ਭੋਪਾਲ/ਬਿਊਰੋ ਨਿਊਜ਼ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪਿਛਲੇ ਮਹੀਨੇ ਭਾਰਤ ਤੇ ਪਾਕਿਸਤਾਨ ਵਿਚ ਜਾਰੀ ਫੌਜੀ ਟਕਰਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਫੋਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਡੇ ਟੇਕ ਦਿੱਤੇ। ਰਾਹੁਲ ਭੋਪਾਲ ਵਿਚ ਪਾਰਟੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਰਾਹੁਲ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ ਵਿਚ ਇਥੇ ਕਾਂਗਰਸ ਦੇ ‘ਸੰਗਠਨ ਸ੍ਰਿਜਨ ਅਭਿਆਨ’ ਦੀ ਸ਼ੁਰੂਆਤ ਕਰਦਿਆਂ ਕਿਹਾ, ”ਟਰੰਪ ਵੱਲੋਂ ਇਕ ਫੋਨ ਆਇਆ ਤੇ ਨਰੇਂਦਰ ਜੀ ਨੇ ਫੌਰੀ ਗੋਡੇ ਟੇਕ ਦਿੱਤੇ… ਇਤਿਹਾਸ ਗਵਾਹ ਹੈ। ਭਾਜਪਾ ਤੇ ਆਰਐੱਸਐੱਸ ਦਾ ਕਿਰਦਾਰ ਹੈ ਕਿ ਉਹ ਹਮੇਸ਼ਾ ਗੋਡੇ ਟੇਕ ਦਿੰਦੇ ਹਨ।” ਰਾਹੁਲ ਨੇ ਕਿਹਾ ਕਿ ਅਮਰੀਕਾ ਦੀਆਂ ਧਮਕੀਆਂ ਦੇ ਬਾਵਜੂਦ ਭਾਰਤ ਨੇ ਪਾਕਿਸਤਾਨ ਦੇ ਦੋ ਟੋਟੇ ਕੀਤੇ। ਉਨ੍ਹਾਂ ਕਿਹਾ, ”ਕਾਂਗਰਸ ਦੇ ਬੱਬਰ ਸ਼ੇਰ ਤੇ ਸ਼ੇਰਨੀਆਂ ਨੇ ਸੁਪਰ ਪਾਵਰਾਂ (ਸਭ ਤੋਂ ਤਾਕਤਵਰ ਮੁਲਕ) ਨਾਲ ਮੱਥਾ ਲਾਇਆ, ਉਹ ਕਦੇ ਵੀ ਨਹੀਂ ਝੁਕੇ।” ਉਨ੍ਹਾਂ ਕਿਹਾ ਕਿ 1971 ਦੀ ਜੰਗ ਦੌਰਾਨ ਕੋਈ ਫੋਨ ਕਾਲ ਨਹੀਂ ਆਇਆ। ਅਮਰੀਕਾ ਦੀ ਸੱਤਵੀਂ ਫਲੀਟ, ਹਥਿਆਰ ਤੇ ਜਹਾਜ਼ ਦੀ ਆਮਦ ਦੇ ਬਾਵਜੂਦ ਇੰਦਰਾ ਗਾਂਧੀ ਨੇ ਹਾਰ ਨਹੀਂ ਮੰਨੀ ਤੇ ਕਿਹਾ ਕਿ ਉਹ ਜੋ ਚਾਹੇਗੀ ਉਹ ਕਰੇਗੀ।
ਰਾਹੁਲ ਨੇ ਸਪਸ਼ਟ ਤੌਰ ‘ਤੇ ਭਾਜਪਾ ਤੇ ਆਰਐੱਸਐੱਸ ਦੇ ਹਵਾਲੇ ਨਾਲ ਕਿਹਾ ਕਿ ਉਹ ਦੇਸ਼ ਆਜ਼ਾਦੀ ਤੋਂ ਹੀ ‘ਸਮਰਪਣ ਪੱਤਰ’ ਲਿਖਣ ਦੇ ਆਦੀ ਹਨ। ਉਨ੍ਹਾਂ ਕਿਹਾ, ”ਇਹੀ ਫ਼ਰਕ ਹੈ। ਇਹ ਉਨ੍ਹਾਂ ਦਾ ਕਿਰਦਾਰ ਹੈ। ਉਹ ਸਾਰੇ ਇਸ ਤਰ੍ਹਾਂ ਦੇ ਹਨ। ਆਜ਼ਾਦੀ ਦੇ ਸਮੇਂ ਤੋਂ ਹੀ ਉਨ੍ਹਾਂ ਨੂੰ ਸਮਰਪਣ ਪੱਤਰ ਲਿਖਣ ਦੀ ਆਦਤ ਹੈ। ਕਾਂਗਰਸ ਕਦੇ ਵੀ ਆਤਮ-ਸਮਰਪਣ ਨਹੀਂ ਕਰਦੀ। ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ ਅਤੇ (ਵੱਲਭਭਾਈ) ਪਟੇਲ ਨੇ ਕਦੇ ਹਾਰ ਨਹੀਂ ਮੰਨੀ, ਉਹ ਮਹਾਂਸ਼ਕਤੀਆਂ ਵਿਰੁੱਧ ਲੜੇ।”
ਰਾਹੁਲ ਮੁਤਾਬਕ ਦੇਸ਼ ਵਿਚਾਰਧਾਰਾ ਦਾ ਟਕਰਾਅ ਦੇਖ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ, ”ਵਿਚਾਰਧਾਰਾ ਦੀ ਲੜਾਈ ਚੱਲ ਰਹੀ ਹੈ। ਇੱਕ ਪਾਸੇ ਕਾਂਗਰਸ ਅਤੇ ਭਾਰਤ ਦਾ ਸੰਵਿਧਾਨ ਹੈ ਅਤੇ ਦੂਜੇ ਪਾਸੇ ਭਾਜਪਾ ਅਤੇ ਆਰਐੱਸਐੱਸ ਹਨ ਜੋ ਇਸ (ਸੰਵਿਧਾਨ) ਵਿੱਚ ਵਿਸ਼ਵਾਸ ਨਹੀਂ ਰੱਖਦੇ ਅਤੇ ਇਸ ਨੂੰ ਤਬਾਹ ਕਰਨਾ ਚਾਹੁੰਦੇ ਹਨ।” ਰਾਹੁਲ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਭਾਰਤ ਦੀਆਂ ਸਾਰੀਆਂ ਸੰਸਥਾਵਾਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਆਪਣੇ ਲੋਕਾਂ ਨੂੰ ਇਨ੍ਹਾਂ ਸੰਸਥਾਵਾਂ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ, ”ਉਹ ਹੌਲੀ-ਹੌਲੀ ਦੇਸ਼ ਦਾ ਗਲਾ ਘੁੱਟ ਰਹੇ ਹਨ। ਪਹਿਲੀ ਲੜਾਈ ਸੰਵਿਧਾਨ ਲਈ ਹੈ। ਇੱਕ ਪਾਸੇ ਕਾਂਗਰਸ ਅਤੇ ਇਸ ਦੀ ਵਿਚਾਰਧਾਰਾ ਹੈ ਅਤੇ ਦੂਜੇ ਪਾਸੇ ਸੰਵਿਧਾਨ ਦੇ ਵਿਰੁੱਧ ਖੜ੍ਹਾ ਆਰਐੱਸਐੱਸ ਹੈ।” ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਦੂਜੀ ਲੜਾਈ ਸਮਾਜਿਕ ਨਿਆਂ ਲਈ ਹੈ।