Breaking News
Home / ਨਜ਼ਰੀਆ / ਕੁਦਰਤ ਦੀ ਵੰਨ-ਸੁਵੰਨਤਾ ਦੀ ਬਾਤ ਪਾਉਂਦੀ ਜੰਗਲੀ ਜੀਵ ਰੱਖ

ਕੁਦਰਤ ਦੀ ਵੰਨ-ਸੁਵੰਨਤਾ ਦੀ ਬਾਤ ਪਾਉਂਦੀ ਜੰਗਲੀ ਜੀਵ ਰੱਖ

ਜੰਗਲੀ ਜੀਵ ਰੱਖ ਮੈਹਸ ਦੀ ਨੁਹਾਰ ਬਦਲੀ-ਬਦਲੀ ਜਿਹੀ ਲੱਗ ਰਹੀ ਹੈ। ਇਸ ਦੇ ਇੱਕ ਹਿੱਸੇ ਵਿੱਚ ਕੱਲਰ ਦੀ ਜ਼ਮੀਨ ਵਿੱਚ ਲੱਗੇ ਸਫੈਦੇ ਅਤੇ ਪਹਾੜੀ ਕਿੱਕਰਾਂ ਹੇਠ ਘਾਹ-ਫੂਸ ਅਤੇ ਹੋਰ ਕੁਦਰਤੀ ਬਨਸਪਤੀ ਦੀ ਤਬਾਹੀ ਅਤੇ ਦੂਸਰੇ ਹਿੱਸੇ ਵਿੱਚ ਮੁੜ ਭਾਂਤ-ਭਾਂਤ ਦੇ ਫਲਦਾਰ, ਦਵਾਈਆਂ ਲਈ ਲਾਹੇਵੰਦ ਅਤੇ ਹੋਰ ਬੂਟਿਆਂ ਦਰਮਿਆਨ ਉੱਗੀ ਬਨਸਪਤੀ ਕੁਦਰਤ ਦੀ ਵੰਨ-ਸੁਵੰਨਤਾ ਦੀ ਬਾਤ ਪਾਉਂਦੀ ਦਿਖਾਈ ਦਿੰਦੀ ਹੈ।
ਪਟਿਆਲਾ ਜ਼ਿਲ੍ਹੇ ਦੇ ਨਾਭਾ ਸ਼ਹਿਰ ਦੇ ਬਿਲਕੁਲ ਨਾਲ ਲਗਦੀ ਮੈਹਸ ਜੰਗਲੀ ਜੀਵ ਰੱਖ ਸੂਬੇ ਦੀਆਂ ਕੁੱਲ ਬਾਰਾਂ ਅਤੇ ਪਟਿਆਲਾ ਜ਼ਿਲ੍ਹੇ ਦੀਆਂ ਛੇ ਨੋਟੀਫਾਈਡ ਰੱਖਾਂ ਵਿੱਚ ਸ਼ੁਮਾਰ ਹੈ। ਪੰਜਾਬ ਵਿੱਚੋਂ ਜ਼ਮੀਨ ਹੇਠਲੇ ਪਾਣੀ ਦੇ ਲਗਾਤਾਰ ਡੂੰਘਾ ਹੁੰਦੇ ਚਲੇ ਜਾਣ ਅਤੇ ਸਾਲਾਂ ਤੋਂ ਲੋੜ ਨਾਲੋਂ ਘੱਟ ਬਰਸਾਤ ਦਾ ਅਸਰ ਇਨ੍ਹਾਂ ਜੰਗਲੀ ਪੌਦਿਆਂ ਅਤੇ ਜੀਵਾਂ ਉੱਤੇ ਸਭ ਤੋਂ ਜ਼ਿਆਦਾ ਦਿਖਾਈ ਦਿੰਦਾ ਹੈ। ਬੋਰ ਖੁਸ਼ਕ ਹੋ ਗਏ ਅਤੇ ਕੁਦਰਤ ਦੇ ਪਸਾਰੇ ਵਿੱਚ ਸਭ ਤੋਂ ਵੱਧ ਸਤਿਕਾਰੇ ਜਾਣ ਵਾਲੇ ਜੰਗਲ ਅਤੇ ਜੰਗਲੀ ਜੀਵ ਮੌਜੂਦਾ ਵਿਕਾਸ ਦੇ ਮਾਪਦੰਡਾਂ ਵਿੱਚ ਸ਼ਾਇਦ ਪਿਛਲੀ ਤਰਜੀਹ ਵਿੱਚ ਆਉਂਦੇ ਹਨ। ਇਸ ਲਈ ਫੰਡਾਂ ਦੀ ਤੋਟ ਕਾਰਨ ਸੁੱਕੇ ਬੋਰਾਂ ਨੂੰ ਮੁੜ ਲਗਾਉਣ ਵਿੱਚ ਲੰਬਾ ਸਮਾਂ ਲੱਗ ਗਿਆ। ਇਨ੍ਹਾਂ ਰੱਖਾਂ ਵਿੱਚ ਸਫੈਦਾ ਅਤੇ ਪਹਾੜੀ ਕਿੱਕਰਾਂ ਦੇ ਦਰਖ਼ਤ ਹੀ ਬਚੇ ਹਨ। ਇਨ੍ਹਾਂ ਸਫੈਦਿਆਂ ਅਤੇ ਪਹਾੜੀ ਕਿੱਕਰਾਂ ਹੇਠ ਘਾਹ-ਫੂਸ ਤੱਕ ਵੀ ਪੈਦਾ ਨਹੀਂ ਹੋ ਸਕਦਾ। ਦਰਖ਼ਤਾਂ ਦੇ ਹੇਠ ਰੜੇ ਮੈਦਾਨ ਹੋਏ ਖੇਤਰ ਕਰਕੇ ਜੰਗਲੀ ਜੀਵਾਂ ਦਾ ਖਾਜਾ ਖ਼ਤਮ ਹੋ ਗਿਆ। ਉਹ ਰਹਿਣ ਤਾਂ ਕਿੱਥੇ ਰਹਿਣ?
123.43 ਹੈਕਟੇਅਰ ਰਕਬੇ ਵਿੱਚ ਫੈਲੀ ਮੈਹਸ ਰੱਖ ਨੂੰ 2015-16 ਵਿੱਚ ਨਵੀਂ ਦਿੱਖ ਦੇਣ ਦਾ ਉਪਰਾਲਾ ਹੋਇਆ। ਕੇਵਲ ਦੋ ਸਾਲਾਂ ਦਾ ਵਕਫ਼ਾ ਇੱਕ ਤਬਦੀਲੀ ਦਾ ਜ਼ਾਮਨ ਬਣਿਆ ਦਿਖਾਈ ਦਿੰਦਾ ਹੈ। ਰੇਂਜ ਅਫਸਰ ਚਮਕੌਰ ਸਿੰਘ ਨੇ ਦੱਸਿਆ ਕਿ ਇਸ ਸਫੈਦੇ ਵਿੱਚੋਂ ਕੋਈ ਅਜਿਹਾ ਤੇਜ਼ਾਬੀ ਤਰਲ ਪਦਾਰਥ ਧਰਤੀ ਉੱਤੇ ਗਿਰਦਾ ਰਹਿੰਦਾ ਹੈ ਜਿਸ ਨਾਲ ਹੇਠਾਂ ਘਾਹ ਜਾਂ ਬਨਸਪਤੀ ਪੈਦਾ ਨਹੀਂ ਹੁੰਦੀ। ਵਣ ਵਿਭਾਗ ਨੇ ਇੱਕ ਵਿਸ਼ੇਸ਼ ਯੋਜਨਾ ਤਹਿਤ ਪੰਜਾਹ ਏਕੜ ਵਿੱਚ ਪੰਜਾਹ ਤੋਂ ਜ਼ਿਆਦਾ ਕਿਸਮਾਂ ਦੇ ਦਵਾਈਆਂ ਅਤੇ ਫਲਾਂ ਨਾਲ ਸਬੰਧਿਤ ਬੂਟੇ ਲਗਾਉਣ ਦੀ ਮੁਹਿੰਮ ਵਿੱਢੀ। ਟਾਹਲੀ, ਸੁਖਚੈਨ, ਬਿਲ, ਜਾਮਣ, ਜਮੋਆ, ਕਚਨਾਰ, ਅਰਜਨ, ਤੂਤ, ਨਿੰਮ, ਆਂਵਲਾ, ਬਹੇੜਾ, ਪਾਂਸ, ਗੁਲਰੋ, ਬੋਹੜ, ਪਿੱਪਲ, ਅਮਰੂਦ, ਲਸੂੜਾ, ਅਮਲਤਾਸ, ਨਾਰੰਗੀ, ਬਸਣਵੇਲ, ਬੇਰੀ, ਸੁਹਾਂਜਣਾ, ਕਰੌਂਦਾ, ਮਾਊਆ, ਗੁਲਮੋਹਰ, ਲੋਕਾਟ, ਆੜੂ, ਨਿੰਬੂ, ਚੀਕੀ, ਲੀਚੀ, ਦਾਲਚੀਨੀ, ਅਨਾਰ ਵਰਗੇ ਬੂਟੇ ਇਸ ਸਮੇਂ ਮੌਲ ਰਹੇ ਹਨ। ਸਫੈਦੇ ਅਤੇ ਪਹਾੜੀ ਕਿੱਕਰਾਂ ਵਾਲੇ ਅਤੇ ਦੂਸਰੇ ਅੱਧੇ ਪਾਸੇ ਦੇ ਨਵੇਂ ਵਿਕਸਤ ਬੂਟੇ ਅਲੱਗ ਅਲੱਗ ਤਰ੍ਹਾਂ ਦੇ ਵਾਤਾਵਰਣਕ ਮਾਹੌਲ ਦੀ ਕਹਾਣੀ ਖੁਦ ਬ ਖੁਦ ਬਿਆਨ ਕਰ ਰਹੇ ਹਨ।
ਤਿੰਨ ਟਿਊਬਵੈਲ ਲਗਾਤਾਰ ਇਨ੍ਹਾਂ ਦੀ ਪਾਣੀ ਦੀ ਲੋੜ ਪੂਰੀ ਕਰ ਰਹੇ ਹਨ। ਜੌੜੇ ਪੁਲਾਂ ਤੋਂ ਨਦਾਮਪੁਰ ਵੱਲ ਜਾਂਦੀ ਨਹਿਰ ਦਾ ਪਾਣੀ ਵੀ ਇਸ ਦੀ ਲੋੜ ਪੂਰੀ ਕਰਦਾ ਹੈ। ਦੋ ਸਾਲ ਪੂਰੇ ਕਰ ਚੁੱਕੇ ਬਹੁਤ ਸਾਰੇ ਬੂਟਿਆਂ ਨੂੰ ਤਾਂ ਫਲ ਲੱਗਣਾ ਸ਼ੁਰੂ ਵੀ ਹੋ ਗਿਆ ਹੈ। ਨਿਰਾਸ਼ ਹੋ ਕੇ ਚਲੀਆਂ ਗਈਆਂ ਮਖਿ
ਆਲ ਦੀਆਂ ਮੱਖੀਆਂ ਤੱਕ ਵੀ ਵਾਪਸ ਮੁੜ ਆਈਆਂ ਹਨ। ਨੇੜਲੇ ਪਿੰਡਾਂ ਦੇ ਮਗਨਰੇਗਾ ਮਜ਼ਦੂਰਾਂ ਲਈ ਵੀ ਇਹ ਕੰਮ ਦਾ ਸਾਧਨ ਬਣ ਰਿਹਾ ਹੈ। ਵਿਕਾਸ ਮਾਡਲ ਕਾਰਨ ਸੜਕਾਂ ਦੇ ਕਿਨਾਰਿਓਂ ਦਰਖ਼ਤ ਧੜਾ ਧੜ ਕੱਟੇ ਜਾ ਰਹੇ ਹਨ। ਬੇਸ਼ੱਕ ਦਰਖ਼ਤ ਕੱਟਣ ਦੀ ਮਨਜ਼ੂਰੀ ਸਮੇਂ ਇਹ ਸ਼ਰਤ ਰੱਖੀ ਜਾਂਦੀ ਹੈ ਕਿ ਕੱਟੇ ਜਾਣ ਵਾਲਿਆਂ ਤੋਂ ਦੁੱਗਣੇ ਬੂਟੇ ਉਸੇ ਖੇਤਰ ਵਿੱਚ ਲਗਾਏ ਜਾਣਗੇ। ਪਰ ਫੋਰ ਲੇਨ ਜਾਂ ਛੇ ਮਾਰਗੀ ਸੜਕਾਂ ਦੇ ਕਿਨਾਰੇ ਤਾਂ ਹੁਣ ਹੋਰ ਬੂਟੇ ਲਗਾਉਣ ਦੀ ਜਗ੍ਹਾ ਹੀ ਨਹੀਂ ਬਚੀ ਹੈ।
ਮੁਨਾਫ਼ਾ ਕਮਾਉਣ ਦੀ ਹੋੜ ਵੀ ਬੂਟੇ ਲਗਾਉਣ ਤੋਂ ਟਾਲਾ ਵੱਟਣ ਵੱਲ ਪ੍ਰੇਰਿਤ ਕਰਦੀ ਹੈ। ਪ੍ਰਧਾਨ ਮੁੱਖ ਵਣ ਪਾਲ ਡਾ. ਕੁਲਦੀਪ ਕੁਮਾਰ ਦੇ ਅਨੁਸਾਰ ਪੰਜਾਬ ਵਿੱਚ ਆਪਣੀਆਂ ਸੈਂਕਚੁਰੀਆਂ ਅਤੇ ਸਰਕਾਰੀ ਜ਼ਮੀਨਾਂ ਉੱਤੇ ਵਣ ਅਤੇ ਐਗਰੋਫੋਰੈਸਟਰੀ ਨੂੰ ਵਿਕਸਤ ਕੀਤਾ ਜਾ ਸਕਦਾ ਹੈ। ਮੈਹਸ ਜੰਗਲੀ ਜੀਵ ਰੱਖ ਦੇ ਪ੍ਰੋਜੈਕਟ ਤਹਿਤ ਸਫੈਦੇ ਅਤੇ ਹੋਰ ਦਰਖ਼ਤਾਂ ਤੋਂ ਜੋ ਵੀ ਪੈਸਾ ਆਵੇਗਾ ਉਸ ਨੂੰ ਰੱਖ ਵਿਕਸਤ ਕਰਨ ਉੱਤੇ ਹੀ ਖਰਚ ਕੀਤਾ ਜਾਂਦਾ ਹੈ। ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਵੀ ਇੱਕ ਯੋਜਨਾ ਬਣਾਈ ਹੈ ਕਿ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਛੱਡ ਕੇ ਬਾਕੀ ਦੀ ਸ਼ਾਮਲਾਤ ਜ਼ਮੀਨ ਦੇ ਇੱਕ ਤਿਹਾਈ ਹਿੱਸੇ ਵਿੱਚ ਪੌਦੇ ਲਗਾਏ ਜਾਣ। ਵਣ ਵਿਭਾਗ ਅਤੇ ਪੰਚਾਇਤ ਵਿਭਾਗ ਮਿਲ ਕੇ ਇਸ ਦਿਸ਼ਾ ਵਿੱਚ ਵੱਡਾ ਕੰਮ ਕਰ ਸਕਦੇ ਹਨ। ਮਹਾਤਮਾ ਗਾਂਧੀ ਪੇਂਡੂ ਰੋਜ਼ਗਾਰ ਗਰੰਟੀ ਯੋਜਨਾ ਤਹਿਤ ਹਰ ਦੋ ਸੌ ਬੂਟੇ ਦੀ ਸੰਭਾਲ ਲਈ ਇੱਕ ਵਿਅਕਤੀ ਨੂੰ ਮਗਨਰੇਗਾ ਤਹਿਤ ਰੋਜ਼ਗਾਰ ਦਿੱਤਾ ਜਾ ਸਕਦਾ ਹੈ। ਫਲ ਅਤੇ ਦਵਾਈਆਂ ਲਈ ਲਾਹੇਵੰਦ ਬੂਟੇ ਪੰਜਾਬ ਦੀ ਫਿਜ਼ਾ ਨੂੰ ਬਦਲਣ ਦੇ ਨਾਲ ਨਾਲ ਲੋਕਾਂ ਦੀ ਤੰਦਰੁਸਤੀ ਦਾ ਵੀ ਆਧਾਰ ਬਣ ਸਕਦੇ ਹਨ।

 

Check Also

ਜਨਮ ਦਿਨ’ਤੇ ਵਿਸ਼ੇਸ਼

ਗ਼ਦਰੀ ਯੋਧਿਆਂ ਦੇ ਤਾਰਾ ਮੰਡਲ ਦੇ ਚੰਦ : ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਕੈਨੇਡਾ …