ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਹਨ ਜੋਗਿੰਦਰ ਸਿੰਘ ਉਗਰਾਹਾਂ
ਸੰਗਰੂਰ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਆਗੂਆਂ ਨੂੰ ਤਿੰਨ ਨੁਕਤਿਆਂ ਵਾਲਾ ਪੱਤਰ ਦਿੱਤਾ ਗਿਆ ਹੈ। ਇਸ ਵਿੱਚ ਕਿਸਾਨੀ ਮੋਰਚਾ ਮੁੜ ਸੁਰਜੀਤ ਕਰਨ ਲਈ ਤਿੰਨ ਗੱਲਾਂ ‘ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ ਹੈ। ਪਹਿਲੀ ਗੱਲ 26 ਜਨਵਰੀ ਦੀ ਗਲਤੀ ਦਾ ਅਹਿਸਾਸ ਕਰਨਾ, ਦੂਜਾ ਜਗਜੀਤ ਸਿੰਘ ਡੱਲੇਵਾਲ ਨੇ ਸੰਯੁਕਤ ਕਿਸਾਨ ਮੋਰਚਾ ਤੋੜ ਕੇ ਦੂਜਾ ਮੋਰਚਾ ਕਿਉਂ ਬਣਾਇਆ, ਇਸ ਗਲਤੀ ਦਾ ਅਹਿਸਾਸ ਕਰਨਾ, ਤੀਜਾ ਉਨ੍ਹਾਂ ਗੱਲਾਂ ਦਾ ਧਿਆਨ ਰੱਖੋ ਜਿਨ੍ਹਾਂ ਨਾਲ ਦਿੱਲੀ ਕਿਸਾਨ ਅੰਦੋਲਨ ਜਿੱਤਿਆ ਸੀ, ਮੋਰਚੇ ਵਿਚ ਫਿਰਕਾਪ੍ਰਸਤ, ਹੁੱਲੜਬਾਜ਼ੀ ਅਤੇ ਰਾਜਸੀ ਧਿਰਾਂ ਨੂੰ ਪਾਸੇ ਰੱਖ ਕੇ ਲੜਾਈ ਲੜੀ ਜਾਵੇ। ਉਗਰਾਹਾਂ ਸੰਗਰੂਰ ਵਿਖੇ ਸਥਾਨਕ ਅਨਾਜ ਮੰਡੀ ‘ਚ ਚਾਰ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਉਲੀਕੇ ਰੋਸ ਮੁਜ਼ਾਹਰੇ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਉਗਰਾਹਾਂ ਨੇ ਕਿਹਾ ਕਿ ਜੇ ਇਹ ਤਿੰਨ ਨੁਕਤੇ ਪ੍ਰਵਾਨ ਨਹੀਂ ਤਾਂ ਘੱਟੋ-ਘੱਟ ਪ੍ਰੋਗਰਾਮ ‘ਤੇ ਸਹਿਮਤੀ ਕੀਤੀ ਜਾਵੇ। ਇਸ ਲਈ ਵੀ ਤਿੰਨ ਵੱਖਰੇ ਨੁਕਤੇ ਭੇਜੇ ਗਏ ਹਨ। ਪਹਿਲਾ, ਆਪਸੀ ਵਖਰੇਵੇਂ ਪਾਸੇ ਰੱਖ ਕੇ ਸੰਘਰਸ਼ ਕੀਤਾ ਜਾਵੇ, ਦੂਜਾ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਆਪਸੀ ਤਾਲਮੇਲ ਰਾਹੀਂ ਕਿਸਾਨੀ ਲਹਿਰ ਦੀ ਤਾਕਤ ਨਾਲ ਸਾਂਝਾ ਘੋਲ ਅੱਗੇ ਵਧਾਇਆ ਜਾਵੇ ਅਤੇ ਭਾਜਪਾ ਵੱਲ ਨਿਸ਼ਾਨਾ ਸਾਧਿਆ ਜਾਵੇ, ਤੀਜਾ ਚੋਣ ਜ਼ਾਬਤੇ ਤੋਂ ਬਾਅਦ ਕਿਸਾਨੀ ਮੰਗਾਂ ‘ਤੇ ਜ਼ੋਰਦਾਰ ਪ੍ਰਚਾਰ ਕਰਕੇ ਭਾਜਪਾ ਨੂੰ ਘੋਰ ਨਿਖੇੜੇ ਦੀ ਹਾਲਤ ਵਿੱਚ ਸੁੱਟ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਵਖਰੇਵੇਂ ਛੱਡ ਕੇ ਕਿਸਾਨੀ ਹਿੱਤਾਂ ਲਈ ਇੱਕਜੁਟ ਹੋਇਆ ਜਾਵੇ। ਉਨ੍ਹਾਂ ਕਿਹਾ ਕਿ ਸਾਥੀਓ ਕਿਸਾਨ ਜਥੇਬੰਦੀਆਂ ਦੇ ਪੈਰਾਂ ਹੇਠੋਂ ਮਿੱਟੀ ਕੱਢਣ ਦੀ ਬਜਾਏ ਲੜਾਈ ਭਾਜਪਾ ਵਿਰੁੱਧ ਕੇਂਦਰਿਤ ਕਰੋ। ਬਾਰਡਰਾਂ ‘ਤੇ ਬੈਠ ਕੇ ਜਿੱਤ-ਹਾਰ ਕਿਸਾਨੀ ਲਹਿਰ ਦੀ ਹੋਣੀ ਹੈ, ਨਾ ਕਿ ਕਿਸੇ ਜਥੇਬੰਦੀ ਦੀ ਹੋਣੀ ਹੈ। ਰੈਲੀ ਮਗਰੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ।