Breaking News
Home / ਪੰਜਾਬ / ਪੰਜਾਬ ਵਿੱਚ ਡੂੰਘਾ ਹੋਣ ਲੱਗਾ ਧਰਤੀ ਹੇਠਲੇ ਪਾਣੀ ਦਾ ਸੰਕਟ

ਪੰਜਾਬ ਵਿੱਚ ਡੂੰਘਾ ਹੋਣ ਲੱਗਾ ਧਰਤੀ ਹੇਠਲੇ ਪਾਣੀ ਦਾ ਸੰਕਟ

ਪਿਛਲੇ ਸਾਲਾਂ ਦੌਰਾਨ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਗਿਆ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਵਿੱਚ ਸਭ ਤੋਂ ਵੱਧ ਪਾਣੀ ਦੀ ਵਰਤੋਂ ਖੇਤੀ ਵਿੱਚ ਕੀਤੀ ਜਾਂਦੀ ਹੈ ਜਿਸ ਕਰਕੇ ਪਿਛਲੇ ਕੁਝ ਸਾਲਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ।
ਇੱਕ ਰਿਪੋਰਟ ਅਨੁਸਾਰ 114 ਬਲਾਕ ਅਤੇ 3 ਸ਼ਹਿਰੀ ਖੇਤਰ ਗੰਭੀਰ ਸਥਿਤੀ ਵਿੱਚ ਪਹੁੰਚ ਗਏ ਹਨ। ਇਸ ਬਾਰੇ ਪੀਏਯੂ ਦੇ ਫਸਲ ਵਿਭਾਗ ਦੇ ਵਿਗਿਆਨੀਆਂ ਸੁਖਪ੍ਰੀਤ ਸਿੰਘ, ਵਿਨੈ ਕੁਮਾਰ ਸਿੰਧੂ ਅਤੇ ਅਜਮੇਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਝੋਨੇ ਹੇਠ ਰਕਬਾ ਜੋ 1960-61 ਵਿੱਚ 2.27 ਲੱਖ ਹੈਕਟੇਅਰ ਸੀ, ਸਾਲ 2022-23 ਵਿੱਚ ਵਧ ਕੇ 31.68 ਲੱਖ ਹੈਕਟੇਅਰ ਹੋ ਗਿਆ।
ਇਸੇ ਤਰ੍ਹਾਂ ਟਿਊਬਵੈੱਲਾਂ ਦੀ ਗਿਣਤੀ ਵੀ 70 ਹਜ਼ਾਰ ਤੋਂ ਵਧ ਕੇ 14.82 ਲੱਖ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਪਾਣੀ ਦੀ ਸਾਲਾਨਾ ਉਪਲੱਬਧਤਾ 53 ਬਿਲੀਅਨ ਕਿਊਬਿਕ ਮੀਟਰ ਹੈ ਜਦਕਿ ਮੰਗ 60 ਬੀਸੀਐੱਮ ਹੈ।
ਇਸ ਫਰਕ ਨੂੰ ਪੂਰਾ ਕਰਨ ਲਈ ਧਰਤੀ ਹੇਠਲੇ ਡੂੰਘੇ ਪਾਣੀ ਦੇ ਸਰੋਤਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਇੱਕ ਰਿਪੋਰਟ ਅਨੁਸਾਰ ਸੂਬੇ ਵਿੱਚ 114 ਬਲਾਕ ਅਤੇ 3 ਸ਼ਹਿਰੀ ਖੇਤਰ ਅਤਿ-ਨਾਜ਼ੁਕ ਸਥਿਤੀ ਵਿੱਚ ਪਹੁੰਚ ਗਏ ਹਨ।
ਮਾਹਿਰਾਂ ਨੇ ਕਿਹਾ ਕਿ ਸਾਉਣੀ ਸੀਜ਼ਨ ਵਿੱਚ 80 ਫੀਸਦੀ ਪਾਣੀ ਦੀ ਖਪਤ ਝੋਨੇ ਦੀ ਖੇਤੀ ਵਿੱਚ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਪਾਣੀ ਬਚਾਉਣ ਲਈ ਝੋਨੇ ਹੇਠਲਾਂ ਕੁਝ ਰਕਬਾ ਨਰਮਾ, ਬਾਸਮਤੀ, ਮੱਕੀ, ਦਾਲਾਂ ਹੇਠ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਪੀਏਯੂ ਵੱਲੋਂ ਪ੍ਰਮਾਣਿਤ ਝੋਨੇ ਦੀਆਂ ਕਿਸਮਾਂ ਪੀਆਰ-121, 126, 128, 129, 130 ਅਤੇ ਪੀਆਰ 131 ਨੂੰ ਤਰਜੀਹ ਦੇਣ ਤਾਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …