Breaking News
Home / ਪੰਜਾਬ / ਹਰਿਮੰਦਰ ਸਾਹਿਬ ਵਿੱਚ ਗੂੜ੍ਹੇ ਰੰਗ ਦੀਆਂ ਲਾਈਟਾਂ ਨਹੀਂ ਲੱਗਣਗੀਆਂ

ਹਰਿਮੰਦਰ ਸਾਹਿਬ ਵਿੱਚ ਗੂੜ੍ਹੇ ਰੰਗ ਦੀਆਂ ਲਾਈਟਾਂ ਨਹੀਂ ਲੱਗਣਗੀਆਂ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਅਤਿ-ਆਧੁਨਿਕ ਲਾਈਟਾਂ ਲਾਉਣ ਦੇ ਚੱਲ ਰਹੇ ਕੰਮ ਦੌਰਾਨ ਤਜਰਬੇ ਵਜੋਂ ਗੂੜ੍ਹੇ ਰੰਗਾਂ ਦੀਆਂ ਲਾਈਟਾਂ ਦਾ ਪ੍ਰਦਰਸ਼ਨ ਕੀਤੇ ਜਾਣ ‘ਤੇ ਸੰਗਤ ਵੱਲੋਂ ਵਿਰੋਧ ਕੀਤਾ ਗਿਆ ਹੈ। ਇਸ ਕਾਰਨ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਪ੍ਰਾਜੈਕਟ ਮੁਕੰਮਲ ਹੋਣ ਮਗਰੋਂ ਹੀ ਦੁਬਾਰਾ ਸ਼ੁਰੂ ਹੋਣਗੀਆਂ। ਲਗਪਗ 13 ਕਰੋੜ ਰੁਪਏ ਦੀ ਇਸ ਯੋਜਨਾ ਤਹਿਤ ਇਕ ਨਾਮੀਂ ਕੰਪਨੀ ਦੀਆਂ ਅਤਿ-ਆਧੁਨਿਕ ਲਾਈਟਾਂ ਲਾਈਆਂ ਗਈਆਂ ਹਨ।
ਪਿਛਲੇ ਦਿਨੀਂ ਤਜਰਬੇ ਵਜੋਂ ਦੋ-ਤਿੰਨ ਦਿਨ ਪਰਿਕਰਮਾ, ਘੰਟਾ ਘਰ, ਆਟਾ ਮੰਡੀ ਚੌਕ ਆਦਿ ਵਾਲੇ ਪਾਸੇ ਲਾਲ, ਨੀਲੇ ਤੇ ਹਰੇ ਰੰਗ ਦੀਆਂ ਲਾਈਟਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਦੌਰਾਨ ਰਾਤ ਸਮੇਂ ਸ਼ਰਧਾਲੂਆਂ ਨੇ ਇਨ੍ਹਾਂ ਲਾਈਟਾਂ ਦਾ ਪ੍ਰਦਰਸ਼ਨ ਵੀ ਵੇਖਿਆ। ਕੁਝ ਸ਼ਰਧਾਲੂਆਂ ਵੱਲੋਂ ਇਸ ਰੂਹਾਨੀ ਅਸਥਾਨ ‘ਤੇ ਇਨ੍ਹਾਂ ਗੂੜੇ ਰੰਗਾਂ ਵਾਲੀਆਂ ਲਾਈਟਾਂ ਦੇ ਪ੍ਰਦਰਸ਼ਨ ‘ਤੇ ਇਤਰਾਜ਼ ਕੀਤਾ ਗਿਆ ਹੈ। ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆ ਨੇ ਆਖਿਆ ਕਿ ਇਸ ਰੂਹਾਨੀ ਅਸਥਾਨ ‘ਤੇ ਅਜਿਹੀਆਂ ਗੂੜ੍ਹੇ ਤੇ ਭੜਕਾਊ ਰੰਗਾਂ ਵਾਲੀਆਂ ਲਾਈਟਾਂ ਦਾ ਪ੍ਰਭਾਵ ਠੀਕ ਨਹੀਂ ਹੈ। ਇਸ ਦੌਰਾਨ ਤਕਨੀਕੀ ਮਾਹਰਾਂ ਨੇ ਸਪੱਸ਼ਟ ਕੀਤਾ ਕਿ ਤਜਰਬੇ ਵਜੋਂ ਇਨ੍ਹਾਂ ਲਾਈਟਾਂ ਦਾ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਯੋਜਨਾ 20 ਜੁਲਾਈ ਤੱਕ ਮੁਕੰਮਲ ਹੋਣ ਦੀ ਉਮੀਦ ਹੈ ਅਤੇ ਇਸ ਮਗਰੋਂ ਹੀ ਕੰਪਿਊਟਰ ਦੀ ਮਦਦ ਨਾਲ ਹਲਕੇ ਰੰਗਾਂ ਦੀ ਚੋਣ ਕੀਤੀ ਜਾਵੇਗੀ। ਇਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਤਿ-ਆਧੁਨਿਕ ਲਾਈਟਾਂ ਲਾਉਣ ਦੀ ਯੋਜਨਾ ਹੇਠ ਲਾਈਟਾਂ ਲਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਇਨ੍ਹਾਂ ਨੂੰ ਕੁਨੈਕਸ਼ਨ ਦਿੱਤੇ ਜਾ ਰਹੇ ਹਨ। ਜਲਦੀ ਹੀ ਕੰਮ ਮੁਕੰਮਲ ਹੋ ਜਾਵੇਗਾ।

Check Also

ਸੁਖਬੀਰ ਬਾਦਲ ਨੇ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਹਾਰ ਨੂੰ ਲੈ ਕੇ ਕੀਤਾ ਵੱਡਾ ਦਾਅਵਾ

ਕਿਹਾ : ਪ੍ਰਧਾਨ ਮੰਤਰੀ ਦੇ ਭਾਸ਼ਣਾਂ ਤੋਂ ਨਜ਼ਰ ਆਉਂਦੀ ਭਾਜਪਾ ਦੀ ਹਾਰ ਬਠਿੰਡਾ/ਬਿਊਰੋ ਨਿਊਜ਼ : …