Breaking News
Home / ਨਜ਼ਰੀਆ / ਜੰਗਲ ਦੀ ਲੱਕੜ ਦੇ ਭੈਅ ਕਾਰਨ ਵਰਤੋਂ ਸਸਕਾਰ ਤੱਕ ਸੀਮਤ

ਜੰਗਲ ਦੀ ਲੱਕੜ ਦੇ ਭੈਅ ਕਾਰਨ ਵਰਤੋਂ ਸਸਕਾਰ ਤੱਕ ਸੀਮਤ

ਤਰਕਸ਼ੀਲ ਕਾਰਕੁੰਨ ਦਾ ਐਲਾਨ, ਮੈਂ ਕਟਾਂਗਾ ਲੱਕੜ ਵੇਖਾਂਗਾ ਮੁਸੀਬਤਾਂ ਕੀ ਵਿਗਾੜ ਲੈਣਗੀਆਂ
ਗੁਰਦਾਸਪੁਰ/ਬਿਊਰੋ ਨਿਊਜ਼
ਅਬੁਲਖੈਰ ਨੇੜੇ ਸਥਿਤ ਛੋਟੇ ਜਿਹੇ ਪਿੰਡ ਮੋਟਮਾਂ ਵਿਖੇ ਬਾਬਾ ਘੁੰਮਣ ਸਾਹਿਬ ਦੀ ਜਗ੍ਹਾ ‘ਤੇ 4 ਏਕੜ ਵਿਚ ਫੈਲੇ ਸੰਘਣੇ ਜੰਗਲ ਦੀ ਲੱਕੜ ਨੂੰ ਘਰ ਲਿਜਾਉਣ ਤੋਂ ਹਰ ਕੋਈ ਖੌਫ ਖਾਂਦਾ ਹੈ। ਇਸ ਜੰਗਲ ਦੀ ਲੱਕੜੀ ਨੂੰ ਸਿਰਫ ਤੇ ਸਿਰਫ ਮ੍ਰਿਤਕਾਂ ਦੇ ਸਸਕਾਰ ਵਾਸਤੇ ਹੀ ਇਸਤੇਮਾਲ ਕੀਤਾ ਜਾਂਦਾ ਹੈ। ਹੋਰ ਤਾਂ ਹੋਰ ਸ਼ਮਸ਼ਾਨਘਾਟ ਵੀ ਇਸੇ ਜੰਗਲ ਦੇ ਅੰਦਰ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਿਲਸਿਲਾ ਕਰੀਬ ਸੌ ਸਾਲ ਤੋਂ ਵੀ ਵਧ ਸਮੇਂ ਤੋਂ ਚੱਲਦਾ ਆ ਰਿਹਾ ਹੈ।
ਇਲਾਕੇ ਅੰਦਰ ਇਹ ਧਾਰਨਾ ਬਣੀ ਹੋਈ ਹੈ ਕਿ ਜੇ ਕੋਈ ਵਿਅਕਤੀ ਇਸ ਜੰਗਲ ਦੀ ਲੱਕੜ ਨੂੰ ਕਿਸੇ ਹੋਰ ਕੰਮ ਲਈ ਆਪਣੇ ਘਰ ਜਾਂ ਦੁਕਾਨ ‘ਤੇ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਵੱਡਾ ਜਾਨੀ ਜਾਂ ਮਾਲੀ ਨੁਕਸਾਨ ਝੱਲਣਾ ਪੈਂਦਾ ਹੈ। ਸਮੇਂ ਦੇ ਨਾਲ-ਨਾਲ ਇਹ ਧਾਰਨਾ ਹੋਰ ਪੱਕੀ ਹੁੰਦੀ ਗਈ ਤੇ ਲੋਕ ਅੱਜ ਵੀ ਇਸ ਜੰਗਲ ਤੋਂ ਖੌਫ ਖਾਂਦੇ ਹਨ। ਇਲਾਕੇ ਦੇ ਲੋਕ ਪਿੰਡ ਦੀ ਪੰਚਾਇਤ ਦੀ ਅਗਵਾਈ ਹੇਠ ਹਰ ਸਾਲ ਬਾਬਾ ਘੁੰਮਣ ਸਾਹਿਬ ਦੀ ਯਾਦ ਵਿਚ ਸਲਾਨਾ ਮੇਲਾ ਵੀ ਲਗਾਉਂਦੇ ਹਨ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਪਿੰਡ ਮੋਟਮਾਂ ਵਿਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਕਰੀਬ ਚਾਰ ਏਕੜ ਰਕਬੇ ਵਿਚ ਸੰਘਣਾ ਜੰਗਲ ਬਣਿਆ ਹੋਇਆ ਹੈ। ਇਸ ਵਿਚ ਖਜੂਰ, ਟਾਲੀ, ਸ਼ੀਸ਼ਮ, ਪਿੱਪਲ, ਅੰਜੀਰੀ, ਕਰੋਂਦਾ, ਬੋਹੜ, ਕਣਕ ਚੰਪਾ, ਰੀਠਾ, ਅਮਲਤਾਸ਼, ਸ਼ਰੀਂਹ, ਕੜੀ ਪੱਤਾ, ਚਾਈਨਜ਼ ਪਾਮ, ਸ਼ਹਿਤੂਤ, ਅਮਰੂਦ, ਅੰਬ ਆਦਿ ਦੇ ਦਰੱਖਤ ਲੱਗੇ ਹੋਏ ਹਨ, ਜਿਨ੍ਹਾਂ ਦੀ ਸੰਘਣੀ ਛਾਂ ਹੁੰਦੀ ਹੈ। ਇਸ ਜੰਗਲ ਵਿਚ ਇਕ ਪਾਸੇ ਬਾਬਾ ਘੁੰਮਣ ਸ਼ਾਹ ਦਾ ਦਰਬਾਰ, ਇਕ ਛੋਟਾ ਤੇ ਅਣਗੌਲਿਆ ਹੋਇਆ ਤਲਾਅ, ਆਰਾਮ ਘਰ ਅਤੇ ਇਕ ਪਾਸੇ ਸ਼ਮਸ਼ਾਨਘਾਟ ਬਣਿਆ ਹੋਇਆ ਹੈ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇਸ ਜੰਗਲ ਦੀਆਂ ਲੱਕੜਾਂ ਸਿਰਫ ਮ੍ਰਿਤਕਾਂ ਦੇ ਸਸਕਾਰ ਲਈ ਹੀ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਜੇ ਕੋਈ ਵਿਅਕਤੀ ਇਸ ਜੰਗਲ ਦੀ ਲੱਕੜ ਨੂੰ ਕਿਸੇ ਹੋਰ ਕੰਮ ਲਈ ਵਰਤਦਾ ਹੈ ਤਾਂ ਉਸ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਲੋਕ ਬਾਬਾ ਘੁੰਮਣ ਸ਼ਾਹ ਦੀ ਯਾਦ ਵਿਚ ਹਰ ਸਾਲ ਜੂਨ ਮਹੀਨੇ ਮੇਲਾ ਵੀ ਕਰਾਉਂਦੇ ਹਨ।
ਕੀ ਹੈ ਜੰਗਲ ਦਾ ਇਤਿਹਾਸ
ਬਾਬਾ ਘੁੰਮਣ ਸਿੰਘ ਪਿੰਡ ਮੋਟਮਾਂ ਦੇ ਵਸਨੀ ਸਨ ਤੇ ਜੰਗਲ ਵਾਲੀਜਗ੍ਹਾ ਦੇ ਪੁਸ਼ਤੈਨੀ ਮਾਲਕ ਸਨ। ਲੋਕਾਂ ਵਲੋਂ ਬਾਬਾ ਜੀ ਨੂੰ ਜਠੇਰਿਆਂ ਦੇ ਰੂਪ ਵਿਚ ਮੰਨਿਆ ਜਾਂਦਾ ਸੀ। ਜੰਗਲ ਦੇ ਬਾਹਰ ਲਗਾਏ ਗਏ ਇਕ ਸੂਚਨਾ ਬੋਰਡ ‘ਤੇ ਇਸ ਦੇ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਦੱਸਿਆ ਗਿਆ ਹੈ ਕਿ ਜਦੋਂ ਵੀ ਪਿੰਡ ਦੇ ਕਿਸੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਸਸਕਾਰ ਲਈ ਲੱਕੜੀ ਇਸੇ ਜੰਗਲ ਤੋਂ ਹੀ ਲਈ ਜਾਂਦੀ ਹੈ। ਇਸ ਜਗ੍ਹਾ ‘ਤੇ ਦਰਜਨਾਂ ਕਿਸਮ ਦੇ ਰੁੱਖ ਹਨ ਜੋ ਇਸੇ ਕੰਮ ਲਈ ਵਰਤੋਂ ਹੁੰਦੇ ਹਨ। ਇਸ ਜੰਗਲ ਨੂੰ ਕਲੋਪੀ ਬੰਦ ਜੰਗਲ ਵੀ ਕਿਹਾ ਜਾਂਦਾ ਹੈ ਅਤੇ ਇੱਥੇ ਕਈ ਕਿਸਮਾਂ ਦੇ ਪੰਛੀ ਵੀ ਮਿਲਦੇ ਹਨ। ਇਹਨਾਂ ਪੰਛੀਆਂ ਵਿਚ ਵੁੱਡ ਪੈਕਰ, ਰੋਕ ਪਿਜ਼ਨ, ਪੋਰਨ ਬਿੱਲ, ਬਲੈਕ ਮੈਂਗੋ, ਚਮਗਾਦੜ ਸਮੇਤ ਕਈ ਹੋਰ ਕਿਸਮਾਂ ਦੇ ਪੰਛੀ ਸ਼ਾਮਲ ਹਨ।
ਇਲਾਕੇ ਦੇ ਲੋਕਾਂ ਦੀ ਧਾਰਨਾ, ਨਾ ਬਈ ਆਪਾਂ ਨਹੀਂ ਲਿਜਾਣੀ ਇਹੋ ਜਿਹੀ ਲੱਕੜ
ਪਿੰਡ ਦੇ ਸਰਪੰਚ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਇਸ ਜੰਗਲ ਦੀਆਂ ਲੱਕੜੀਆਂ ਦੀ ਮੁਰਦੇ ਜਲਾਉਣ ਤੋਂ ਇਲਾਵਾ ਹੋਰ ਕਿਤੇ ਵਰਤੋਂ ਨਹੀਂ ਹੁੰਦੀ ਤੇ ਜੇ ਕੋਈ ਇਸਦੀ ਵਰਤੋਂ ਕਰਦਾ ਹੈ ਤਾਂ ਉਹਨਾਂ ਦਾ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਹੈ।
ਪਿੰਡ ਵਾਸੀ ਇਸ ਧਾਰਨਾ ਨੂੰ ਮੰਨਦੇ ਹੋਏ ਤੇ ਖੌਫ ਕਾਰਨ ਕਦੇ ਵੀ ਜੰਗਲ ਦੀਆਂ ਲੱਕੜੀਆਂ ਦੀ ਹੋਰ ਕਿਸੇ ਕੰਮ ਲਈ ਵਰਤੋਂ ਨਹੀਂ ਕਰਦੇ। ਪਿੰਡ ਵਾਸੀ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਜੰਗਲ ਦੀ ਇਕ ਅਨੋਖੀ ਗੱਲ ਇਹ ਹੈ ਕਿ ਜਦੋਂ ਪਿੰਡ ਦੇ ਕਿਸੇ ਵਿਅਕਤੀ ਦੀ ਮੌਤ ਹੋਣੀ ਹੁੰਦੀ ਹੈ ਤਾਂ ਉਸ ਤੋਂ ਇਕ ਮਹੀਨਾ ਪਹਿਲਾਂ ਜੰਗਲ ਦਾ ਕੋਈ ਰੁਖ ਆਪਣੇ ਆਪ ਡਿੱਗ ਪੈਂਦਾ ਹੈ, ਜਿਸ ਤੋਂ ਲੋਕਾਂ ਨੂੰ ਅਣਹੋਣੀ ਦਾ ਅੰਦਾਜ਼ਾ ਪਹਿਲਾਂ ਹੀ ਹੋ ਜਾਂਦਾ ਹੈ। ਔਰਤ ਮਹਿੰਦਰ ਕੌਰ ਨੇ ਦੱਸਿਆ ਕਿ ਇਹ ਜੰਗਲ ਅਜ਼ਾਦੀ ਤੋਂ ਪਹਿਲਾਂ ਦਾ ਹੈ। ਕਈ ਸਾਲ ਪਹਿਲਾਂ ਇਕ ਗੁੱਜਰ ਵਲੋਂ ਆਪਣਾ ਕੁੱਲ ਬਣਾਉਣ ਲਈ ਇਸ ਜੰਗਲ ਦੀ ਲੱਕੜੀ ਕੱਟੀ ਗਈ ਤਾਂ ਉਹ ਕਾਫੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ।
ਅਜਿਹੀ ਅਫਵਾਹ ਨਿੱਜੀ ਮੁਫਾਦਾਂ ਲਈ ਫੈਲਾਈ ਜਾਂਦੀ ਐ : ਤਰਕਸ਼ੀਲ
ਤਰਕਸ਼ੀਲ ਸੁਸਾਇਟੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸਾਥੀ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਕਈ ਵਾਰ ਇਨਸਾਨ ਦੀਆਂ ਜ਼ਰੂਰਤਾਂ ਸਮਾਂ ਪਾ ਕੇ ਵਹਿਮ ਬਣ ਜਾਂਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਅਜਿਹੀਆਂ ਧਾਰਨਾਵਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੁੰਦਾ। ਹੋ ਸਕਦਾ ਹੈ ਕਿ ਉਕਤ ਸਥਾਨ ‘ਤੇ ਕਦੇ ਲੱਕੜ ਦੀ ਕਮੀ ਹੁੰਦੀ ਹੋਵੇ, ਜਿਸ ਕਾਰਨ ਸਸਕਾਰ ਵਾਸਤੇ ਵੀ ਮੁਸ਼ਕਲ ਪੇਸ਼ ਆਉਂਦੀ ਹੋਵੇ। ਇਸ ਲਈ ਪੁਰਾਣੇ ਸਮੇਂ ਵਿਚ ਲੋਕਾਂ ਨੇ ਇਸ ਜੰਗਲ ਦੀ ਲੱਕੜ ਦੀ ਬੇਲੋੜੀ ਵਰਤੋਂ ਤੇ ਬਰਬਾਦੀ ਰੋਕਣ ਲਈ ਅਜਿਹੀਆਂ ਗੱਲਾਂ ਫੈਲਾਈਆਂ ਹੋਣ। ਉਹਨਾਂ ਨੇ ਦਾਅਵਾ ਕੀਤਾ ਕਿ ਅਜਿਹੀ ਕੋਈ ਗੱਲ ਨਹੀਂ ਹੁੰਦੀ ਤੇ ਉਹ ਖੁਦ ਕਿਸੇ ਵੀ ਸਮੇਂ ਇਸ ਜੰਗਲ ਦੀ ਲੱਕੜ ਤੋੜ ਕੇ ਦਿਖਾ ਸਕਦੇ ਹਨ। ਉਹਨਾਂ ਕਿਹਾ ਕਿ ਜੇ ਕੋਈ ਵੀ ਇਨਸਾਨ ਕਿਸੇ ਵੀ ਤਰ੍ਹਾਂ ਦੇ ਚਮਤਕਾਰ ਅਤੇ ਵਹਿਮ ਭਰਮ ਨੂੰ ਸਿੱਧ ਕਰਕੇ ਦਿਖਾਏਗਾ ਤਾਂ ਉਹਨਾਂ ਦੀ ਸੁਸਾਇਟੀ ਵਲੋਂ ਉਸ ਨੂੰ ਪੰਜ ਲੱਖ ਰੁਪਏ ਬਤੌਰ ਇਨਾਮ ਦਿੱਤੇ ਜਾਣਗੇ।

Check Also

ਫੈਡਰਲ ਚੋਣਾਂ : ਲੋਕ ਪੱਖੀ ਨੀਤੀਆਂ, ਬਹੁਮੱਤੀਆਂ ਹੀ ਕੀਤੀਆਂ

ਹਰਬੰਸ ਸਿੰਘ ਜੰਡਾਲੀ 416-804-1999 ਫੈਡਰਲ ਸਰਕਾਰ ਦੀਆਂ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਹਨ। …