Breaking News
Home / ਕੈਨੇਡਾ / ਆਪਣੀ ਕਲਮ ਦੇ ਮਿਆਰ ਨੂੰ ਕਦੇ ਨੀਵਾਂ ਨਹੀਂ ਹੋਣ ਦੇਵਾਂਗਾ : ਮੱਖਣ ਬਰਾੜ

ਆਪਣੀ ਕਲਮ ਦੇ ਮਿਆਰ ਨੂੰ ਕਦੇ ਨੀਵਾਂ ਨਹੀਂ ਹੋਣ ਦੇਵਾਂਗਾ : ਮੱਖਣ ਬਰਾੜ

ਮੱਖਣ ਬਰਾੜ ਦਾ ਨਾਮ ਅੱਜ ਕਿਸੇ ਵੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਗੁਰਦਾਸ ਮਾਨ ਦੀ ਆਵਾਜ਼ ਵਿੱਚ ਰਿਕਾਰਡ ਹੋਏ ਉਸਦੇ ਲਿਖੇ ਗੀਤ ‘ਆਪਣਾ ਪੰਜਾਬ ਹੋਵੇ’ ਨੇ ਉਸਨੂੰ ਸਫਲ ਗੀਤਕਾਰਾਂ ਦੀ ਸੂਚੀ ਵਿੱਚ ਲਿਆ ਖੜਾ ਕੀਤਾ ਅਤੇ ਉਸਦਾ ਇਹ ਗੀਤ  ਲੋਕ ਗੀਤ ਬਣ ਗਿਆ। ਜਿਸ ਗੀਤ ਤੋਂ ਬਿਨਾਂ ਪੰਜਾਬੀਆਂ ਦਾ ਹਰ ਖੁਸ਼ੀ ਦਾ ਸਮਾਗਮ ਫਿੱਕਾ ਪੈ ਜਾਂਦਾ ਹੈ। ਟੋਰਾਂਟੋ ਲਾਗਲੇ ਸ਼ਹਿਰ ਬਰੈਂਪਟਨ ਦੇ ਵਸਨੀਕ ਮੱਖਣ ਬਰਾੜ ਦਾ ਜਨਮ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿੱਚ ਸਵਰਗੀ ਪਿਤਾ ਪੂਰਨ ਬਰਾੜ ਅਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਉਸਦੇ ਦੱਸਣ ਅਨੁਸਾਰ ਉਸਨੂੰ ਲਿਖਣ ਦਾ ਸ਼ੌਕ ਸੱਤਵੀ-ਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਪੈ ਗਿਆ ਸੀ ਜਿੱਥੇ ਅਧਿਆਪਕਾਂ ਦੇ ਕਹਿਣ ‘ਤੇ ਉਹ ਸਾਥੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਨੋਰੰਜਨ ਲਈ ਤੁੱਕ-ਬੰਦੀਆਂ ਜੋੜਦਾ ਰਹਿੰਦਾ ਸੀ ਅਤੇ ਪਿੰਡ ਦੀ ਖੁੱਲ੍ਹੀ ਸੱਥ ਵਿੱਚ ਬਜ਼ੁਰਗਾਂ ਨੂੰ ਉਹਨਾਂ ਦੁਆਰਾ ਬੱਸਾਂ ਵਿਚੋਂ ਖਰੀਦ ਕੇ ਲਿਆਂਦੇ ਕਿੱਸਿਆਂ ਨੂੰ ਮੱਖਣ ਬਰਾੜ ਜਦੋਂ ਪੜ੍ਹ ਕੇ ਸੁਣਾਉਂਦਾ ਤਾਂ ਉਸਦਾ ਵੀ ਦਿਲ ਕਰਦਾ ਕਿ ਉਹ ਵੀ ਕੁਝ ਲਿਖੇ। ਉਸਦਾ ਲਿਖਿਆ ਵੀ ਲੋਕ ਪਸੰਦ ਕਰਨ ਅਤੇ ਉਸਦਾ ਵੀ ਲਿਖਾਰੀਆਂ ਵਾਂਗ ਨਾਮ ਬਣੇ। ਫਿਰ 1981 ਵਿੱਚ ਉਹ ਕੈਨੇਡਾ ਆ ਗਿਆ ਜਿੱਥੇ ਆ ਕੇ ਪਿੰਡ ਦੀ ਯਾਦ ਸਤਾਉਂਣ ਲੱਗੀ। ਉਹਨਾਂ ਦਿਨਾਂ ਵਿੱਚ ਹੀ ਉਹਨਾਂ ਦੇ ਪਿੰਡ ਦਾ ਅਮਰੀਕਾ ਵਿੱਚ ਰਹਿੰਦਾ ਇੱਕ ਬੰਦਾ ਟੋਰਾਂਟੋ ਆਇਆ ਤਾਂ ਉਸਨੇ ਪਿੰਡਾਂ ਦੀਆਂ ਪੁਰਾਣੀਆਂ ਗੱਲਾਂ ਕੀਤੀਆਂ ਕਿ ਕਿੰਨੇ ਕਿੰਨੇ  ਗੰਨੇ ਚੂਪ ਜਾਂਦੇ ਸੀ ਅਤੇ ਕਿੰਨੀਆਂ ਕਿੰਨੀਆਂ ਰੋਟੀਆਂ ਖਾ ਜਾਂਦੇ ਸੀ। ਜਿਹਨਾਂ ਗੱਲਾਂ ਵਿੱਚੋਂ ਹੀ ‘ਆਪਣਾ ਪੰਜਾਬ ਹੋਵੇ’ ਗੀਤ ਦਾ ਜਨਮ ਹੋਇਆ ਅਤੇ ਇਹ ਮੱਖਣ ਬਰਾੜ ਦਾ ਲਿਖਿਆ ਪਹਿਲਾ ਗੀਤ ਹੀ ਸੀ, ਇਸ ਪਹਿਲੇ ਗੀਤ ਨੇ ਹੀ ਉਸਨੂੰ ਪੰਜਾਬੀ ਦਾ ਜਗਤ ਪ੍ਰਸਿੱਧ ਗੀਤਕਾਰ ਬਣਾਂ ਦਿੱਤਾ। ਫਿਰ ਲਿਖਣ ਲਈ ਉਸਦਾ ਹੌਸਲਾ ਵਧਿਆ ਪਰ ਨਾਲ ਹੀ ਉਸਨੇ ਇਹ ਤਹੱਈਆ ਕੀਤਾ ਕਿ ਉਹ ਆਪਣੀ ਗੀਤਕਾਰੀ ਦੇ ਮਿਆਰ ਨੂੰ ਕਦੇ ਨੀਵਾਂ ਨਹੀ ਹੋਣ ਦੇਵੇਗਾ। ਉਸਨੇ ਦੂਜਾ ਗੀਤ ਦੇਸ਼  ਦੀ ਵੰਡ ਬਾਰੇ ‘ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ’ ਲਿਖਿਆ ਤਾਂ ਜਿਸਨੂੰ ਗਾ ਕੇ ਗਾਇਕ ਗਿੱਲ ਹਰਦੀਪ (ਮੋਗੇ ਵਾਲਾ) ਵੀ ਅੰਤਰ-ਰਾਸ਼ਟਰੀ ਪੱਧਰ ਦਾ ਗਾਇਕ ਬਣ ਗਿਆ। ਉਸਦੇ ਦੱਸਣ ਅਨੁਸਾਰ ਉਸਨੇ ਭਾਵੇਂ ਕੁਝ ਗਿਣੇ ਚੋਣਵੇਂ ਗੀਤ ਹੀ ਲਿਖੇ ਹਨ ਪਰ ਉਸਦਾ ਹਰ ਇੱਕ ਗੀਤ ਉੱਚ ਪਾਏ ਦਾ ਸਾਬਤ ਹੋਇਆ। ਮੱਖਣ ਬਰਾੜ ਦਾ ਲਿਖਿਆ ਅਤੇ ਲਾਭ ਹੀਰੇ ਦਾ ਗਾਇਆ ‘ਸਿੰਗ ਫਸਗੇ ਕੁੰਢੀਆਂ ਦੇ, ਮਿੱਤਰਾ ਬਹਿਜਾ ਗੋਡੀ ਲਾ ਕੇ’ ਰਾਜ ਬਰਾੜ ਦੁਆਰਾ ਗਾਇਆ ‘ਦੁਨੀਆਂ ਦੇ ਹਰ ਮੁਲਕ ‘ਚ ਕਾਰੋਬਾਰ ਪੰਜਾਬੀਆਂ ਦੇ’ ਜਸਵਿੰਦਰ ਬਰਾੜ ਦਾ ਗੀਤ ‘ਸ਼ਮਲ੍ਹੇ ਵਾਲੀ ਪਗੜੀ ਰੁਲਜੂ ਬਾਬਲ ਮੇਰੇ ਦੀ’ ਕਾਫੀ ਹਿੱਟ ਹੋਏ। ਮੱਖਣ ਬਰਾੜ ਗੀਤਕਾਰ ਹੋਣ ਦੇ ਨਾਲ-ਨਾਲ ਕਬੱਡੀ ਦਾ  ਨਾਮਵਰ ਕੁਮੇਟੇਂਟਰ ਵੀ  ਹੈ ਅਤੇ ਸਟੇਜਾਂ ਤੇ ਸ਼ੇਅਰੋ-ਸ਼ਾਇਰੀ ਕਰਦਾ ਉਹ ਸੱਭਿਆਚਾਰਕ ਮੇਲਿਆਂ ਦਾ ਸ਼ਿੰਗਾਰ ਵੀ ਬਣਦਾ ਹੈ ਤੇ ਉਸਦੇ ਇਸੇ ਸ਼ੌਕ ਨੇ ਉਸਨੂੰ ਦੁਨੀਆਂ ਦੇ ਕਈ ਦੇਸ਼ਾਂ ਦੀ ਸੈਰ ਕਰਵਾ ਦਿੱਤੀ ਹੈ। ਉਸਦਾ ਇੱਕ ਨਵਾਂ ਗੀਤ ਛੇਤੀ ਹੀ ਵਿਨੋਦ ਹਰਪਾਲਪੁਰੀ (ਬਹਾਦਰਗੜ੍ਹ-ਪਟਿਆਲਾ) ਅਤੇ ਇੱਕ ਮਲਕੀਤ ਸਿੰਘ ਯੂ ਕੇ ਦੀ ਆਵਾਜ਼ ਵਿੱਚ ਲੋਕਾਂ ਨੂੰ ਸੁਣਨ ਨੂੰ ਮਿਲੇਗਾ।
– ਹਰਜੀਤ ਸਿੰਘ ਬਾਜਵਾ

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …