਰਾ ਇੱਕਤਰਫਾ ਸੀਰੀਆ ਅਤੇ ਕੋਰੀਆ ਨੂੰ ਭੰਡਨ ਦੀ ਗੱਲ ਲਿਆਂਦੀ। ਮੀਗੱਲ ਨੇ ਇਹ ਗੱਲ ਸ਼ਪਸ਼ਟ ਕੀਤੀ ਕਿ ਉਹ ਅਤੇ ਉਸਦੀ ਪੀਸ ਕਾਂਗਰਸ ਪ੍ਰਮਾਣੂ ਹਥਿਆਰਾ ਦੇ ਅੰਬਾਰ ਲਾਉਣ ਦੇ ਉਲਟ ਹੈ ਅਤੇ ਉੱਤਰੀ ਕੋਰੀਆ ਦਾ ਪ੍ਰਮਾਣੂ ਪ੍ਰੋਗਰਾਮ ਅਮਰੀਕਾ ਦੀਆਂ ਧਮਕੀਆਂ ਅਤੇ ਉਸ ਉੱਪਰ ਲਾਈਆਂ ਪਾਬੰਦੀਆਂ ਦਾ ਸਿੱਟਾ ਹੈ।
ਮੀਗੱਲ ਨੇ ਇਸ ਗੱਲ ਦੀ ਚੇਤਾਵਨੀ ਦਿੱਤੀ ਕਿ ਜੇ ਅਮਰੀਕਾ ਨੇ ਕੋਰੀਆ ਉੱਤੇ ਹਮਲਾ ਕੀਤਾ ਤਾਂ ਸੰਸਾਰ ਜੰਗ ਵੱਡੇ ਪੱਧਰ ਤੇ ਛਿੜ ਸਕਦੀ ਹੈ। ਤੇਜੀ ਨਾਲ ਸੁਪਰ ਪਾਵਰ ਬਣਨ ਵੱਲ ਵਧ ਰਿਹਾ ਚੀਨ ਇਸ ਖਿੱਤੇ ਵਿੱਚ ਅਜਿਹੀ ਕੋਸ਼ਿਸ਼ ਨਹੀਂ ਹੋਣ ਦੇਵੇਗਾ। ਕਾ: ਮੀਗੱਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਗੱਲ ਵੀ ਕਹੀ ਕਿ ਸਟੀਫਨ ਹਾਰਪਰ ਦੀ ਹਾਰ ਤੋਂ ਬਾਦ ਲੋਕਾਂ ਨੂੰ ਉਮੀਦ ਸੀ ਕਿ ਟਰੂਡੋ ਦੀ ਲਿਬਰਲ ਸਰਕਾਰ ਦੇਸ਼ ਅੰਦਰ ਲੋਕਾਂ ਦੇ ਵਧੀਆਂ ਜੀਵਨ ਅਤੇ ਬਾਹਰ ਅਮਨ ਸ਼ਾਂਤੀ ਲਈ ਕੰਮ ਕਰੇਗੀ। ਪਰ ਟਰੰਪ ਦੇ ਯੂਰੋਸ਼ਲਮ ਦੇ ਬਿਆਨ ਬਾਅਦ ਟਰੂਡੋ ਦਾ ਚੁੱਪ ਰਹਿਣਾ ਅਮਰੀਕਾ ਦੇ ਦਬਾਅ ਅਧੀਨ ਹੋਣਾ ਹੈ ਜਦੋਂ ਕਿ ਅਮਰੀਕਾ ਦੇ ਯੂਰਪ ਵਿਚਲੇ ਭਾਈਵਾਲਾਂ ਨੇ ਇਸ ਵਿਰੁੱਧ ਆਵਾਜ਼ ਉਠਾਈ ਹੈ ਭਾਵੇਂ ਦੱਬੀ ਆਵਾਜ ਵਿੱਚ ਹੀ ਉਠਾਈ ਹੈ। ਇਸ ਸਾਰੀ ਗੱਲਬਾਤ ਤੋਂ ਬਾਅਦ ਸਵਾਲ-ਜਵਾਬ ਦਾ ਸਿਲਸਿਲਾ ਚੱਲਿਆ ਅਤੇ ਕਾਮਰੇਡ ਮਿਗੱਲ ਨੇ ਉਠਾਏ ਸਵਾਲਾਂ ਦੇ ਜਵਾਬ ਦਿੱਤੇ। ਕਾਰਵਾਈ ਨੂੰ ਚਲਾਉਂਦਿਆਂ ਬਲਜੀਤ ਬੈਂਸ ਨੇ ਵੀ ਕੁੱਝ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ ਅਤੇ ਹਰਿੰਦਰ ਹੁੰਦਲ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਭ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਨਿਪਾਲ ਵਿੱਚ ਖੱਬੀਆਂ ਪਾਰਟੀਆਂ ਦੀ ਹੋਈ ਤਾਜ਼ਾ ਜਿੱਤ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇਸ ਨੂੰ ਇੱਕ ਸ਼ੁਭ ਸੰਕੇਤ ਦੱਸਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …