Home / ਰੈਗੂਲਰ ਕਾਲਮ / ਮੇਰੇ ਅੰਗ ਸਾਕ

ਮੇਰੇ ਅੰਗ ਸਾਕ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਮੇਰੇ ਦਾਦੇ ਸ਼੍ਰੀ ਅਮ੍ਰਿਤ ਲਾਲ ਦੇ ਵੱਡੇ ਭਰਾਵਾ ਵਿਚੋ ਸ਼੍ਰੀ ਮੋਹਨ ਲਾਲ ਦੀ ਇਕਲੌਤੀ ਵਿਧਵਾ ਨੂੰਹ ਸੀ ਸਾਡੀ ਤਾਈ ਲਗਦੀ ਆਗਿਆ ਵੰਤੀ। ਉਹ ਹਿੰਢੀ ਬੁੜ੍ਹੀ ਸੀ ਪਰ ਸਿਦਕ ਦੀ ਪੱਕੀ । ਬਸ .. ਏਹੀ ਧਾਰ ਲਿਆ ਕਿ ਤੀਵੀਂ ਦਾ ਆਖੀਰ ਤੱਕ ਸਹੁਰਾ ਘਰ ਹੀ ‘ਸਭ ਕੁਛ’ ਹੁੰਦਾ ਹੈ ਤੇ ਮੈਂ ਵੀ ਆਪਣੀ ਸਾਰੀ ਉਮਰ ਸਹੁਰੇ ਘਰ ਹੀ ਕੱਟਾਂਗੀ । ਉਸ ਕੱਟੀ ਵੀ । ਸਾਡਾ ਸਾਰਾ ਸ਼ਰੀਕਾ- ਕਬੀਲਾ ਉਸਨੂੰ ਅਭਾਗਣ ਤੇ ਬਦ-ਸ਼ਗਨੀ ਬੜੀ ਮੰਨਦਾ ਸੀ ਕਿ ਉਹ ਆਉਂਦੇ-ਜਾਂਦੇ ਕਿਸੇ ਦੇ ਮੱਥੇ ਲੱਗੀ ਭੈੜੀ ਹੈ, ਇਹਦੇ ਤੋਂ ਬਚ ਕੇ ਲੰਘੋ । ਇਹ ਵਰਤਾਰਾ ਮੈਨੂੰ ਬੜਾ ਚੁੱਭਦਾ । ਮੈਂ ਸੋਚਦਾ ਕਿ ਜੇਕਰ ਇਹਦੀ ਥਾਂ ਮੇਰੀ ਮਾਂ ਹੁੰਦੀ .. ਫਿਰ ? ਪਰ ਮੈਂ ਨਿਆਣਾ ਸਾਂ, ਮੇਰੀ ਗੱਲ ਕਿੱਥੇ ਪੁਗਦੀ ਸੀ ਸ਼ਰੀਕੇ ਵਿੱਚ। ਤਾਈ ਨੂੰ ਸਾਡੇ ਸ਼ਰੀਕੇ -ਕਬੀਲੇ ਦੇ ਵਿਆਹਾਂ ਵਿੱਚ ਜਾਣ -ਆਣ ਦਾ ਮੌਕਾ ਨਾਂਹ ਦੇ ਬਰਾਬਰ ਹੀ ਨਸੀਬ ਹੋਇਆ। ਜਦ ਕਿਸੇ ਦੇ ਕੋਈ ਕਾਰ ਵਿਹਾਰ ਹੁੰਦਾ ਤਾਂ ਤਾਈ ਦਾ ਮੱਥਾ ਪਹਿਲਾਂ ਹੀ ਡੰਮ੍ਹ ਦਿੱਤਾ ਜਾਦਾ ਤਾ ਕਿ ਉਹ ਸਾਡੇ ਘਰ ਸੁਭਾਗੇ ਸਮੇ ਆਉਣ ਦੀ ਕ੍ਰਿਪਾ ਨਾ ਹੀ ਕਰੇ । ਇੱਕ ਥਾਲੀ ਵਿੱਚ ਨਿੱਕ-ਸੁੱਕ ਪਾ ਕੇ ਉਹਦੇ ਘਰ ਪੁਜਦਾ ਕਰ ਦਿੱਤਾ ਜਾਦਾ ਪਰ ਉਹ ਮੱਥੇ ਵੱਟ ਫਿਰ ਵੀ ਨਾ ਪਾਉਦੀ ਇਹੋ ਕਹਿੰਦੀ,”ਹੇ ਭਗਵਾਨ , ਤੇਰੀ ਮਰਜ਼ੀ।”
ਸੁਭਾਅ ਦੀ ਕੱਬੀ ਸੀ, ਜਿਹਦੇ ਨਾਲ ਵਿੱਟਰ ਬਹਿੰਦੀ ਕਈ ਕਈ ਸਾਲ ਵਿਟਰੀ ਰਹਿੰਦੀ। ਉਹ ਥੋੜਾ ਲੰਙ ਮਾਰ ਕੇ ਤੁਰਦੀ ਸੀ। ਕੱਦ ਮਧਰਾ ਸ਼ਰੀਰ ਸਮੱਧਰ ਤੇ ਰੰਗ ਸਾਵਲਾਂ । ਮਝੈਲਣ ਸੀ । ਫਿਰੋਜਪੁਰ ਦੇ ਅਸਲੀ ਮਝੈਲੀ ਇਲਾਕੇ ਮਹਾਲਮ ਉਹਦੇ ਪੇਕੇ ਸਨ। ਮੈਂ ਚਾਹੇ ਉਦੋਂ ਨਿਆਣਾ ਸਾਂ, ਪਰ ਹਾਲੇ ਵੀ ਧੁੰਦਲਾ ਜਿਹਾ ਚੇਤਾ ਹੈ, ਤਾਈ ਦਾ ਭਰਾ
ਪਿਆਰਾ ਮੱਲ ਉਹਨੂੰ ਮਿਲਣ ਆਇਆ। ਬਣਦਾ-ਤਣਦਾ ਸੇਠ। ਰੰਗ ਦਾ ਗੋਰਾ। ਖ਼ਾਕੀ ਚਾਦਰਾ ਬੰਨ੍ਹਦਾ ਤੇ ਚਿੱਟਾ ਕੁੜਤਾ ਪਹਿਨਦਾ, ਸਿਰ ਉੱਤੇ ਕੁੱਲੇ ਵਾਲੀ ਪੱਗ ਤੇ ਪੈਂਰੀਂ ਧੌੜੀ ਦੀ ਜੁੱਤੀ । ਜਦੋਂ ਉਹ ਆਇਆ ਤਾਂ ਅਸੀਂ ਸਾਰੇ ਨਿਆਣੇ ਰੌਲੀ ਪਾਉਂਦੇ, ”ਕੁਲੇ ਵਾਲੀ ਪੱਗ ਵਾਲਾ ਮਾਮਾ ਆ ਗਿਆ, ਕੁੱਲੇ ਵਾਲੀ ਪੱਗ ਵਾਲਾ ਮਾਮਾ” ਇੱਕ ਦੋ ਵਾਰੀ ਉਹ ਘੋੜੀ ਉੱਤੇ ਆਇਆ ਸੀ।
ਵੇਖਣ ਨੂੰ ਲੱਗਦਾ ਸੀ ਜਿਵੇਂ ਉਹ ਪੁਲੀਸ ਵਿੱਚ ਹੋਵੇ ਪਰ ਹੈ ਨਹੀਂ ਸੀ। ਉਹ ਸਾਡੇ ਬਾਬੇ ਕੋਲ ਘੱਟ ਬਹਿੰਦਾ ਤੇ ਆਪਣੀ ਭੈਣ ਕੋਲ ਕਿੱਕਰ ਹੇਠ ਡਾਹੇ ਮੰਜੇ ਉੱਤੇ ਗੱਲਾਂ ਕਰੀ ਜਾਂਦਾ। ਮੈਨੂੰ ਏਨਾ ਕੁ ਦ੍ਰਿਸ਼ ਹੀ ਯਾਦ ਹੈ, ਬੱਸ।
ਬਾਬੇ ਮੋਹਣ ਲਾਲ ਦੇ ਹਿੱਸੇ ਸਾਡਾ ਉਹ ਜੱਦੀ ਦਰਵਾਜ਼ਾ ਆ ਗਿਆ,ਜਿਹੜਾ 1847 ਤੋਂ ਪਹਿਲਾਂ ਸਾਡੇ ਪੜਦਾਦੇ ਸੇਠ ਕੇਸਰ ਮੱਲ ਨੇ ਮੁਸਲਮਾਨ ਮਿਸਤਰੀ ਤੋਂ ਬਣਵਾਇਆ ਸੀ, ਇਸ ਦਰਵਾਜ਼ੇ ਦੀ ਗੱਲ ਅੱਗੇ ਜਾ ਕੇ ਕਰਾਂਗਾ। ਸਾਡੇ ਹਿੱਸੇ ਆਏ ਘਰ ਲੰਬਾਈ ਵਿੱਚ ਬਹੁਤੇ ਸਨ ਤੇ ਚੌੜਾਈ ਵਿੱਚ ਘੱਟ। ਫਿਰ ਵੀ ਵਿਹੜੇ ਵਾਹਵਾ ਖੁੱਲਦੇ ਤੇ ਕੱਚੀਆਂ ਕੰਧਾਂ ਦੇ ਲਿਉੜ ਖਲੇਪੜ ਡਿੱਗਦੇ ਝਾਫਿਆਂ ਤੇ ਗਲੀਆਂ ਲੱਕੜਾਂ ਵਿੱਚ ਪੁਰਾਣੀਆਂ ਤਾਰਾਂ ਜੜ ਕੇ ਕੰਧਾਂ ਦੀ ਥਾਂ ਵਾੜਾਂ ਕੀਤੀਆਂ ਹੁੰਦੀਆਂ ਜਾਂ ਫਿਰ ਬਾਲਣ ਵਗੈਰਾ ਰੱਖ ਕੇ ਆਪਣੀ-ਆਪਣੀ ਥਾਂ ਦੀ ਮੇਰ ਕਰਦੇ। ਬਾਬੇ ਮੋਹਣ ਲਾਲ ਨੂੰ ਅਸੀਂ ਸਾਰੇ ਨਿੱਕੇ ਨਿਆਣੇ ਬਾਬਾ ਮੋਹਣਾ ਆਖਦੇ ਸਾਂ। ਕੱਦ ਦਾ ਉਹ ਵੀ ਛੋਟਾ ਸੀ। ਚੀੜੀ ਹੱਡੀ ਦਾ ਮਾਲਕ। ਕੰਨਾਂ ‘ਚ ਸੋਨੇ ਦੀਆਂ ਮੁਰਕੀਆਂ। ਮੁਰਗਾ ਖਾਣ ਦਾ ਸ਼ੌਕੀਨ। ਹਫ਼ਤੇ ‘ਚ ਦੋ-ਤਿੰਨ ਵਾਰੀ ਆਪਣੇ ਹੱਥੀਂ ਰੀਝ ਨਾਲ ਮਸਾਲਾ ਭੁੰਨਦਾ।
ਸਾਰੇ ਘਰਾਂ ਵਿੱਚ ਭੁੱਜਦੇ ਮਸਾਲੇ ਦੀ ਮਹਿਕ ਤੋਂ ਪਤਾ ਲੱਗ ਜਾਂਦਾ ਕਿ ਅੱਜ ਬਾਬੇ ਮੋਹਣੇ ਨੇ ਮੁਰਗਾ ਰਿਨ੍ਹਿੰਆ ਆਥਣ ਦੀ ਸਬਜ਼ੀ ਉਹ ਦਰਵਾਜ਼ੇ ਮੂਹਰੇ ਡਾਹੀ ਮੰਜੀ ਉੱਤੇ ਬੈਠ ਕੇ ਚੀਰਦਾ। ਪਿਛਲੀ ਉਮਰੇ ਆ ਕੇ ਉਸਨੂੰ ਦਿਸਣਾ ਘੱਟ ਹੋ ਗਿਆ। ਕੰਨਾਂ ਤੋਂ ਵੀ ਉੱਚੀ ਸੁਣਨ ਲੱਗ ਪਿਆ। ਮੜੂਕਾ ਪੂਰਾ ਕਾਇਮ ਸੀ। ਸਾਹ ਦੀ ਕਸਰ ਵੀ ਰਹਿੰਦੀ ਸੀ। ਉਸ ਦੀ ਮੰਜੀ ਦੁਆਲੇ ਆਥਣੇ ਕਾਫ਼ੀ ਲੋਕ ਆ ਬਹਿੰਦੇ। ਵੰਨ-ਸੁਵੰਨੀਆਂ ਗੱਲਾਂ ਹੁੰਦੀਆਂ। ਅਸੀਂ ਨਿਆਣੇ ਵੀ ਗੱਲਾਂ ਦੇ ਸੁਆਦ ਦੇ ਮਾਰੇ ਨੇੜੇ-ਤੇੜੇ ਆ ਬਹਿੰਦੇ । ਕੋਈ ਬੁੜ੍ਹਾ ਗੱਲ ਕਰਦਾ ਤਾਂ ਹਾਸਾ ਪਾ ਦਿੰਦੇ। ਬਾਬਾ ਮੋਹਣਾ ਖਿਝਦਾ ਤਾਂ ਮੰਜੀ ਥੱਲੇ ਪਿਆ ਛਿੱਤਰ ਖੜਕਾਉਂਦਾ। ਅਸੀਂ ਪਲ ਕੁ ਪਾਸੇ ਹੋ ਜਾਂਦੇ। ਫਿਰ ਮੱਖੀਆਂ ਵਾਂਗ ਉਹਨਾਂ ਦੇ ਦੁਆਲੇ ਭਿਣਕਦੇ। ਆਥਣ ਢਲੀ ਤੋਂ ਦੋ ਸਕੇ ਭਰਾ ਬਾਬਾ ਲਾਲ ਚੰਦ ਮਲਹੋਤਰਾ ਤੇ ਉਹਦਾ ਭਰਾ ਸ੍ਰੀ ਮੋਹਨ ਲਾਲਾ ਮਲਹੋਤਰਾ (ਸਾਡੇ ਬਾਬੇ ਦਾ ਸਿਰਨਾਵੀਆਂ) ਜਰੂਰ ਆਉਂਦੇ ਤੇ ਗੱਲਾਂ ਬਾਤਾਂ ਰਾਹੀਂ ਖ਼ੈਰ ਸੁੱਖ ਪੁੱਛਦੇ। ਹਾਸਾ ਵੀ ਪੈਂਦਾ। ਮੈਨੂੰ ਯਾਦ ਹੈ ਉਦੋਂ ਬਾਬੇ ਮੋਹਣੇ ਨੂੰ ਕਾਫ਼ੀ ਘੱਟ ਦਿਸਣ ਲੱਗ ਪਿਆ ਸੀ। ਮੇਰੇ ਮਾਸੜ (ਲੇਖੂ) ਦੀ ਹੱਟੀ ਵੀ ਨਾਲ ਹੀ ਸੀ। ਕੁਵੇਲੇ ਘਰਾਂ ਵਿੱਚੋਂ ਆਉਂਦਾ ਬਾਬਾ ਤੋਤਾ ਇੱਕ ਦਿਨ ਚੁੱਪ ਚਾਪ ਆ ਬੈਠਾ। ਉਹਦੇ ਹੱਥ ਵਿੱਚ ਇੱਕ ਲਿਫ਼ਾਫਾ ਸੀ। ਬੈਠਾ ਵੀ ਮੰਜੀ ਉੱਤੇ। ਤੋਤਾ ਲਿਫ਼ਾਫ਼ੇ ਚੋਂ ਅਗੂੰਰ ਕੱਢ ਕੱਢ ਕੇ ਖਾ ਰਿਹਾ ਸੀ। ਬਾਬੇ ਮੋਹਣੇ ਨੇ ਪੁੱਛਿਆ,”ਲੇਖੂ ਕੌਣ ਆ?”, ”ਲੇਖੂ ਮਾਸੜ ਨੇ ਕਿਹਾ,” ਤਾਇਆ ਤੋਤਾ ਅੰਗੂਰ ਖਾਂਦੈ। ਅਸੀਂ ਸਾਰੇ ਹੱਸ ਪਏ। ਤੋਤੇ ਨੇ ਗੁੱਸੇ ਵਿੱਚ ਆਏ ਨੇ ਅੰਗੂਰਾਂ ਵਾਲਾ ਲਿਫ਼ਾਫ਼ਾ ਰੂੜੀ ਵੱਲ ਵਗਾਹ ਮਾਰਿਆ,”ਥੋਨੂੰ ਚੁੱਭਦੇ ਆ ਤਾਂ ਆ ਲੋ ਨਹੀਂ ਖਾਂਦਾ ਮੈਂ।”

Check Also

ਨਿਡਰ ਯੋਧਾ ਅਤੇ ਲਾਸਾਨੀ ਸਿੱਖ ਜਰਨੈਲ-ਬਾਬਾ ਬੰਦਾ ਸਿੰਘ ਬਹਾਦਰ

ਡਾ. ਡੀ ਪੀ ਸਿੰਘ (ਕਿਸ਼ਤ ਦੂਜੀ) ਪਰੰਤੂ ਉਹਨਾਂ ਨੂੰ ਲਗਾਤਾਰ ਡਰ ਸੀ ਕਿ ਸਿੱਖ ਉਸ …