Breaking News
Home / ਕੈਨੇਡਾ / ਏਅਰਪੋਰਟ ਰੱਨਰਜ਼ ਕਲੱਬ ਦੇ ਕ੍ਰਿਸਮਸ ਅਤੇ ਨਵਾਂ ਸਾਲ ਪ੍ਰੋਗਰਾਮ ਵਿਚ ਲੱਗੀਆਂ ਰੌਣਕਾਂ

ਏਅਰਪੋਰਟ ਰੱਨਰਜ਼ ਕਲੱਬ ਦੇ ਕ੍ਰਿਸਮਸ ਅਤੇ ਨਵਾਂ ਸਾਲ ਪ੍ਰੋਗਰਾਮ ਵਿਚ ਲੱਗੀਆਂ ਰੌਣਕਾਂ

ਬਰੈਂਪਟਨ/ਬਿਊਰੋ ਨਿਊਜ਼ : ਇਸ ਵੀਕ ਐਂਡ ਤੇ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਵਲੋਂ ਬਰੈਮਲੀ ਰੋਡ ‘ਤੇ ਗਰੇਟਰ ਟੋਰਾਂਟੋ ਮਾਰਗੇਜ਼ ਦੇ ਦਫਤਰ ਵਿੱਚ ਕ੍ਰਿਸਮਸ ਅਤੇ ਨਵਾਂ ਸਾਲ ਦੇ ਸਬੰਧ ਵਿੱਚ ਪ੍ਰੋਗਰਾਮ ਕੀਤਾ ਗਿਆ। ਟੈਕਸੀ ਸਰਵਿਸ ਦੇ ਮੁਸ਼ੱਕਤ ਭਰੇ ਅਤੇ ਅਕਾਊ ਕੰਮ ਕਰਨ ਵਾਲੇ ਇਸ ਕਲੱਬ ਦੇ ਮੈਂਬਰ  ਆਪਣੇ ਰੁਝੇਵਿਆਂ ਭਰੇ ਕੰਮ ਤੋਂ ਵਿਹਲ ਕੱਢ ਕੇ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਅਕਸਰ ਹੀ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਰਹਿੰਦੇ ਹਨ। ਸਰੀਰਕ ਸਿਹਤ ਲਈ ਉਹ ਸੀ ਐਨ ਟਾਵਰ ਤੇ ਪੌੜੀਆਂ ਰਾਹੀਂ ਚੜ੍ਹਨਾ, ਸਕੋਸੀਆਂ ਬੈਂਕ, ਵਾਟਰ ਫਰੰਟ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਟੋਰਾਂਟੋ ਪੀਅਰਸਨ ਰਨ-ਵੇਅ ਰਨ ਮੈਰਾਥਨ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈਂਦੇ ਹਨ। ਮਾਨਸਿਕ ਸਿਹਤ ਲਈ ਪਰਿਵਾਰਕ ਪਿਕਨਿਕਾਂ, ਸਾਂਝੇ ਤੌਰ ‘ਤੇ ਲੰਚ ਜਾਂ ਡਿੱਨਰ ਅਕਸਰ ਕਰਦੇ ਰਹਿੰਦੇ ਹਨ ਜਿੱਥੇ ਆਪਸੀ ਵਿਚਾਰ ਵਟਾਂਦਰਾ, ਹਾਸਾ ਠੱਠਾ ਅਤੇ ਗੀਤ ਸੰਗੀਤ ਨਾਲ ਆਪਣੀ ਮਾਨਸਿਕ ਤ੍ਰਿਪਤੀ ਕਰਦੇ ਹਨ। ਇਸੇ ਲੜੀ ਅਧੀਨ ਕ੍ਰਿਸਮਸ ਅਤੇ ਨਵਾਂ ਸਾਲ ਪ੍ਰੋਗਰਾਮ ਵਿੱਚ ਰੱਨਰਜ਼ ਕਲੱਬ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਪ੍ਰੋਗਰਾਮ  ਵਿੱਚ ਖਾਣ-ਪੀਣ ਦਾ ਆਨੰਦ ਲੈਣ ਦੇ ਨਾਲ ਆਪਸੀ ਵਿਚਾਰ ਸਾਂਝੇ ਕਰਨ ਅਤੇ ਕਲੱਬ ਨੂੰ ਹੋਰ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਬਹੁਤ ਹੀ ਵਧੀਆ ਸੁਝਾਂਅ ਪੇਸ਼ ਕੀਤੇ ਗਏ।

ਜੈਪਾਲ ਸਿੱਧੂ ਨੇ ਕਲੱਬ ਦੇ ਫੰਡ ਬਾਰੇ ਰਿਪੋਰਟ, ਪਰਮਿੰਦਰ ਗਿੱਲ ਨੇ ਵਧੀਆ ਕਾਰਗੁਜ਼ਾਰੀ ਲਈ ਸੁਝਾਅ ਅਤੇ ਹਾਈ ਲੈਂਡ ਆਟੋ ਦੇ ਗੈਰੀ ਗਰੇਵਾਲ ਨੇ ਬਹੁਤ ਹੀ ਕੀਮਤੀ ਸੁਝਾਵਾਂ ਦੇ ਨਾਲ ਹੀ ਕਲੱਬ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਡਿੱਨਰ ਤੋਂ ਬਾਅਦ ਜੰਮੀ ਮਹਿਫਲ ਵਿੱਚ ਉਸਾਰੂ ਗੱਲਬਾਤ ਅਤੇ ਕਵਿਤਾਵਾਂ ਦਾ ਦੌਰ ਚੱਲਿਆ ਜਿਸ ਨਾਲ ਪ੍ਰੋਗਰਾਮ ਦਾ ਰੰਗ ਦੂਣ-ਸਵਾਇਆ ਹੋ ਗਿਆ। ਇਸ ਦੌਰ ਵਿੱਚ ਹਰਜੀਤ ਬੇਦੀ ਨੇ ਖਾਸ ਤੌਰ ਤੇ ਕਵਿਤਾਵਾਂ ਅਤੇ ਭਾਅ ਜੀ ਗੁਰਸ਼ਰਨ ਸਿੰਘ ਦੇ ਨਾਟਕ, ” ਚਾਂਦਨੀ ਚੌਕ ਤੋਂ ਸਰਹੰਦ ਤੱਕ” ਦੇ ਕੁੱਝ ਅੰਸ਼ ਨਾਟਕੀ ਰੂਪ ਵਿੱਚ ਪੇਸ਼ ਕੀਤੇ। ਇਸ ਰੌਣਕਾਂ ਭਰਪੂਰ ਪ੍ਰੋਗਰਾਮ ਵਿੱਚ ਮਲੂਕ ਸਿੰਘ ਕਾਹਲੋਂ ਅਦਾਰਾ ਸਿੱਖ ਸਪੋਕਸਮੈਨ, ਰਮੇਸ਼ ਤਾਂਗੜੀ ਅਤੇ ਨੀਨਾ ਤਾਂਗੜੀ, ਮਿਸੀਸਾਗਾ ਮੋਟਰਜ਼ ਦੇ ਰਾਜ ਬੜੈਚ, ਜੀਤ ਆਟੋ ਦੇ ਗੁਰਜੀਤ ਲੋਟੇ, ਬੀ ਬੀ ਆਟੋ ਦੇ ਲਖਬੀਰ ਬੜੈਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸੰਧੁਰਾ ਬਰਾੜ ਨੇ ਹਮੇਸ਼ਾਂ ਵਾਂਗ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਪਣੇ ਸਾਥੀਆਂ ਧਿਆਨ ਸਿੰਘ ਸੋਹਲ, ਜਗਤਾਰ ਗਰੇਵਾਲ, ਗੁਰਮੇਜ ਰਾਏ, ਰਾਕੇਸ਼ ਸ਼ਰਮਾ, ਜਸਵੀਰ ਪਾਸੀ, ਮਹਿੰਦਰ ਘੁੰਮਣ ਅਤੇ ਦੇਵਿੰਦਰ ਅਟਵਾਲ ਨਾਲ ਮਿਲ ਕੇ ਪੂਰੇ ਚਾਅ ਅਤੇ ਸਿਦਕ-ਦਿਲੀ ਨਾਲ ਡਿਊਟੀ ਨਿਭਾਈ। ਅੰਤ ਵਿੱਚ ਪ੍ਰਬੰਧਕਾਂ ਵਲੋਂ ਰੱਨਰਜ਼ ਕਲੱਬ ਦੇ ਪਰਿਵਾਰ ਦੇ ਵਾਧੇ ਲਈ ਹੋਰ ਨਵੇਂ ਮੈਂਬਰ ਬਣਾਉਣ ਅਤੇ ਪੁਰਾਣੇ ਮੈਂਬਰਾਂ ਨੂੰ ਨਵੇਂ ਸਾਲ ਦੀ ਮੈਂਬਰਸ਼ਿੱਪ ਨਵਿਆਉਣ ਦੀ ਬੇਨਤੀ ਕੀਤੀ ਗਈ। ਕਲੱਬ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੰਧੂਰਾ ਬਰਾੜ 416-275-9337 ਜਾਂ ਪਰਮਿੰਦਰ ਗਿੱਲ 416-829-1035 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …