ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 10ਵਾਂ ਦਿਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ-ਹਰਿਆਣਾ ਦੀ ਸਰਹੱਦ ’ਤੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਵੀਰਵਾਰ ਨੂੰ 10ਵਾਂ ਦਿਨ ਹੈ। ਧਿਆਨ ਰਹੇ ਕਿ ਲੰਘੀ 13 ਫਰਵਰੀ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਸੀ ਅਤੇ ਹਰਿਆਣਾ ਦੇ ਬਾਰਡਰਾਂ ’ਤੇ ਹਰਿਆਣਾ ਦੀ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਅਤੇ ਕਿਸਾਨ ਇਨ੍ਹਾਂ ਦੋਵਾਂ ਬਾਰਡਰਾਂ ’ਤੇੋ ਧਰਨਾ ਲਗਾ ਕੇ ਬੈਠੇ ਹੋਏ ਹਨ। ਕਿਸਾਨਾਂ ਵਲੋਂ ਹੁਣ ‘ਦਿੱਲੀ ਕੂਚ’ ਦਾ ਅਗਲਾ ਫੈਸਲਾ ਭਲਕੇ 23 ਫਰਵਰੀ ਨੂੰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਵੀ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਸੀ ਅਤੇ ਇਸੇ ਦੌਰਾਨ ਸ਼ੰਭੂ ਅਤੇ ਖਨੌਰੀ ਦੇ ਬਾਰਡਰ ’ਤੇ ਹਰਿਆਣਾ ਦੀ ਪੁਲਿਸ ਵਲੋਂ ਭਾਰੀ ਮਾਤਰਾ ਵਿਚ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਦੌਰਾਨ ਖਨੌਰੀ ਦੇ ਬਾਰਡਰ ’ਤੇ ਇਕ ਨੌਜਵਾਨ ਕਿਸਾਨ ਦੀ ਜਾਨ ਵੀ ਚਲੇ ਗਈ ਸੀ ਅਤੇ ਇਸਦੇ ਚੱਲਦਿਆਂ ਮਾਹੌਲ ਵੀ ਤਣਾਅ ਵਾਲਾ ਹੀ ਬਣਿਆ ਰਿਹਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਆਰੋਪ ਹੈ ਕਿ ਹਰਿਆਣਾ ਪੁਲਿਸ ਵਲੋਂ ਚਲਾਈ ਗਈ ਗੋਲੀ ਨਾਲ ਨੌਜਵਾਨ ਕਿਸਾਨ ਦੀ ਜਾਨ ਗਈ ਹੈ ਅਤੇ ਹਰਿਆਣਾ ਪੁਲਿਸ ’ਤੇ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸਦੇ ਚੱਲਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਲਕੇ 23 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਕੂਚ ਸਬੰਧੀ ਅਗਲਾ ਫੈਸਲਾ ਲਿਆ ਜਾਵੇਗਾ।