ਬਰੈਂਪਟਨ ਦੇ ਵਾਰਡ 9-10 ਤੋਂ ਰੀਜਨਲ ਕਾਊਂਸਲਰ ਲਈ ਉਮੀਦਵਾਰ ਹਨ ਗੁਰਪ੍ਰੀਤ ਸਿੰਘ ਢਿੱਲੋਂ
ਬਰੈਂਪਟਨ/ਡਾ. ਝੰਡ : ਬਰੈਂਪਟਨ ਦੇ ਵਾਰਡ 9-10 ਤੋਂ ਰੀਜਨਲ ਕਾਊਂਸਲਰ ਲਈ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੀ ਚੋਣ-ਮੁਹਿੰਮ ਬਾ-ਕਾਇਦਾ ਆਗ਼ਾਜ਼ ਲੰਘੇ ਐਤਵਾਰ 9 ਸਤੰਬਰ ਨੂੰ ਸਥਾਨਕ ‘ਚਾਂਦਨੀ ਕਨਵੈੱਨਸ਼ਨ ਸੈਂਟਰ’ ਵਿਚ ਹੋਏ ਇਕ ਭਰਪੂਰ ਸਮਾਗ਼ਮ ਤੋਂ ਕੀਤਾ। ਬਾਅਦ ਦੁਪਹਿਰ ਇਕ ਵਜੇ ਤੋਂ ਤਿੰਨ ਵਜੇ ਤੱਕ ਚੱਲੇ ਇਸ ਸਮਾਗ਼ਮ ਵਿਚ ਕਈ ਐੱਮ.ਪੀਜ਼, ਐੱਮ.ਪੀ.ਪੀਜ਼, ਰਿਜਨਲ ਤੇ ਸਿਟੀ ਕਾਊਂਸਲਰ ਉਮੀਦਵਾਰਾਂ, ਸਕੂਲ-ਟਰੱਸਟੀ ਉਮੀਦਵਾਰਾਂ, ਸੀਨੀਅਰਜ਼ ਕਲੱਬਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਅਤੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਨੇ ਭਰਪੂਰ ਸ਼ਿਰਕਤ ਕੀਤੀ। ਇਸ ਸਮਾਗ਼ਮ ਦਾ ਅਹਿਮ ਪਹਿਲੂ ਇਹ ਸੀ ਕਿ ਇਸ ਵਿਚ ਸ਼ਾਮਲ ਹੋਣ ਵਾਲੀਆਂ ਰਾਜਨੀਤਕ ਸ਼ਖ਼ਸੀਅਤਾਂ ਨੇ ਸਿਆਸੀ ਪਾਰਟੀ ਲਾਈਨਾਂ ਤੋਂ ਉੱਪਰ ਉੱਠ ਕੇ ਇਸ ਵਿਚ ਆਪਣੀ ਸ਼ਮੂਲੀਅਤ ਕੀਤੀ। ਜਿੱਥੇ ਬਰੈਂਪਟਨ ਦੇ ਐੱਮ.ਪੀਜ਼. ਰਾਜ ਗਰੇਵਾਲ, ਰਮੇਸ਼ ਸੰਘਾ ਅਤੇ ਰੂਬੀ ਸਹੋਤਾ ਇਸ ਵਿਚ ਦਿਖਾਈ ਦੇ ਰਹੇ ਸਨ ਜੋ ਸਾਰੇ ਲਿਬਰਲ ਪਾਰਟੀ ਨਾਲ ਸਬੰਧਿਤ ਹਨ ਅਤੇ ਰਾਜ ਗਰੇਵਾਲ ਨੇ ਤਾਂ ਸਮਾਗ਼ਮ ਨੂੰ ਸੰਬੋਧਨ ਵੀ ਕੀਤਾ, ਉੱਥੇ ਪੀ.ਸੀ. ਪਾਰਟੀ ਦੇ ਨੌਜਵਾਨ ਐੱਮ.ਪੀ.ਪੀ. ਅਮਰਜੋਤ ਸੰਧੂ ਨੇ ਵੀ ਇਸ ਵਿਚ ਹਾਜ਼ਰੀਨ ਨੂੰ ਬੜੇ ਭਾਵਪੂਰਤ ਸ਼ਬਦਾਂ ਨਾਲ ਸੰਬੋਧਨ ਕੀਤਾ। ਐੱਨ.ਡੀ.ਪੀ. ਦੇ ਸਥਾਨਕ ਆਗੂ ਸ਼ਾਇਦ ਵੈਨਕੂਵਰ ਵਿਚ ਜਗਮੀਤ ਸਿੰਘ ਦੀ ‘ਬਾਈ-ਇਲੈਕਸ਼ਨ’ ਵਿਚ ਰੁੱਝੇ ਹੋਣ ਕਾਰਨ ਇਸ ਸਮਾਗ਼ਮ ਵਿਚ ਸ਼ਾਮਲ ਹੋਣ ਲਈ ਨਹੀਂ ਪਹੁੰਚ ਸਕੇ ਪਰ ਉਨ੍ਹਾਂ ਦੇ ਵਰਕਰ ਤੇ ਵਾਲੰਟੀਅਰ ਇਸ ਵਿਚ ਵੱਡੀ ਗਿਣਤੀ ਵਿਚ ਵਿਖਾਈ ਦੇ ਰਹੇ ਸਨ। ਇਹ ਇਸ ਸਮਾਗ਼ਮ ਦੀ ਬਹੁਤ ਹੀ ਵਧੀਆ ਅਤੇ ਸਕਾਰਾਤਮਿਕ ਗੱਲ ਸੀ, ਕਿਉਂਕਿ ਸਥਾਨਕ ਮਿਊਂਸਪਲ ਚੋਣਾਂ ਵਿਚ ਰਾਜਸੀ ਰੰਗਤ ਬਿਲਕੁਲ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਗੁਰਪ੍ਰੀਤ ਢਿੱਲੋਂ ਨੇ ਇਕ ਤਰ੍ਹਾਂ ਇਹ ਸਾਬਤ ਵੀ ਕਰ ਦਿੱਤਾ ਹੈ ਕਿ ਉਹ ਸਾਰਿਆਂ ਦੇ ਸਾਂਝੇ ਉਮੀਦਵਾਰ ਹਨ। ਹਾਜ਼ਰੀਨ ਨੂੰ ਪੀਲ ਪੋਲੀਸ ਬੋਰਡ ਦੇ ਸਾਬਕਾ ਚੇਅਰ-ਪਰਸਨ ਅਮਰੀਕ ਸਿੰਘ ਆਹਲੂਵਾਲੀਆ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਸਾਨੂੰ ਗੁਰਪ੍ਰੀਤ ਸਿੰਘ ਵਰਗੇ ਕਰਮਸ਼ੀਲ, ਇਮਾਨਦਾਰ ਅਤੇ ਦਿਆਨਤਦਾਰ ਆਗੂਆਂ ਨੂੰ ਚੁਣ ਕੇ ਅੱਗੇ ਲਿਆਉਣਾ ਚਾਹੀਦਾ ਹੈ।
ਪ੍ਰਭਾਵਸ਼ਾਲੀ ਸਮਾਗ਼ਮ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਪਿਛਲੇ ਚਾਰ ਸਾਲ ਤੋਂ ਬਰੈਂਪਟਨ ਸਿਟੀ ਕਾਊਂਸਲ ਵਿਚ ਬਰੈਂਪਟਨ ਦੇ ਵਿਕਾਸ ਅਤੇ ਬਰੈਂਪਟਨ-ਵਾਸੀਆਂ ਦੀ ਬੇਹਤਰੀ ਲਈ ਯਤਨਸ਼ੀਲ ਰਹੇ ਹਨ। ਉਨ੍ਹਾਂ ਇੱਥੇ ਬਰੈਂਪਟਨ ਵਿਚ ਹੋਰ ਨੌਕਰੀਆਂ ਪੈਦਾ ਕਰਨ, ਸ਼ਹਿਰ ਵਿਚ ਨਵੀਂ ਯੂਨੀਵਰਸਿਟੀ ਲਿਆਉਣ, ਬਰੈਂਪਟਨ ਟਰਾਂਜ਼ਿਟ ਵਿਚ ਸੁਧਾਰ ਲਿਆਉਣ ਅਤੇ ਇਸ ਨੂੰ ਫੈਲਾਉਣ ਲਈ ਆਪਣਾ ਬਣਦਾ ਯੋਗਦਾਨ ਪਾਇਆ ਹੈ। ਉਨ੍ਹਾਂ ਇੱਥੇ ਬਰੈਂਪਟਨ ਵਿਚ ਰਹਿ ਰਹੀਆਂ ਵੱਖ-ਵੱਖ ਕਮਿਊਨਿਟੀਆਂ ਵਿਚ ਆਪਸੀ ਪ੍ਰੇਮ-ਪਿਆਰ ਨੂੰ ਹੋਰ ਵਧਾਉਣ ਅਤੇ ਇੱਥੇ ਡਾਇਵਰਸਿਟੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਹੈ ਤਾਂ ਜੋ ਸਾਰੀਆਂ ਕਮਿਊਨਿਟੀਆਂ ਮਿਲ ਕੇ ਬਰੈਂਪਟਨ ਦੇ ਵਿਕਾਸ ਲਈ ਹੋਰ ਹੰਭਲਾ ਮਾਰ ਸਕਣ।
ਉਨ੍ਹਾਂ ਕਿਹਾ ਕਿ ਉਹ ਸਿਟੀ ਕਾਊਸਲ ਦੇ ਕੰਮਾਂ-ਕਾਜਾਂ ਵਿਚ ਪੂਰੀ ਪਾਰਦਰਸ਼ਤਾ ਦੇ ਹਾਮੀ ਹਨ ਅਤੇ ਇਸ ਲਈ ਉਹ ਯਤਨਸ਼ੀਲ ਰਹਿਣਗੇ। ਉਨ੍ਹਾਂ ਹੋਰ ਕਿਹਾ ਕਿ ਰੀਜਨਲ ਪੱਧਰ ‘ਤੇ ਹੋਰ ਵੀ ਬਹੁਤ ਸਾਰੇ ਕੰਮ ਕਰਨ ਵਾਲੇ ਜਿਨ੍ਹਾਂ ਨੂੰ ਉਹ ਰੀਜਨਲ ਕਾਊਂਸਲਰ ਵਜੋਂ ਚੁਣੇ ਜਾਣ ‘ਤੇ ਆਪਣੇ ਹੱਥਾਂ ਵਿਚ ਲੈਣਗੇ ਅਤੇ ਆਪਣੇ ਸਾਥੀਆਂ ਤੋਂ ਮਿਲਣ ਵਾਲੇ ਸਹਿਯੋਗ ਨਾਲ ਇਨ੍ਹਾਂ ਨੂੰ ਪੂਰਿਆਂ ਕਰਨਗੇ। ਉਨ੍ਹਾਂ ਵਾਰਡ 9-10 ਦੇ ਵੋਟਰਾਂ ਤੋਂ ਆਪਣੇ ਹੱਕ ਵਿਚ ਸਹਿਯੋਗ ਲਈ ਆਸ ਪ੍ਰਗਟਾਈ। ਵਿਸ਼ਾਲ ਹਾਲ ਵਿਚ ਬੈਠੇ ਅਤੇ ਉਨ੍ਹਾਂ ਤੋਂ ਜ਼ਿਆਦਾ ਹੋਰ ਖੜੇ ਲੋਕਾਂ ਨੇ ਇਸ ਦੇ ਬਾਰੇ ਭਰਪੂਰ ਹੁੰਗਾਰਾ ਭਰਿਆ। ਹਾਲ ਵਿਚ ਸਨੈਕਸ ਅਤੇ ਚਾਹ-ਪਾਣੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …