Breaking News
Home / ਪੰਜਾਬ / ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਲਈ ਸੌਖਾ ਨਹੀਂ ਹੋਵੇਗਾ ਰਾਹ

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਲਈ ਸੌਖਾ ਨਹੀਂ ਹੋਵੇਗਾ ਰਾਹ

ਸੰਨੀ ਦਿਓਲ ਨੂੰ ਭਾਜਪਾ ਵਲੋਂ ਇਸ ਵਾਰ ਨਹੀਂ ਦਿੱਤੀ ਗਈ ਟਿਕਟ
ਪਠਾਨਕੋਟ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਵੱਲੋਂ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ 3 ਵਾਰ ਵਿਧਾਇਕ ਤੇ ਸਾਬਕਾ ਡਿਪਟੀ ਸਪੀਕਰ ਰਹੇ ਦਿਨੇਸ਼ ਬੱਬੂ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਣ ਮਗਰੋਂ ਕਿਆਸਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੇ ਸਮਰਥਕ ਖੁਸ਼ ਹਨ ਤੇ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਹੋਣ ਵਾਲੀਆਂ ਚੋਣਾਂ ਵਿੱਚ ਬਦਲੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਦਿਨੇਸ਼ ਸਿੰਘ ਬੱਬੂ ਲਈ ਰਸਤਾ ਆਸਾਨ ਨਹੀਂ ਹੈ ਅਤੇ ਉਸ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਗੁਰਦਾਸਪੁਰ ਸੰਸਦੀ ਹਲਕੇ ਅੰਦਰ 9 ਵਿਧਾਨ ਸਭਾ ਹਲਕੇ (ਪਠਾਨਕੋਟ, ਸੁਜਾਨਪੁਰ, ਭੋਆ, ਦੀਨਾਨਗਰ, ਗੁਰਦਾਸਪੁਰ, ਬਟਾਲਾ, ਕਾਦੀਆਂ, ਫਤਹਿਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ) ਪੈਂਦੇ ਹਨ। ਸਭ ਤੋਂ ਪਹਿਲੀ ਚੁਣੌਤੀ ਤਾਂ ਇਹ ਹੈ ਕਿ ਮੌਜੂਦਾ ਸੰਸਦ ਮੈਂਬਰ ਸਨੀ ਦਿਓਲ ਦਾ ਰਿਪੋਰਟ ਕਾਰਡ ਪੂਰੇ ਹਲਕੇ ਅੰਦਰ ਬਹੁਤ ਮਾੜਾ ਰਿਹਾ ਹੈ। ਉਸ ਬਾਰੇ ਦਿਨੇਸ਼ ਬੱਬੂ ਨੂੰ ਆਪਣੇ ਚੋਣ ਪ੍ਰਚਾਰ ਸਮੇਂ ਹਰ ਪਿੰਡ ਵਿੱਚ ਸਪੱਸ਼ਟੀਕਰਨ ਦੇਣਾ ਪਵੇਗਾ। ਦੂਸਰਾ ਸਨੀ ਦਿਓਲ 2019 ਦੀ ਚੋਣ ਸਮੇਂ ਜਦੋਂ ਜਿੱਤਿਆ ਸੀ ਤਾਂ ਉਸ ਜਿੱਤ ਵਿੱਚ ਪਠਾਨਕੋਟ, ਸੁਜਾਨਪੁਰ, ਭੋਆ ਤੇ ਦੀਨਾਨਗਰ ਜੋ ਹਿੰਦੂ ਬਹੁ ਗਿਣਤੀ ਹਲਕੇ ਹਨ, ਵਿੱਚੋਂ ਸਨੀ ਦਿਓਲ ਦੀ ਲੀਡ ਇਕ ਲੱਖ ਤੋਂ ਵੱਧ ਵੋਟਾਂ ਦੀ ਸੀ। ਬਾਕੀ 5 ਹਲਕਿਆਂ ਗੁਰਦਾਸਪੁਰ, ਬਟਾਲਾ, ਕਾਦੀਆਂ, ਫਤਹਿਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਵਿੱਚੋਂ ਸਨੀ ਦਿਓਲ ਹਾਰਿਆ ਸੀ। ਚਾਰੇ ਹਿੰਦੂ ਬਹੁ ਗਿਣਤੀ ਹਲਕਿਆਂ ਦੀ ਲੀਡ ਹੀ ਸਨੀ ਦਿਓਲ ਦੀ ਜਿੱਤ ਦਾ ਮੁੱਖ ਕਾਰਨ ਬਣੀ ਸੀ। ਉਸ ਵੇਲੇ ਤਾਂ ਭਾਜਪਾ-ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗੱਠਜੋੜ ਸੀ ਪਰ ਇਸ ਵਾਰ ਦੋਹੇਂ ਪਾਰਟੀਆਂ ਵੱਖੋ-ਵੱਖਰੀਆਂ ਹਨ। ਇਸ ਵਾਰ ਪੂਰੇ 9 ਹਲਕਿਆਂ ਵਿੱਚੋਂ ਸਿਰਫ ਪਠਾਨਕੋਟ ਵਿੱਚ ਹੀ ਭਾਜਪਾ ਦਾ ਵਿਧਾਇਕ ਹੈ ਜਦ ਕਿ ਸੁਜਾਨਪੁਰ, ਦੀਨਾਨਗਰ, ਕਾਦੀਆਂ, ਫਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਦੇ ਸਾਰੇ 6 ਹਲਕਿਆਂ ਵਿੱਚ ਕਾਂਗਰਸ ਦੇ ਵਿਧਾਇਕ ਹਨ। ਬਾਕੀ ਬਟਾਲਾ ਅਤੇ ਭੋਆ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਖੁਦ ਦਿਨੇਸ਼ ਬੱਬੂ ਵੀ 2022 ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸੁਜਾਨਪੁਰ ਹਲਕੇ ਤੋਂ ਹਾਰ ਚੁੱਕੇ ਹਨ। ਇਸ ਸਭ ਦੇ ਬਾਵਜੂਦ ਦਿਨੇਸ਼ ਬੱਬੂ ਨੂੰ ਆਪਣੀ ਜਿੱਤ ਯਕੀਨੀ ਬਣਾਉਣ ਲਈ ਭਾਰੀ ਮੁਸ਼ੱਕਤ ਕਰਨੀ ਪਵੇਗੀ। ਇਸ ਵਾਰ ਸ਼ਹਿਰੀ ਖੇਤਰਾਂ ਹਿੰਦੂ ਵੋਟਾਂ ਦਾ ਦਿਨੇਸ਼ ਬੱਬੂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ। ਬਾਕੀ ਪਾਰਟੀਆਂ ਕਾਂਗਰਸ, ‘ਆਪ’, ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਘੋਸ਼ਿਤ ਹੋਣ ਬਾਅਦ ਬਣਨ ਵਾਲੇ ਸਮੀਕਰਨਾਂ ਬਾਅਦ ਹੋਰ ਸਥਿਤੀ ਸਪੱਸ਼ਟ ਹੋ ਸਕੇਗੀ ਤੇ ਚਹੁਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਹਾਲਾਂਕਿ ਦਿਨੇਸ਼ ਸਿੰਘ ਬੱਬੂ ਆਪਣੀ ਜਿੱਤ ਨੂੰ ਯਕੀਨੀ ਦੱਸ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਇੱਛਾ ਅਨੁਸਾਰ ਹੀ ਪਾਰਟੀ ਨੇ ਇਸ ਵਾਰ ਉਨ੍ਹਾਂ ਨੂੰ ਸਥਾਨਕ ਉਮੀਦਵਾਰ ਹੋਣ ਕਰਕੇ ਟਿਕਟ ਦਿੱਤੀ ਹੈ।

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …