Breaking News
Home / ਪੰਜਾਬ / ਅਮਰਿੰਦਰ ਦੀ ਰਿਹਾਇਸ਼ ਘੇਰਨ ਜਾਂਦੇ ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਿਸ ਵਲੋਂ ਲਾਠੀਚਾਰਜ

ਅਮਰਿੰਦਰ ਦੀ ਰਿਹਾਇਸ਼ ਘੇਰਨ ਜਾਂਦੇ ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਿਸ ਵਲੋਂ ਲਾਠੀਚਾਰਜ

ਪਟਿਆਲਾ/ਬਿਊਰੋ ਨਿਊਜ਼ : ਰੁਜ਼ਗਾਰ ਦੀ ਮੰਗ ਨੂੰ ਲੈ ਕੇ ‘ਨਿਊ ਮੋਤੀ ਬਾਗ ਪੈਲੇਸ’ ਪਟਿਆਲਾ ਵੱਲ ਗਏ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ‘ਤੇ ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਦੀ ਖਿੱਚ-ਧੂਹ ਕੀਤੀ। ਇਸ ਦੌਰਾਨ ਦਰਜਨ ਦੇ ਕਰੀਬ ਬੇਰੁਜ਼ਗਾਰ ਅਧਿਆਪਕਾਂ ਨੂੰ ਸੱਟਾਂ ਵੱਜੀਆਂ ਜਿਨ੍ਹਾਂ ‘ਚ ਕੁਝ ਮਹਿਲਾਵਾਂ ਵੀ ਸ਼ਾਮਲ ਹਨ। ਤਿੱਖੇ ਰੋਸ ਪ੍ਰਦਰਸ਼ਨ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੀ 20 ਜੁਲਾਈ ਨੂੰ ਚੰਡੀਗੜ੍ਹ ‘ਚ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਬੈਠਕ ਤੈਅ ਕਰਵਾਈ ਹੈ। ਤਰੀਕ ਤੈਅ ਹੋਣ ਮਗਰੋਂ ਹੀ ਪ੍ਰਦਰਸ਼ਨਕਾਰੀ ਸ਼ਾਂਤ ਹੋਏ ਅਤੇ ਉਹ ਮੋਤੀ ਬਾਗ ਪੈਲੇਸ ਨੇੜਲੇ ਬੈਰੀਕੇਡ ਤੋਂ ਪਰਤਣ ਲਈ ਰਾਜ਼ੀ ਹੋਏ। ਪ੍ਰਦਰਸ਼ਨਕਾਰੀ ਇਸ ਗੱਲੋਂ ਡਾਢੇ ਖਫ਼ੇ ਸਨ ਕਿ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਵੱਲੋਂ 7 ਜੁਲਾਈ ਦੀ ਪਿਛਲੀ ਬੈਠਕ ਦੌਰਾਨ ਉਨ੍ਹਾਂ ਨੂੰ 14 ਜੁਲਾਈ ਦੀ ਕੈਬਨਿਟ ਮੀਟਿੰਗ ‘ਚ ਮਸਲੇ ਦਾ ਹੱਲ ਨਿਕਲਣ ਦਾ ਯਕੀਨ ਦਿਵਾਇਆ ਗਿਆ ਸੀ ਪਰ ਉਹ ਵਾਅਦਾ ਅੱਜ ਫਲਾਪ ਅਤੇ ਝੂਠਾ ਸਿੱਧ ਹੋਇਆ। ਪੁਲਿਸ ਹੱਥੋਂ ਕਈ ਮਹਿਲਾਵਾਂ ਵੀ ਕੁੱਟਮਾਰ ਅਤੇ ਖਿੱਚ-ਧੂਹ ਦਾ ਸ਼ਿਕਾਰ ਬਣੀਆਂ ਹਨ। ਜਬਰ ਦੌਰਾਨ ਪੁਲਿਸ ਕਰਮੀਆਂ ਦੀਆਂ ਤਿੰਨ ਡਾਂਗਾਂ ਵੀ ਟੁੱਟ ਗਈਆਂ, ਜਿਹੜੀਆਂ ਯੂਨੀਅਨ ਨੇ ਮੀਡੀਆ ਨੂੰ ਵੀ ਵਿਖਾਈਆਂ। ਯੂਨੀਅਨ ਦੇ ਆਗੂ ਦੀਪ ਬਨਾਰਸੀ ਨੇ ਦੱਸਿਆ ਕਿ ਪੁਲਿਸ ਨੇ ਮਹਿਲਾਵਾਂ ਨੂੰ ਬੁਰੀ ਤਰ੍ਹਾਂ ਘੜੀਸਿਆ ਹੈ। ਉਨ੍ਹਾਂ ਦੱਸਿਆ ਕਿ ਲਾਠੀਚਾਰਜ ਦੌਰਾਨ ਸੂਬਾ ਪ੍ਰਧਾਨ ਦੀਪਕ ਕੰਬੋਜ, ਸੰਦੀਪ ਸਾਮਾ, ਹਰਪ੍ਰੀਤ ਸਿੰਘ, ਪ੍ਰਗਟ ਬੋਹਾ, ਬਲਵਿੰਦਰ ਕਾਕਾ, ਅਮਨ ਸੱਗੂ, ਪਿੰਕੀ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਬੇਅੰਤ ਕੌਰ ਅਤੇ ਕਰਮਜੀਤ ਕੌਰ ਆਦਿ ਨੂੰ ਸੱਟਾਂ ਵੱਜੀਆਂ ਹਨ।

 

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …