Breaking News
Home / ਪੰਜਾਬ / ਬਿਕਰਮ ਮਜੀਠੀਆ ਨੇ ਖਟਕੜ ਕਲਾਂ ’ਚ ਸ਼ਹੀਦੀ ਸਮਾਰਕ ’ਤੇ ਟੇਕਿਆ ਮੱਥਾ

ਬਿਕਰਮ ਮਜੀਠੀਆ ਨੇ ਖਟਕੜ ਕਲਾਂ ’ਚ ਸ਼ਹੀਦੀ ਸਮਾਰਕ ’ਤੇ ਟੇਕਿਆ ਮੱਥਾ

ਕਿਹਾ : ਕਾਂਗਰਸ ਨੇ ਮੇਰੇ ’ਤੇ ਝੂਠਾ ਪਰਚਾ ਦਰਜ ਕਰਨ ਲਈ ਦੋ ਡੀਜੀਪੀ ਅਤੇ ਚਾਰ ਏਡੀਜੀਪੀ ਬਦਲੇ
ਨਵਾਂਸ਼ਹਿਰ/ਬਿਊਰੋ ਨਿਊਜ਼ : ਡਰੱਗ ਮਾਮਲੇ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਉਹ ਆਪਣੇ ਸਮਰਥਕਾਂ ਸਮੇਤ ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਸ਼ਹੀਦੀ ਸਮਾਰਕ ’ਤੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ਅਤੇ ਚਰਨਜੀਤ ਸਿੰਘ ਚੰਨੀ ’ਤੇ ਜਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਮੇਰੇ ਖਿਲਾਫ਼ ਝੂਠਾ ਪਰਚਾ ਦਰਜ ਕਰਨ ਦੇ ਲਈ ਦੋ ਡੀਜੀਪੀ ਅਤੇ ਚਾਰ ਏਡੀਜੀਪੀ ਬਦਲੇ ਪ੍ਰੰਤੂ ਮਿਲਿਆ ਕੁੱਝ ਵੀ ਨਹੀਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਤੋਂ ਪੰਜਾਬ ਨੂੰ ਕੁੱਝ ਵੀ ਹਾਸਲ ਨਹੀਂ ਹੋਇਆ। ਬਿਕਰਮ ਸਿੰਘ ਮਜੀਠੀਆ ਨੇ ਅੱਗੇ ਕਿਹਾ ਕਿ ਜਿਨ੍ਹਾਂ ਨੇ ਬਦਲੇ ਦੀ ਰਾਜਨੀਤੀ ਕੀਤੀ ਉਹ ਅੱਜ ਕਿੱਥੇ ਹਨ। ਉਨ੍ਹਾਂ ਚੰਨੀ ’ਤੇ ਤੰਜ ਕਸਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਪਹਿਲੇ ਅਜਿਹੇ ਮੁੱਖ ਮੰਤਰੀ ਹਨ ਜੋ ਆਪਣੀਆਂ ਦੋਵੇਂ ਸੀਟਾਂ ਤੋਂ ਚੋਣ ਹਾਰ ਗਏ। ਧਿਆਨ ਰਹੇ ਕਿ ਡਰੱਗ ਮਾਮਲੇ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ 5 ਮਹੀਨੇ ਪਟਿਆਲਾ ਜੇਲ੍ਹ ਅੰਦਰ ਬੰਦ ਰਹੇ ਅਤੇ ਕੁਝ ਦਿਨ ਪਹਿਲਾਂ ਹੀ ਹਾਈ ਕੋਰਟ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੈ। ਉਥੇ ਹੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਇਹ ਪਹਿਲਾ ਜਨਤਕ ਪ੍ਰੋਗਰਾਮ ਸੀ, ਜਿਸ ਨੂੰ ਸਫ਼ਲ ਬਣਾਉਣ ਲਈ ਅਕਾਲੀ ਆਗੂਆਂ ਵੱਲੋਂ ਪੂਰੀ ਤਾਕਤ ਲਗਾਈ ਗਈ ਸੀ।

 

Check Also

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਆਗੂਆਂ ਨੇ ਲਿਖੀ ਚਿੱਠੀ

ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ …