ਰੇਲਵੇ ਵਿਭਾਗ ਨੇ ਹਾਦਸੇ ਪਿੱਛੇ ਡਰਾਈਵਰ ਦੀ ਗਲਤੀ ਤੋਂ ਕੀਤਾ ਇਨਕਾਰ
ਭੁਬਨੇਸ਼ਵਰ/ਬਿਊਰੋ ਨਿਊਜ਼ : ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਰੇਲ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ ਦੇ ਵਾਰਿਸਾਂ ਲਈ ਪੰਜ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਮੁਆਵਜ਼ਾ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਦਿੱਤਾ ਜਾਵੇਗਾ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਗੰਭੀਰ ਜ਼ਖ਼ਮੀਆਂ ਨੂੰ ਇਕ ਇਕ ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੇ ਪ੍ਰਧਾਨ ਮੰਤਰੀ ਦਫ਼ਤਰ ਵੀ ਮਿ੍ਰਤਕਾਂ ਦੇ ਵਾਰਸਾਂ ਨੂੰ ਕ੍ਰਮਵਾਰ 10-10 ਲੱਖ ਤੇ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕਰ ਚੁੱਕੇ ਹਨ। ਇਸ ਦੌਰਾਨ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਰੇਲ ਹਾਦਸੇ ਦੇ ਹਵਾਲੇ ਨਾਲ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਦੱਸਿਆ ਕਿ ਹਾਦਸੇ ਮਗਰੋਂ 1175 ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਸੀ ਤੇ ਇਨ੍ਹਾਂ ਵਿਚੋਂ 793 ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਮੌਜੂਦਾ ਸਮੇਂ 382 ਮਰੀਜ਼ ਵੱਖ ਵੱਖ ਸਰਕਾਰੀ ਤੇ ਨਿੱਜੀ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਉਧਰ ਭਾਰਤੀ ਰੇਲਵੇ ਨੇ ਉੜੀਸਾ ਦੇ ਬਾਲਾਸੌਰ ਵਿਚ ਵਾਪਰੇ ਭਿਆਨਕ ਰੇਲ ਹਾਦਸੇ ਪਿੱਛੇ ਰੇਲ ਚਾਲਕ ਦੀ ਕੋਈ ਗ਼ਲਤੀ ਹੋਣ ਜਾਂ ਫਿਰ ਸਿਸਟਮ ਵਿੱਚ ਕਿਸੇ ਤਰ੍ਹਾਂ ਦਾ ਨੁਕਸ ਪੈਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਰੇਲਵੇ ਨੇ ਕਿਹਾ ਕਿ ਹਾਦਸੇ ਦਾ ਕਾਰਨ ਇਲੈਕਟ੍ਰੋਨਿਕ ਇੰਟਰਲਾਕਿੰਗ ਸਿਸਟਮ ਨਾਲ ‘ਛੇੜਛਾੜ’ ਤੇ ਸੰਭਾਵੀ ਸਾਬੋਤਾਜ ਦੀ ਕੋੋਸ਼ਿਸ਼ ਹੋ ਸਕਦੀ ਹੈ।