1969 ‘ਚ ਬੀਐਸਐਫ ਦੇ ਸਿਖਲਾਈ ਕੇਂਦਰ ਇੰਦੌਰ ਨੂੰ ਕੀਤਾ ਗਿਆ ਸੀ ਤਬਦੀਲ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ਹੀਦ ਭਗਤ ਸਿੰਘ ਦਾ ‘ਲਾਪਤਾ’ ਪਿਸਤੌਲ, ਜਿਸ ਨਾਲ ਲਾਹੌਰ ਵਿੱਚ 17 ਦਸੰਬਰ, 1928 ਨੂੰ ਸਹਾਇਕ ਪੁਲਿਸ ਸੁਪਰਡੈਂਟ ਜੌਹਨ ਸਾਂਡਰਸ ਨੂੰ ਮਾਰਿਆ ਗਿਆ ਸੀ, ਆਖਰੀ ਵਾਰ ਪੰਜਾਬ ਪੁਲਿਸ ਅਕੈਡਮੀ, ਫਿਲੌਰ ਵਿੱਚ 7 ਅਕਤੂਬਰ, 1969 ਨੂੰ ਦੇਖਿਆ ਗਿਆ ਸੀ। ਅਮਰੀਕਾ ਦੇ ਬਣੇ ਕੋਲਟ .32 ਬੋਰ ਦੇ ਇਸ ਆਟੋਮੈਟਿਕ ਪਿਸਤੌਲ ਦਾ ਬੱਟ ਨੰ. 460-ਐਮ ਅਤੇ ਬਾਡੀ ਨੰ-168896 ਸੀ ਅਤੇ ਇਸ ਨੂੰ ਬੀਐਸਐਫ ਦੇ ਸੈਂਟਰਲ ਸਕੂਲ ਆਫ ਵੈਪਨ ਐਂਡ ਟੈਕਟਿਕਸ (ਸੀਐਸਡਬਲਿਊਟੀ), ਇੰਦੌਰ ਵਿੱਚ ਤਬਦੀਲ ਕੀਤਾ ਗਿਆ ਸੀ।
‘ਦਿ ਟ੍ਰਿਬਿਊਨ’ ਨੇ ਇਸ ਮਾਮਲੇ ਨੂੰ ਚਾਰ ਕਿਸ਼ਤਾਂ ਵਿੱਚ ઠਪ੍ਰਕਾਸ਼ਿਤ ਕੀਤੀ ਜਾਣਕਾਰੀ ਵਿੱਚ ਉਭਾਰਿਆ ਸੀ। ਪੰਜਾਬ ਰਾਜ ਪੁਰਾਲੇਖ, ਲਾਹੌਰ ਵਿੱਚ ਪਈਆਂ ਲਾਹੌਰ ਸਾਜ਼ਿਸ਼ ਕੇਸ ਨਾਲ ਸਬੰਧਤ 160 ਫਾਈਲਾਂ ਤੱਕ ਪਹਿਲੀ ਵਾਰ ਪਹੁੰਚ ਕਰਨ ਵਾਲੀ ਖੋਜਾਰਥੀ ਅਪਰਨਾ ਵੈਦਿਕ ਨੇ ਦੱਸਿਆ ਕਿ ਭਗਤ ਸਿੰਘ ਦਾ ਪਿਸਤੌਲ ਲਾਹੌਰ ਫੋਰਟ, ਪੁਲਿਸ ਮਾਲਖਾਨਾ, ਗਵਾਲਮੰਡੀ, ਲਾਹੌਰ ਜਾਂ ਪੰਜਾਬ ਪੁਲਿਸ ਅਕੈਡਮੀ, ਫਿਲੌਰ ਵਿੱਚ ਹੋ ਸਕਦਾ ਹੈ। ਇਸ ਦੇ ਆਧਾਰ ਉਤੇ ‘ਦਿ ਟ੍ਰਿਬਿਊਨ’ ਨੇ ਇਸ ਪਿਸਤੌਲ ਸਬੰਧੀ ਰਿਕਾਰਡ ਲੱਭਿਆ। ਪੰਜਾਬ ਪੁਲਿਸ ਅਕੈਡਮੀ, ਫਿਲੌਰ ਦੇ ਰਿਕਾਰਡ ਰਜਿਸਟਰ ਵਿੱਚ ਦਰਜ ਹੈ ਕਿ 7 ਅਕਤੂਬਰ, 1969 ਨੂੰ ਸੀਐਸਡਬਲਿਊਟੀ ਨੂੰ ਤਬਦੀਲ ਕੀਤੇ ਗਏ ਅੱਠ ਹਥਿਆਰਾਂ ਵਿੱਚ ਇਹ ਪਿਸਤੌਲ ਵੀ ਸ਼ਾਮਲ ਸੀ।
ਪੰਜਾਬ ਪੁਲਿਸ ਅਕੈਡਮੀ, ਫਿਲੌਰ ਦੇ ਡਾਇਰੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਪਿਸਤੌਲ ਨੂੰ ਤਬਦੀਲ ਕਰਨ ਬਾਰੇ ਕੋਈ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ। ਇਹ ਹਥਿਆਰ ਬੀਐਸਐਫ ਕਮਾਂਡੈਂਟ ਵੱਲੋਂ ਸੀਐਸਡਬਲਿਊਟੀ ਇੰਦੌਰ ਲਿਜਾਏ ਗਏ ਸਨ। ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ ਇਹ ਪਿਸਤੌਲ 1969 ਤੱਕ ਭਾਰਤ ਵਿੱਚ ਸੀ। ਸੀਐਸਡਬਿਲਊਟੀ ਦੇ ਸਹਾਇਕ ਕਮਾਡੈਂਟ ਵਿਜੈ ਰੌਇ ਨੇ ਦੱਸਿਆ, ‘ਇਸ ਸਮੇਂ ਅਜਿਹਾ ਕੋਈ ਹਥਿਆਰ ਉਨ੍ਹਾਂ ਦੇ ਮਿਊਜ਼ੀਅਮ ਵਿੱਚ ਨਹੀਂ ਹੈ। ਰਿਕਾਰਡ ਖੰਘਾਲਿਆ ਜਾਵੇਗਾ। ਹੋ ਸਕਦੈ ਇਸ ਨੂੰ ਕਿਸੇ ਹੋਰ ਮਿਊਜ਼ੀਅਮ ਵਿੱਚ ਤਬਦੀਲ ਕਰ ਦਿੱਤਾ ਗਿਆ ਹੋਵੇ।’ ਇਤਿਹਾਸਕਾਰ ਗੁਰਦੇਵ ਸਿੰਘ ਸਿੱਧੂ ਨੇ ਕਿਹਾ, ‘ਪਿਸਤੌਲ ਦੀ ਖੋਜ ਲਈ ਇਹ ਖੁਲਾਸਾ ਅਹਿਮ ਹੈ। ਘੱਟੋ ਘੱਟ ਹੁਣ ਸਾਨੂੰ ਇਹ ਤਾਂ ਪਤਾ ਹੈ ਕਿ ਪਿਸਤੌਲ ਭਾਰਤ ਵਿੱਚ ਹੈ ਅਤੇ ਕਿਤੇ ਸਾਡੀ ਪਹੁੰਚ ਵਿੱਚ ਹੈ। ਪੰਜਾਬ ਸਰਕਾਰ ਇਸ ਨੂੰ ਲੱਭਣ ਲਈ ਯਤਨ ਕਰੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੰਗ-ਏ-ਆਜ਼ਾਦੀ ਯਾਦਗਾਰ ਦਾ ਉਦਘਾਟਨ ਕੀਤਾ ਹੈ, ਜਿਸ ਵਿੱਚ ਸ਼ਹੀਦ ਭਗਤ ਸਿੰਘ ਦੀ ਵਿਸ਼ੇਸ਼ ਗੈਲਰੀ ਹੈ। ਇਹ ਪਿਸਤੌਲ ਉਥੇ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।’
ਭਗਤ ਸਿੰਘ ਦਾ ਪਿਸਤੌਲ ਲੱਭ ਕੇ ਫ਼ੌਰੀ ਪੰਜਾਬ ਲਿਆਂਦਾ ਜਾਵੇ: ਮਨਪ੍ਰੀਤ ਬਾਦਲ
ਚੰਡੀਗੜ੍ਹ/ਬਿਊਰੋ ਨਿਊਜ਼ਕਾਂਗਰਸ ਆਗੂ ਮਨਪ੍ਰੀਤ ਸਿੰਘ ਬਾਦਲ ਅਤੇ ਇਤਿਹਾਸਕਾਰ ਮਾਲਵਿੰਦਰਜੀਤ ਸਿੰਘ ਵੜੈਚ ਨੇ ਸ਼ਹੀਦ ਭਗਤ ਸਿੰਘ ਦੇ ‘ਲਾਪਤਾ’ ਪਿਸਤੌਲ ਨੂੰ ਤੁਰੰਤ ਲੱਭ ਕੇ ਇਸ ਨੂੰ ਪੰਜਾਬ ਵਿੱਚ ਪ੍ਰਦਰਸ਼ਿਤ ਕਰਨ ਦੀ ਮੰਗ ਕੀਤੀ ਹੈ।
ਸੀਨੀਅਰ ਕਾਂਗਰਸ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਬਾਰੇ ਛਪੀਆਂ ਰਿਪੋਰਟਾਂ ‘ਤੇ ਪ੍ਰਤੀਕਿਰਿਆ ਜਤਾਉਂਦੇ ਹੋਏ ਕਿਹਾ ਕਿ ਭਗਤ ਸਿੰਘ ਦੇ ਪਿਸਤੌਲ ਨੂੰ ਮਹਿਜ਼ ਇੱਕ ਹਥਿਆਰ ਨਾ ਸਮਝ ਕੇ ਕੌਮੀ ਸਮਾਰਕੀ ਵਸਤੂ ਵਾਂਗ ਪ੍ਰਦਰਸ਼ਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇ ਹਥਿਆਰ ਨੂੰ ਪੈਟਨ ਟੈਂਕਾਂ, ਜਿਨ੍ਹਾਂ ਨੂੰ ਭਾਰਤੀ ਫ਼ੌਜਾਂ ਨੇ ਪਿਛਲੀਆਂ ਜੰਗਾਂ ਦੌਰਾਨ ਪਾਕਿਸਤਾਨ ਤੋਂ ਖੋਹਿਆ ਸੀ, ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਭਗਤ ਸਿੰਘ ਦੇ ਪਿਸਤੌਲ ਨੇ ਬ੍ਰਿਟਿਸ਼ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ।