ਬਰੈਂਪਟਨ/ਡਾ. ਝੰਡ
ਬਰੈਂਪਟਨ ਦੇ ਧੁਰ ਪੱਛਮੀ ਸਿਰੇ ‘ਤੇ ਸਥਿਤ ਮੈਕਲਿਓਰ ਸੀਨੀਅਰਜ਼ ਕਲੱਬ ਨੇ ਗਿਆਨ ਸਿੰਘ ਸੰਧੂ ਅਤੇ ਸੁਰਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਲੰਘੇ 6 ਸਤੰਬਰ ਨੂੰ ‘ਲੇਬਰ ਡੇਅ’ ਸ਼ਾਨੋ-ਸ਼ੌਕਤ ਨਾਲ ਮਨਾਇਆ। ਸਮਾਗ਼ਮ ਵਿਚ ਬਰੈਂਪਟਨ ਪੱਛਮੀ ਦੀ ਮੌਜੂਦਾ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਜੋ 20 ਸਤੰਬਰ ਨੂੰ ਹੋਣ ਵਾਲੀ ਪਾਰਲੀਮੈਂਟ ਚੋਣ ਵਿਚ ਮੁੜ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਕਿਸਮਤ ਅਜ਼ਮਾਈ ਕਰ ਰਹੀ ਹੈ, ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ, ਬਰੈਂਪਟਨ ਵੱਲੋਂ ਇਸ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਆਪਣੇ ਸਹਿਯੋਗੀਆਂ ਹਰਦਿਆਲ ਸਿੰਘ ਸੰਧੂ, ਪ੍ਰੋ. ਨਿਰਮਲ ਸਿੰਘ ਧਾਰਨੀ ਨਾਲ ਇਸ ਸਮਾਗ਼ਮ ਵਿਚ ਸ਼ਾਮਲ ਹੋਏ।
ਸਮਾਗ਼ਮ ਦਾ ਆਰੰਭ ਕਰਦਿਆਂ ਹੋਇਆਂ ਮੰਚ-ਸੰਚਾਲਕ ਪ੍ਰੋ. ਨਿਰਮਲ ਸਿੰਘ ਧਾਰਨੀ ਵੱਲੋਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੂੰ ਅਤੀ ਖ਼ੂਬਸੂਰਤ ਸ਼ਬਦਾਂ ਵਿਚ ਨਿੱਘੀ ‘ਜੀ ਆਇਆਂ’ ਕਹੀ ਗਈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਅੱਗੇ ਬਰੈਂਪਟਨ ਵਿਚ ਯੂਨੀਵਰਸਿਟੀ ਦੀ ਮੰਗ ਨੂੰ ਵੀ ਮੁੜ ਦੁਹਰਾਇਆ ਗਿਆ। ਮੇਅਰ ਬਰਾਊਨ ਨੇ ਆਪਣੇ ਸੰਬੋਧਨ ਵਿਚ ਸੀਨੀਅਰਜ਼ ਦੀਆਂ ਕਈ ਮੰਗਾਂ ਮੰਨੇ ਜਾਣ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ 2 ਨਵੰਬਰ ਤੋਂ ਸੀਨੀਅਰਾਂ ਲਈ ਫ਼ਰੀ ਬਰੈਂਪਟਨ ਟ੍ਰਾਂਜ਼ਿਟ ਬੱਸ ਪਾਸ ਅਤੇ ਉਨ੍ਹਾਂ ਵੱਲੋਂ ਆਪਣੀਆਂ ਮੀਟਿੰਗਾਂ ਅਤੇ ਹੋਰ ਸਮਾਗ਼ਮ ਕਰਨ ਲਈ ਬਰੈਂਪਟਨ ਦੇ ਕਿਸੇ ਵੀ ਕਮਿਊਨਿਟੀ ਸੈਂਟਰ ਵਿਚ ਬਿਨਾਂ ਪੈਸੇ ਦੇ ਕਮਰੇ ਬੁੱਕ ਕਰਵਾਉਣਾ ਮੁੱਖ ਤੌਰ ‘ਤੇ ਸ਼ਾਮਲ ਸਨ। ਯੂਨੀਵਰਸਿਟੀ ਦੀ ਮੰਗ ਬਾਰੇ ਮੇਅਰ ਦਾ ਕਹਿਣਾ ਸੀ ਕਿ ਇਸ ਸਮੇਂ ਬਰੈਂਪਟਨ ਵਿਚ ਮੈਡੀਕਲ ਯੂਨੀਵਰਸਿਟੀ ਖੋਲ੍ਹਣ ਬਾਰੇ ਵਿਚਾਰ ਚੱਲ ਰਹੀ ਹੈ ਅਤੇ ਜਲਦੀ ਹੀ ਇਸ ਦੇ ਚੰਗੇ ਸਿੱਟੇ ਨਿਕਲਣ ਦੀ ਉਮੀਦ ਹੈ।
ਇਸ ਮੌਕੇ ਐੱਮ.ਪੀ. ਕਮਲ ਖਹਿਰਾ ਦਾ ਸਵਗਤ ਕਰਦਿਆਂ ਹੋਇਆਂ ਸੁਰਜੀਤ ਸਿੰਘ ਘੁੰਮਣ ਨੇ ਫ਼ੈੱਡਰਲ ਪੱਧਰ ‘ਤੇ ਲਿਬਰਲ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਿਸ਼ੇਸ ਤੌਰ ‘ઑਤੇ ਜ਼ਿਕਰ ਕੀਤਾ। ਉਨ੍ਹਾਂ 75 ਸਾਲ ਤੋਂ ਉੱਪਰ ਵਾਲੇ ਸੀਨੀਅਰਜ਼ ਦੀ ਪੈੱਨਸ਼ਨ ਵਿਚ ਵਾਧਾ ਕਰਨ ‘ਤੇ ਫ਼ੈੱਡਰਲ ਸਰਕਾਰ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ 65 ਤੋਂ 75 ਸਾਲ ਦੇ ਸੀਨੀਅਰਜ਼ ਦੀ ਫੈੱਨਸ਼ਨ ਵਿਚ ਵੀ ਅਜਿਹਾ ਵਾਧਾ ਹੋਣਾ ਚਾਹੀਦਾ ਹੈ। ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਅਤੇ ਇਸ ਦੇ ਸਰਗ਼ਰਮ ਮੈਂਬਰ ਹਰਦਿਆਲ ਸਿੰਘ ਸੰਧੂ ਵੱਲੋਂ ਮੇਅਰ ਅਤੇ ਐੱਮ.ਪੀ. ਕਮਲ ਖਹਿਰਾ ਦਾ ਸੀਨੀਅਰਜ਼ ਕਲੱਬ ਦੇ ਇਸ ਸਮਾਗ਼ਮ ਵਿਚ ਸ਼ਾਮਲ ਹੋਣ ਲਈ ਹਾਰਦਿਕ ਧੰਨਵਾਦ ਕੀਤਾ ਗਿਆ। ਇਸ ਦੌਰਾਨ ਕਲੱਬ ਦੇ ਪ੍ਰਤੀਨਿਧਾਂ ਵੱਲੋਂ ਕਮਲ ਖਹਿਰਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਨੂੰ ‘ਫਲੋਰੈਂਸ ਨਾਈਟਿੰਗੇਲ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਉਨ੍ਹਾਂ ਵੱਲੋਂ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਅਤੇ ਸਕੱਤਰ ਪ੍ਰੋ. ਨਿਰਮਲ ਸਿੰਘ ਧਾਰਨੀ ਦਾ ਵੀ ਸਨਮਾਨ ਕੀਤਾ ਗਿਆ। ਚੱਲ ਰਹੇ ਇਸ ਸਮਾਗ਼ਮ ਵਿਚ ਗੁਰਦੇਵ ਸਿੰਘ ਸੰਧੂ ਅਤੇ ਮੱਲ ਸਿੰਘ ਬਾਸੀ ਵੱਲੋਂ ਕੈਨੇਡਾ ਦੀ ਸਿਫ਼ਤ-ਸਲਾਹ ਅਤੇ ਲੇਬਰ-ਡੇਅ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਸਮਾਗ਼ਮ ਦੇ ਅਖ਼ੀਰ ਵਿਚ ਗਿਆਨ ਸਿੰਘ ਸੰਧੂ ਵੱਲੋਂ ਸਮੂਹ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਾਰਿਆਂ ਨੇ ਮਿਲ ਕੇ ਚਾਹ-ਪਾਣੀ ਅਤੇ ਸਨੈਕਸ ਦਾ ਅਨੰਦ ਮਾਣਿਆ। ਕਲੱਬ ਦੇ ਸਕੱਤਰ ਰਜਿੰਦਰ ਸਿੰਘ ਗਰੇਵਾਲ ਨੇ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਸਮਾਗ਼ਮ ਵਿਚ ਹਰਬੰਸ ਸਿੰਘ ਸਿੱਧੂ ਦੇ ਹਾਜ਼ਰ ਨਾ ਹੋ ਸਕਣ ਦੀ ਘਾਟ ਗਿਆਨ ਸਿੰਘ ਸੰਧੂ ਵੱਲੋਂ ਪੂਰੀ ਕਰਨ ਦੀ ਸਫ਼ਲ ਕੋਸ਼ਿਸ਼ ਕੀਤੀ ਗਈ। ਇਸ ਨਵ-ਗਠਿਤ ਸੀਨੀਅਰਜ਼ ਕਲੱਬ ਦਾ ਭਾਵੇਂ ਇਹ ਪਲੇਠਾ ਸਮਾਗ਼ਮ ਸੀ ਪਰ ਕਰੋਨਾ ਦੇ ਚੱਲ ਰਹੇ ਮੌਜੂਦਾ ਦੌਰ ਵਿਚ ਵੀ ਮਹਿਮਾਨਾਂ ਅਤੇ ਮੈਂਬਰਾਂ ਦੀ ਭਰਵੀਂ ਹਾਜ਼ਰੀ ਸਦਕਾ ਇਹ ਬੇਹੱਦ ਸਫ਼ਲ ਰਿਹਾ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …