-8.1 C
Toronto
Friday, January 23, 2026
spot_img
Homeਰੈਗੂਲਰ ਕਾਲਮਉਦਾਸ ਪਲਾਂ ਦੇ ਅੰਗ-ਸੰਗ :ਦਾਦੀ ਸਾਡਾ ਦਾਦਾ ਕਦੋਂ ਠੀਕ ਹੋਊ?

ਉਦਾਸ ਪਲਾਂ ਦੇ ਅੰਗ-ਸੰਗ :ਦਾਦੀ ਸਾਡਾ ਦਾਦਾ ਕਦੋਂ ਠੀਕ ਹੋਊ?

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਸਾਰੇ ਹਸਪਤਾਲਾਂ ਵਿਚੋਂ ਇਹੋ ਜੁਆਬ ਮਿਲਿਆ ਸੀ ਕਿ ਹੁਣ ਘਰੇ ਲਿਜਾ ਕੇ ਸੇਵਾ ਕਰੋ ਇਹਨਾਂ ਦੀ, ਬਸ ਰੱਬ ਆਸਰੇ ਹਨ ਤੁਹਾਡੇ ਪਿਤਾ ਜੀ। ਕੋਈ ਚਾਰਾ ਨਾ ਚਲਦਾ ਵੇਖ ਘਰ ਲਿਆ ਪਾਏ। ਸਾਨੂੰ ਘਰ ਦੇ ਜੀਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਚੁੱਕਾ ਸੀ ਕਿ ਪਿਤਾ ਜੀ ਹੁਣ ਠੀਕ ਨਹੀਂ ਹੋ ਸਕਣੇ। ਚੰਦਰੀ ਬਿਮਾਰੀ ਕੈਂਸਰ ਦੀ ਕਿੱਥੇ ਜਿਊਣ ਦਿੰਦੀ ਹੈ ਬੰਦੇ ਨੂੰ? ਅੰਦਰੇ-ਅੰਦਰ ਇਹੋ ਗ਼ਮ ਖਾਂਦੇ, ਮੂੰਹ ਮਸੋਸੀ ਫਿਰਦੇ ਸਾਂ ਤੇ ਘਰ ਦਾ ਕੋਈ ਜੀਅ ਆਪਸ ਵਿਚ ਖੁੱਲ੍ਹ ਕੇ ਗੱਲ ਵੀ ਨਾ ਕਰਦਾ। ਨਿਆਣੇ ਅਲੱਗ ਸਹਿਮੇ-ਸਹਿਮੇ ਜਿਹੇ ਰਹਿਣ ਲੱਗੇ ਸਨ। ਸਕੂਲ ਜਾਂਦੇ ਦਿਲ ਨਾ ਲਾਉਂਦੇ ਤੇ ਛੇਤੀ ਘਰ ਆ ਜਾਂਦੇ। ਸਾਡੀ ਮਾਂ ਨੂੰ ਪੁਛਦੇ ਕਿ ਦਾਦੀ ਸਾਡਾ ਦਾਦਾ ਕਦੋਂ ਠੀਕ ਹੋਊ? ਹੋਊ ਕਿ  ਨਹੀਂ ਠੀਕ, ਦੱਸਦੇ ਦਾਦੀ? ਮਾਂ ਨਿਆਣਿਆਂ ਤੋਂ ਆਪਣੇ ਹੰਝੂ ਲੁਕੋ ਲੈਂਦੀ ਤੇ ਬਾਬੇ ਨਾਨਕ ਦੀ ਫੋਟੋ ਵੱਲ ਹੱਥ ਜੋੜ ਕੇ  ਆਖਦੀ ਬਾਬੇ ਅੱਗੇ ਅਰਦਾਸ ਕਰੋ ਪੁੱਤ, ਥੋਡਾ ਦਾਦਾ ਠੀਕ ਹੋਜੂ…।”
ਚੰਡੀਗੜੋਂ ਮੇਰੀ ਵੱਡੀ ਭੁਆ ਸੀਤਾ ਰਾਣੀ ਮਿਲਣ ਆਈ। ਮੰਜੇ ਉਤੇ ਨਿਢਾਲ ਹੋਏ ਪਏ ਆਪਣੇ ਛੋਟੇ ਭਰਾ, (ਜਿਸਨੂੰ ਉਹ ਚੁੱਕ-ਚੁੱਕ ਖਿਡਾਉਂਦੀ ਰਹੀ ਸੀ ਤੇ ਹੱਥੀਂ ਪਾਲਿਆ-ਪਲੋਸਿਆ ਸੀ) ਵੱਲ ਦੇਖਕੇ  ਬੋਲੀ, ”ਵੇ ਬਿੱਲੂ,ਉੱਠ ਮੰਜੇ ਉਤੋਂ, ਤੈਨੂੰ ਚੰਗੇ-ਭਲੇ ਨੂੰ ਕੀ ਹੋ ਗਿਆ ਵੇ?ਉਠ ਮੰਜੇ ਤੋਂ ਸ਼ੇਰ ਬਣ..।” ਪਿਤਾ ਜੀ ਉਠ ਤਾਂ ਨਾ ਸਕੇ, ਆਪਣੀ ਭੈਣ ਵੱਲ ਦੇਖਦਿਆਂ ਉਹਨਾਂ ਦੇ ਹੰਝੂ ਵਹਿ ਤੁਰੇ। ਭੈਣ ਨੇ ਆਪਣੇ ਹੱਥਾਂ ਨਾਲ ਆਪਣੇ ਵੀਰ ਦੇ ਹੰਝੂ ਪੂੰਝੇ। ਥੋੜ੍ਹੇ ਚਿਰ ਬਾਅਦ ਭੂਆ ਏਧਰ-ਓਧਰ ਨੂੰ ਹੋਈ ਤਾਂ ਮੈਂ ਪਿਤਾ ਜੀ ਕੋਲ ਬੈਠ ਗਿਆ। ਬੋਲਦਾ ਮੈਂ ਤਲਖ ਹੋ ਗਿਆ, ”ਪਾਪਾ, ਤੈਨੂੰ ਭੁਆ ਸਾਹਮਣੇ ਰੋਣ ਦੀ ਕੀ ਲੋੜ ਪੈਗੀ ਸੀ? ਉਹ ਸਮਝਦੀ ਹੋਊਗੀ, ਖਵਰੈ ਮੇਰੇ ਭਰਾ ਦੀ ਸੇਵਾ ਸੰਭਾਲ ਨੀ ਕਰਦੇ…ਤਾਂ ਈ ਰੋਂਦਾ ਹੋਣਾ ਐ ਭਰਾ..।” ਪਿਤਾ ਜੀ ਕੁਝ ਨਾ ਬੋਲੇ। ਮੇਰੇ ਵੱਲ ਹੀ ਦੇਖਦੇ ਰਹੇ ਤੇ ਪਲ ਦੀ ਪਲ ਉਹਨਾਂ ਦੇ ਹੰਝੂ ਫਿਰ ਵਗ ਤੁਰੇ। ਮੈਂ ਕੁਝ ਵੀ ਬੋਲ ਨਾ ਸਕਿਆ। ਦੋ ਬੋਲ ਜਿਵੇਂ ਪੈਰ ਗੱਡ ਕੇ ਥਾਂਵੇਂ ਹੀ ਰੁਕ ਗਏ ਹੋਣ। ਬੋਲਾਂ ਦੀ ਖਾਮੋਸ਼ੀ ਸਾਰੇ ਹਾਲਾਤ ਨੂੰ ਆਪੇ ਬਿਆਨ ਕਰੀ ਜਾਂਦੀ ਸੀ। ਪਿਤਾ ਕੋਲੋਂ ਉਠਕੇ ਆਪਣੇ ਚੌਬਾਰੇ ਨੂੰ ਚੜ੍ਹ ਗਿਆ ਤਾਂ ਕਿ ਕਈ ਦਿਨਾਂ ਭਰਿਆ ਹੋਇਆ ਮਨ ਚੱਜ ਨਾਲ ਹੌਲਾ ਤਾਂ ਕਰ ਲਵਾਂ!
ਮਨੁੱਖ ਦੀ ਜ਼ਿੰਦਗੀ ਵਿਚ ਬਹੁਤ ਵਾਰ ਅਜਿਹੇ ਪਲ ਆਉਂਦੇ ਰਹਿੰਦੇ ਨੇ ਜਦ ਸਿਰਫ ਤੇ ਸਿਰਫ਼ ਖਾਮੋਸ਼ੀ ਹੀ ਸਾਥ ਦਿੰਦੀ ਹੈ।
ਸ਼ਬਦ ਰੁੱਸ ਕੇ ਕਿਧਰੇ ਦੂਰ ਜਾ ਬੈਠਦੇ ਨੇ। ਉਦੋਂ ਬੰਦਾ ਕਰੇ, ਤਾਂ ਕੀ ਕਰੇ! ਅਜਿਹੇ ਉਦਾਸਮਈ ਸਮੇਂ ਵਿਚ ਮੈਂ ਆਪਣੇ ਆਪ ਨੂੰ ਅਨੇਕਾਂ ਸਵਾਲ ਕਰਦਾ ਰਹਿੰਦਾ ਪਰ ਜੁਆਬ ਕਿਸੇ ਸੁਆਲ ਦਾ ਨਾ ਦੇ ਸਕਦਾ।  ਅਜੀਬ ਤਰਾਂ ਦੇ ਪਲ ਸਨ।
ਅਜਿਹੇ ਸੰਕਟਮਈ ਪਲਾਂ ਨੂੰ ਭੁੱਲ ਜਾਣਾ ਆਪਣੇ ਆਪ ਨੂੰ ਭੁੱਲ ਜਾਣ ਦੇ ਬਰਾਬਰ ਹੁੰਦਾ ਹੈ ਕਿਉਂਕਿ ਖੁਸ਼ੀ ਦੇ ਪਲ ਤਾਂ ਮਨੁੱਖ ਦੇ ਜੀਵਨ ਵਿਚ ਹਰ ਪਲ ਹੀ ਤਾਰੀ  ਰਹਿੰਦੇ ਹਨ ਤੇ ਮਨੁੱਖ ਨੂੰ ਆਪਣੇ ਨਾਲ-ਨਾਲ ਤੋਰੀ ਰਖਦੇ ਨੇ! ਬਾਕੀ ਹਰ ਨਿੱਕੀ ਤੋਂ ਨਿੱਕੀ ਤੇ ਵੱਡੀ ਗੱਲ ਨੂੰ ਸ਼ਿੱਦਤ ਨਾਲ ਅਹਿਸਾਸ ਕਰਨ ਦੀ ਹੁੰਦੀ ਹੈ, ਕੋਈ ਕਰਦਾ ਹੈ, ਕੋਈ ਨਹੀਂ ਕਰਦਾ। ਜੀਵਨ ਦੀਆ ਤਲਖ ਹਕੀਕਤਾਂ ਨੇ ਮੈਨੂੰ ਆਪਣੇ ਪਲਾਂ ਬਾਰੇ ਅਜਿਹਾ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ ਹੋਇਆ ਹੈ।

RELATED ARTICLES
POPULAR POSTS