-8.4 C
Toronto
Saturday, December 27, 2025
spot_img
Homeਭਾਰਤਹਿਮਾਚਲ ਪ੍ਰਦੇਸ਼ 'ਚ ਮੀਂਹ ਦਾ ਕਹਿਰ 5 ਦਰਜਨ ਦੇ ਕਰੀਬ ਮੌਤਾਂ

ਹਿਮਾਚਲ ਪ੍ਰਦੇਸ਼ ‘ਚ ਮੀਂਹ ਦਾ ਕਹਿਰ 5 ਦਰਜਨ ਦੇ ਕਰੀਬ ਮੌਤਾਂ

ਸ਼ਿਮਲਾ ‘ਚ ਸ਼ਿਵ ਮੰਦਰ ‘ਤੇ ਡਿੱਗੀ ਪਹਾੜੀ; ਸੋਲਨ ਤੇ ਮੰਡੀ ‘ਚ ਦੋ ਪਰਿਵਾਰਾਂ ਦੇ 7-7 ਮੈਂਬਰਾਂ ਦੀ ਗਈ ਜਾਨ
ਸ਼ਿਮਲਾ : ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਦੇ ਚੱਲਦਿਆਂ ਵਾਪਰੀਆਂ ਘਟਨਾਵਾਂ ਵਿੱਚ ਘੱਟੋ-ਘੱਟ 5 ਦਰਜਨ ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ‘ਚੋਂ 14 ਵਿਅਕਤੀ ਸ਼ਿਮਲਾ ਨਾਲ ਸਬੰਧਤ ਹਨ। ਸੋਲਨ ਤੇ ਮੰਡੀ ਜ਼ਿਲ੍ਹਿਆਂ ‘ਚ ਦੋ ਪਰਿਵਾਰਾਂ ਦੇ ਸੱਤ-ਸੱਤ ਜੀਅ ਹਲਾਕ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਿਮਲਾ ਦੇ ਸਮਰ ਹਿੱਲ ਇਲਾਕੇ ‘ਚ ਸ਼ਿਵ ਮੰਦਿਰ ਦੇ ਮਲਬੇ ਹੇਠ ਦਬਣ ਕਾਰਨ ਨੌਂ ਵਿਅਕਤੀਆਂ ਦੀ ਮੌਤ ਹੋਈ ਹੈ। ਸੂਬੇ ਦੀ ਰਾਜਧਾਨੀ ‘ਚ ਢਿੱਗਾਂ ਖਿਸਕਣ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੌਕੇ ਦਾ ਦੌਰਾ ਕਰਦਿਆਂ ਦੱਸਿਆ ਕਿ ਸਮਰ ਹਿੱਲ ਇਲਾਕੇ ‘ਚ ਇੱਕ ਸ਼ਿਵ ਮੰਦਰ ਤੇ ਫਾਗਲੀ ਇਲਾਕੇ ‘ਚ ਇੱਕ ਹੋਰ ਥਾਂ ‘ਤੇ ਢਿੱਗਾਂ ਖਿਸਕੀਆਂ ਹਨ ਅਤੇ ਹੁਣ ਤੱਕ ਮਲਬੇ ਹੇਠੋਂ ਨੌਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ। ਫਾਗਲੀ ਇਲਾਕੇ ‘ਚ ਕਈ ਮਕਾਨ ਮਿੱਟੀ ‘ਚ ਧਸ ਗਏ ਹਨ ਅਤੇ ਇੱਥੇ ਪੰਜ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਤੇ 17 ਲੋਕਾਂ ਨੂੰ ਬਚਾਇਆ ਗਿਆ ਹੈ। ਭਾਰੀ ਮੀਂਹ ਕਾਰਨ ਸਾਰੇ ਸਕੂਲ ਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਸੂਬੇ ਦੇ ਐਮਰਜੈਂਸੀ ਵਿਭਾਗ ਨੇ ਦੱਸਿਆ ਭਾਰੀ ਮੀਂਹ ਕਾਰਨ ਸੂਬੇ ‘ਚ ਸ਼ਿਮਲਾ-ਚੰਡੀਗੜ੍ਹ ਕੌਮੀ ਮਾਰਗ ਤੇ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਸਮੇਤ 752 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸੋਲਨ ਜ਼ਿਲ੍ਹੇ ਦੇ ਜਾਦੋਨ ਪਿੰਡ ‘ਚ ਬੱਦਲ ਫਟਣ ਕਾਰਨ ਇੱਕ ਹੀ ਪਰਿਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ ਹੈ। ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ‘ਚ ਬੱਦਲ ਫਟਣ ਤੋਂ ਬਾਅਦ ਦੋ ਮਕਾਨ ਢਹਿ ਗਏ। ਹਾਦਸੇ ‘ਚ ਛੇ ਲੋਕਾਂ ਨੂੰ ਬਚਾ ਲਿਆ ਗਿਆ ਜਦਕਿ ਸੱਤ ਹੋਰਾਂ ਦੀ ਮੌਤ ਹੋ ਗਈ।
ਦੂਜੇ ਪਾਸੇ ਹਮੀਰਪੁਰ ਦੇ ਡਿਪਟੀ ਕਮਿਸ਼ਨਰ ਹੇਮਰਾਜ ਬੇਰਵਾ ਨੇ ਦੱਸਿਆ ਕਿ ਜ਼ਿਲ੍ਹੇ ‘ਚ ਮੋਹਲੇਧਾਰ ਮੀਂਹ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਲਾਪਤਾ ਹਨ। ਮੰਡੀ ਦੇ ਡਿਪਟੀ ਕਮਿਸ਼ਨਰ ਅਰਿੰਦਮ ਚੌਧਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਵਾਪਰੀਆਂ ਵੱਖ ਵੱਖ ਘਟਨਾਵਾਂ ‘ਚ 19 ਵਿਅਕਤੀਆਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਸੇਘਲੀ ਪੰਚਾਇਤ ‘ਚ ਢਿੱਗਾਂ ਖਿਸਕਣ ਦੀ ਘਟਨਾ ‘ਚ ਇੱਕ ਹੀ ਪਰਿਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ ਜਿਨ੍ਹਾਂ ‘ਚ ਦੋ ਸਾਲ ਦਾ ਬੱਚਾ ਵੀ ਸ਼ਾਮਲ ਹੈ।
ਅਮਿਤ ਸ਼ਾਹ ਨੇ ਹਿਮਾਚਲ ‘ਚ ਹੋਈਆਂ ਮੌਤਾਂ ਲਈ ਦੁੱਖ ਪ੍ਰਗਟਾਇਆ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਹੋਈਆਂ ਮੌਤਾਂ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਐੱਨਡੀਆਰਐੱਫ ਦੇ ਮੁਲਾਜ਼ਮ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਰਾਹਤ ਤੇ ਬਚਾਅ ਕਾਰਜਾਂ ‘ਚ ਲੱਗੇ ਹੋਏ ਹਨ। ਉਨ੍ਹਾਂ ਟਵੀਟ ਕੀਤਾ, ‘ਹਿਮਾਚਲ ਪ੍ਰਦੇਸ਼ ‘ਚ ਵੱਖ ਵੱਖ ਥਾਵਾਂ ‘ਤੇ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਵੱਡੀ ਗਿਣਤੀ ਲੋਕਾਂ ਦੀ ਜਾਨ ਗਈ ਹੈ। ਐੱਨਡੀਆਰਐੱਫ ਦੀ ਟੀਮ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਰਾਹਤ ਤੇ ਬਚਾਅ ਕਾਰਜਾਂ ‘ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ, ‘ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦਾ ਹਾਂ ਤੇ ਜ਼ਖ਼ਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦਾ ਹਾਂ।”

RELATED ARTICLES
POPULAR POSTS