Breaking News
Home / ਪੰਜਾਬ / ਢੱਡਰੀਆਂ ਵਾਲੇ ਨੇ ਧਾਰਮਿਕ ਦੀਵਾਨ ਲਗਾਉਣੇ ਛੱਡੇ ਕਿਹਾ-ਖੂਨ ਖਰਾਬੇ ਦੇ ਡਰੋਂ ਲਿਆ ਫੈਸਲਾ

ਢੱਡਰੀਆਂ ਵਾਲੇ ਨੇ ਧਾਰਮਿਕ ਦੀਵਾਨ ਲਗਾਉਣੇ ਛੱਡੇ ਕਿਹਾ-ਖੂਨ ਖਰਾਬੇ ਦੇ ਡਰੋਂ ਲਿਆ ਫੈਸਲਾ

ਮਾਛੀਵਾੜਾ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਖੂਨ ਖਰਾਬਾ ਹੋਵੇ, ਇਸੇ ਲਈ ਉਨ੍ਹਾਂ ਨੇ ਧਾਰਮਿਕ ਦੀਵਾਨ ਨਾ ਸਜਾਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਚੈਨਲ ‘ਤੇ ਆ ਕੇ ਉਨ੍ਹਾਂ ਨਾਲ ਸੰਵਾਦ ਕਰਨ ਦੀ ਚੁਣੌਤੀ ਵੀ ਦਿੱਤੀ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਜਿੱਥੇ ਕਿਤੇ ਵੀ ਧਾਰਮਿਕ ਦੀਵਾਨ ਸਜਾ ਰਹੇ ਹਨ, ਉੱਥੇ ਭਾਈ ਅਮਰੀਕ ਸਿੰਘ ਅਜਨਾਲਾ ਤੇ ਹੋਰ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇੱਥੋਂ ਤੱਕ ਕਿ ਖੂਨ-ਖਰਾਬੇ ਅਤੇ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘ਮੈਨੂੰ ਆਪਣੀ ਜਾਨ ਦਾ ਡਰ ਨਹੀਂ ਪਰ ਧਾਰਮਿਕ ਦੀਵਾਨਾਂ ਦੌਰਾਨ ਜੇ ਕਿਤੇ ਟਕਰਾਅ ਹੋ ਗਿਆ ਤਾਂ ਕਈ ਕੀਮਤੀ ਜਾਨਾਂ ਜਾ ਸਕਦੀਆਂ ਹਨ, ਜਿਸ ਦੇ ਬਚਾਅ ਲਈ ਉਨ੍ਹਾਂ ਫਿਲਹਾਲ ਧਾਰਮਿਕ ਦੀਵਾਨ ਨਾ ਸਜਾਉਣ ਦਾ ਫ਼ੈਸਲਾ ਲਿਆ ਹੈ।’ ਉਨ੍ਹਾਂ ਭਾਈ ਅਜਨਾਲਾ ਨੂੰ ਚੁਣੌਤੀ ਦਿੱਤੀ ਕਿ ਮਾਰਚ ਮਹੀਨੇ ਉਹ ਚੈਨਲ ‘ਤੇ ਉਨ੍ਹਾਂ ਨੂੰ ਸੱਦਾ ਦੇਣਗੇ ਅਤੇ 30 ਮਿੰਟ ਦੇ ਸਮੇਂ ਦੌਰਾਨ ਉਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣਗੇ। ਦੂਜੇ ਪਾਸੇ ਅਜਨਾਲਾ ਨੂੰ ਵੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਅਤੇ ਸੰਗਤ ਫ਼ੈਸਲਾ ਲਵੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤਾ ਸ਼ਿਕਵਾ
ਭਾਈ ਰਣਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼ਿਕਵਾ ਜ਼ਾਹਿਰ ਕਰਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਛਬੀਲ ਦੀ ਆੜ ਹੇਠ ਉਨ੍ਹਾਂ ਦੇ ਇਕ ਵਿਅਕਤੀ ਨੂੰ ਕਤਲ ਕਰ ਦਿੱਤਾ ਗਿਆ ਪਰ ਉਨ੍ਹਾਂ ਨੇ ਇਸ ਦੀ ਨਿੰਦਾ ਤਕ ਨਹੀਂ ਕੀਤੀ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਅਕਸਰ ਅਖ਼ਬਾਰਾਂ ‘ਚ ਬਿਆਨ ਦਿੰਦੇ ਹਨ ਕਿ ਢੱਡਰੀਆਂ ਵਾਲਾ ਕਮੇਟੀ ਨਾਲ ਬੈਠ ਕੇ ਮਸਲੇ ਦਾ ਹੱਲ ਕਰੇ। ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਹਰੇਕ ਵਿਵਾਦਿਤ ਮਸਲੇ ਬਾਰੇ ਚੈਨਲ ‘ਤੇ ਬੈਠ ਕੇ ਸੰਵਾਦ ਕਰਨ ਨੂੰ ਤਿਆਰ ਹਨ ਤਾਂ ਜੋ ਸਾਰੀ ਗੱਲਬਾਤ ਦੁਨੀਆ ਦੇਖ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਨਹੀਂ ਕਿਹਾ ਕਿ ਗੁਰੂ ਸਾਹਿਬ ਦੇ ਅਸਥਾਨਾਂ ਨੂੰ ਢਾਹ ਦਿਓ ਤੇ ਸਰੋਵਰਾਂ ਨੂੰ ਬੰਦ ਕਰ ਦਿਓ। ਉਹ ਸਾਰੇ ਧਾਰਮਿਕ ਅਸਥਾਨਾਂ ਦਾ ਸਤਿਕਾਰ ਕਰਦੇ ਹਨ ਪਰ ਗੁਰੂ ਗ੍ਰੰਥ ਸਾਹਿਬ ‘ਚ ਦਰਜ ਗੁਰਬਾਣੀ ਦਾ ਗਿਆਨ ਸਭ ਤੋਂ ਉੱਤਮ ਹੈ।

Check Also

ਸ਼ੰਭੂ ਬਾਰਡਰ ’ਤੇ ਬੈਠੇ ਕਿਸਾਨਾਂ ਨੇ ਹਰਿਆਣਾ ਪੁਲਿਸ ’ਤੇ ਚੁੱਕੇ ਸਵਾਲ

ਕਿਹਾ : ਅੰਬਾਲਾ ’ਚ ਧਾਰਾ 163 ਲੱਗੀ ਹੋਣ ਦੇ ਬਾਵਜੂਦ ਸਤਿੰਦਰ ਸਤਰਾਜ ਦਾ ਪ੍ਰੋਗਰਾਮ ਕਿਵੇਂ …