ਕਿਹਾ : ਉਧਾਰ ਸੀਮਾ ’ਚ ਕਟੌਤੀ ਕਰਨ ਬਦਲੇ ਦਿੱਲੀ ’ਚ ਮੋਦੀ ਸਰਕਾਰ ਖਿਲਾਫ ਧਰਨਾ ਦੇ ਮੁੱਖ ਮੰਤਰੀ ਮਾਨ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਆਰਥਿਕ ਤੰਗੀ ਨਾਲ ਜੂਝ ਰਹੇ ਸੂਬੇ ਪੰਜਾਬ ਦੇ ਵਿੱਤੀ ਅਧਿਕਾਰਾਂ ਦੀ ਰਾਖੀ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁੱਧ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰਨ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਸਾਲ ਅਪ੍ਰੈਲ ਵਿੱਚ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਨਾਲ ਮਿਲ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ਼ਰਾਬ ਨੀਤੀ ਮਾਮਲੇ ਵਿੱਚ ਜਾਂਚ ਏਜੰਸੀ ਵੱਲੋਂ ਕੀਤੀ ਗਈ ਪੁੱਛਗਿੱਛ ਦੇ ਖ਼ਿਲਾਫ਼ ਸੀਬੀਆਈ ਦੇ ਦਫ਼ਤਰ ਦੇ ਬਾਹਰ ਦਿੱਲੀ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਸੀ। ਜੇ ਪੰਜਾਬ ਦੇ ਸੀ ਐੱਮ ਭਗਵੰਤ ਮਾਨ ਭਾਰਤ ਦੀ ਇੱਕ ਚੋਟੀ ਦੀ ਜਾਂਚ ਏਜੰਸੀ ਵੱਲੋਂ ਕਿਸੇ ਨੂੰ ਸਵਾਲ ਕਰਨ ਦਾ ਆਪਣਾ ਜਾਇਜ਼ ਫ਼ਰਜ਼ ਨਿਭਾਉਣ ਤੋਂ ਬਾਅਦ ਧਰਨੇ ’ਤੇ ਬੈਠ ਸਕਦੇ ਹਨ, ਤਾਂ ਉਹ ਹੁਣ ਸੂਬੇ ਦੇ ਹੱਕਾਂ ਦੀ ਰਾਖੀ ਲਈ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦੇ? ਮਾਨ ਨੂੰ ਇਸ ’ਤੇ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ।’’ ਬਾਜਵਾ ਨੇ ਕਿਹਾ। ਇੱਕ ਬਿਆਨ ਵਿੱਚ, ਕਾਦੀਆਂ ਦੇ ਵਿਧਾਇਕ, ਬਾਜਵਾ ਨੇ ਕਿਹਾ ਕਿ ਫ਼ੰਡਾਂ ਦੀ ਘਾਟ ਵਾਲੇ ਸੂਬੇ, ਪੰਜਾਬ ਨੇ ਹਾਲ ਹੀ ਵਿੱਚ ਕੇਂਦਰ ਤੋਂ ਕੁਝ ਵੱਡੇ ਵਿੱਤੀ ਝਟਕੇ ਸਹਿਣ ਕੀਤੇ ਹਨ ਅਤੇ ਉਨ੍ਹਾਂ ਵਿੱਚੋਂ ਕੁਝ ‘ਆਪ’ ਸਰਕਾਰ ਦੀਆਂ ਆਪਣੀਆਂ ਨੀਤੀਆਂ ਦੇ ਨਤੀਜੇ ਹਨ। ਕੇਂਦਰ ਸਰਕਾਰ ਨੇ ਪੰਜਾਬ ਦੀ ਉਧਾਰ ਸੀਮਾ 18,000 ਕਰੋੜ ਰੁਪਏ ਘਟਾ ਦਿੱਤੀ ਹੈ – 39,000 ਕਰੋੜ ਰੁਪਏ ਤੋਂ ਘਟਾ ਕੇ 21,000 ਕਰੋੜ ਰੁਪਏ ਕਰ ਦਿੱਤੀ ਹੈ। ਕਿਆਸ ਹਨ ਕਿ ਅਜਿਹਾ ਸੂਬੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕਰਨ ਕਰਕੇ ਹੋਇਆ ਹੈ।