ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਮਾਜਿਕ ਨਿਆਂ ਮੰਤਰੀ ਰਾਜ ਕੁਮਾਰ ਵੇਰਕਾ ਨੇ ਬਹੁ ਕਰੋੜੀ ਪੋਸਟ ਮੈਟ੍ਰਿਕ ਐਸਸੀ ਵਜ਼ੀਫਾ ਘੁਟਾਲੇ ਸਬੰਧੀ ਪੰਜ ਮੁਲਾਜ਼ਮਾਂ ਨੂੰ ਚਾਰਜਸ਼ੀਟ ਕਰਨ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਚਾਰਜਸ਼ੀਟ ਤੋਂ ਬਾਅਦ ਪੰਜਾਂ ਮੁਲਾਜ਼ਮਾਂ ਤੋਂ ਲਾਏ ਗਏ ਆਰੋਪਾਂ ਸਬੰਧੀ ਜਵਾਬ ਮੰਗਿਆ ਜਾਵੇਗਾ।
ਇਸ ਮਾਮਲੇ ਵਿਚ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ‘ਤੇ ਆਰੋਪ ਲੱਗੇ ਸਨ ਕਿ ਉਸ ਨੇ ਆਏ ਫੰਡਾਂ ਵੀ ਗਲਤ ਤਰੀਕੇ ਨਾਲ ਵੰਡ ਕੀਤੀ। ਵੇਰਕਾ ਨੇ ਕਿਹਾ ਕਿ ਇਸ ਮਾਮਲੇ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕੀਤੀ ਜਾਵੇਗੀ ਤੇ ਆਰੋਪੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਜ਼ਿਕਰਯੋਗ ਹੈ ਕਿ 55.71 ਕਰੋੜ ਦੇ ਘੁਟਾਲੇ ਦਾ ਵਧੀਕ ਮੁੱਖ ਸਕੱਤਰ ਵਲੋਂ ਜਾਰੀ ਕੀਤੀ ਰਿਪੋਰਟ ਵਿਚ ਖੁਲਾਸਾ ਹੋਇਆ ਸੀ। ਇਸ ਮਾਮਲੇ ਵਿਚ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਇਸ ਮਾਮਲੇ ਕਾਰਨ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵਿਰੋਧੀ ਪਾਰਟੀਆਂ ਨੇ ਅਸਤੀਫਾ ਮੰਗਦਿਆਂ ਪ੍ਰਦਰਸ਼ਨ ਕੀਤੇ ਸਨ।