Breaking News
Home / ਪੰਜਾਬ / ‘ਸਵੇਰੇ ਮੱਥਾ ਟੇਕਣ ਗਿਆ ਵਿਅਕਤੀ ਬੰਬ ਬਣਾਉਣ ਦੀ ਸਿਖਲਾਈ ਲੈ ਕੇ ਸ਼ਾਮ ਨੂੰ ਅੱਤਵਾਦੀ ਬਣ ਕੇ ਮੁੜ ਸਕਦੈ’

‘ਸਵੇਰੇ ਮੱਥਾ ਟੇਕਣ ਗਿਆ ਵਿਅਕਤੀ ਬੰਬ ਬਣਾਉਣ ਦੀ ਸਿਖਲਾਈ ਲੈ ਕੇ ਸ਼ਾਮ ਨੂੰ ਅੱਤਵਾਦੀ ਬਣ ਕੇ ਮੁੜ ਸਕਦੈ’

ਕਰਤਾਰਪੁਰ ਲਾਂਘੇ ‘ਤੇ ਬਿਆਨ ਦੇ ਕੇ ਫਸੇ ਡੀਜੀਪੀ ਦਿਨਕਰ ਗੁਪਤਾ
ਚੰਡੀਗੜ੍ਹ : ਕਰਤਾਰਪੁਰ ਲਾਂਘੇ ਤੋਂ ਅੱਤਵਾਦ ਨੂੰ ਸ਼ਹਿ ਮਿਲਣ ਦੀ ਸੰਭਾਵਨਾ ਦਾ ਬਿਆਨ ਦੇ ਕੇ ਡੀਜੀਪੀ ਦਿਨਕਰ ਗੁਪਤਾ ਸ਼ਨੀਵਾਰ ਨੂੰ ਵੱਡੇ ਵਿਵਾਦ ਵਿਚ ਫਸ ਗਏ ਹਨ। ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਬਿਆਨ ਨੂੰ ਲੈ ਕੇ ਸੂਬੇ ਭਰ ਵਿਚ ਵਿਰੋਧੀ ਪਾਰਟੀਆਂ ਨੇ ਨਾ ਸਿਰਫ ਡੀਜੀਪੀ ਗੁਪਤਾ ਦੇ ਬਿਆਨ ਦੀ ਸਖਤ ਆਲੋਚਨਾ ਕੀਤੀ ਬਲਕਿ ਡੀਜੀਪੀ ਦੇ ਬਿਆਨ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਪੱਸ਼ਟੀਕਰਨ ਦੀ ਵੀ ਮੰਗ ਕੀਤੀ ਹੈ। ਗੁਪਤਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਕਰਤਾਰਪੁਰ ਲਾਂਘੇ ਤੋਂ ਅਜਿਹੀਆਂ ਸੰਭਾਵਨਾਵਾਂ ਬਣਦੀਆਂ ਹਨ ਕਿ ਸਵੇਰੇ ਇਕ ਆਮ ਵਿਅਕਤੀ ਦੇ ਤੌਰ ‘ਤੇ ਪਾਕਿ ਸਰਹੱਦ ਵਿਚ ਦਾਖਲ ਹੋਣ ਵਾਲਾ ਸ਼ਾਮ ਨੂੰ ਇਕ ਅੱਤਵਾਦੀ ਬਣ ਕੇ ਆ ਜਾਵੇ। ਗੁਪਤਾ ਨੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੇ ਛੇ ਘੰਟੇ ਤੱਕ ਪਾਕਿ ਵਿਚ ਰਹਿਣ ‘ਤੇ ਵੀ ਸਵਾਲ ਉਠਾਉਂਦਿਆਂ ਕਿਹਾ ਸੀ ਕਿ ਏਨੇ ਸਮੇਂ ਵਿਚ ਕਿਸੇ ਨੂੰ ਫਾਇਰਿੰਗ ਰੇਂਜ ਲਿਜਾਇਆ ਜਾ ਸਕਦਾ ਹੈ ਤੇ ਬੰਬ ਬਣਾਉਣ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ। ਗੁਪਤਾ ਨੇ ਆਪਣੇ ਅੱਠ ਸਾਲ ਦੇ ਇੰਟੈਲੀਜੈਂਸ ਦੇ ਅਨੁਭਵ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਕਰਤਾਰਪੁਰ ਲਾਂਘੇ ਨੂੰ ਪਹਿਲਾਂ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਸੰਭਾਵੀ ਖਤਰਾ ਮੰਨਿਆ ਜਾਂਦਾ ਸੀ ਤੇ ਇਹੀ ਕਾਰਨ ਹੈ ਕਿ ਇਸ ਨੂੰ ਲੰਬੇ ਸਮੇਂ ਤੱਕ ਖੋਲ੍ਹਿਆ ਨਹੀਂ ਗਿਆ। ਕਰਤਾਰਪੁਰ ਲਾਂਘਾ ਖੋਲ੍ਹਣ ਨਾਲ ਸੁਰੱਖਿਆ ਸਬੰਧੀ ਚਿੰਤਾਵਾਂ ਨੂੰ ਪੰਜਾਬ ਸਰਕਾਰ ਨੇ ਦਰਕਿਨਾਰ ਕਰ ਦਿੱਤਾ ਹੈ। ਸ਼ਨੀਵਾਰ ਸ਼ਾਮ ਨੂੰ ਜਾਰੀ ਪ੍ਰੈਸ ਬਿਆਨ ਵਿਚ ਦਿਨਕਰ ਗੁਪਤਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਸਮਝਿਆ ਗਿਆ ਹੈ। ਗੁਪਤਾ ਨੇ ਕਿਹਾ, ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ‘ਤੇ ਮੈਂ ਖੁਸ਼ ਸਾਂ ਕਿਉਂਕਿ ਇਸ ਨਾਲ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਵਿਚ ਆਸਥਾ ਰੱਖਣ ਵਾਲੇ ਮੇਰੇ ਵਰਗੇ ਲੱਖਾਂ ਸ਼ਰਧਾਲੂਆਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋਈ। ਇਸ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਮੌਕਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਆਇਆ। ਪੰਜਾਬ ਸਰਕਾਰ ਤੇ ਸਾਰੀਆਂ ਏਜੰਸੀਆਂ ਨੇ ਜੀਅ ਤੋੜ ਯਤਨ ਕੀਤੇ। ਸੂਬੇ ਦੀ ਪੁਲਿਸ ਦਾ ਮੁਖੀ ਹੋਣ ਨਾਤੇ ਇਹ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੀ ਚਿੰਤਾਮੁਕਤ ਯਾਤਰਾ ਮੁਹੱਈਆ ਕਰਵਾਉਣ ਲਈ ਪੰਜਾਬ ਪੁਲਿਸ ਆਪਣੇ ਯਤਨ ਜਾਰੀ ਰੱਖੇਗੀ। ਗੁਪਤਾ ਨੇ ਕਿਹਾ ਕਿ, ਸਰਹੱਦ ਪਾਰੋਂ ਅੱਤਵਾਦੀ ਅਤੇ ਅੱਤਵਾਦੀ ਸਰਗਰਮੀਆਂ ਨੂੰ ਮਿਲ ਰਹੇ ਸਮਰਥਨ ਦੇ ਚੱਲਦਿਆਂ ਉਹ ਚੌਕਸੀ ਦੀ ਲੋੜ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਗੁਪਤਾ ਨੇ ਕਿਹਾ ਕਿ ਮੈਂ ਸਿਰਫ ਦੇਸ਼ ਦੇ ਦੁਸ਼ਮਣਾਂ ਵਲੋਂ ਇਸ ਮੌਕੇ ਦੀ ਦੁਰਵਰਤੋਂ ਦੀ ਸੰਭਾਵਨਾ ‘ਤੇ ਚੌਕਸ ਰਹਿਣ ਲਈ ਕਿਹਾ ਹੈ ਕਿਉਂਕਿ ਅਜਿਹੇ ਲੋਕ ਪਵਿੱਤਰ ਯਤਨਾਂ ਨੂੰ ਵੀ ਸ਼ਾਂਤੀ ਤੇ ਸਮਾਜਿਕ ਭਾਈਚਾਰਾ ਵਿਗਾੜਨ ਦਾ ਜ਼ਰੀਆ ਬਣਾ ਸਕਦੇ ਹਨ। ਉਨ੍ਹਾਂ ਦੀ ਟਿੱਪਣੀ ਸਿਰਫ ਪੰਜਾਬ ਤੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਸੀ ਅਤੇ ਇਸ ਦਾ ਕਿਸੇ ਧਰਮ ਜਾਂ ਭਾਈਚਾਰੇ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਦਾ ਸਿਰਫ ਏਨਾ ਹੀ ਮਤਲਬ ਸੀ ਕਿ ਸੂਬੇ ਦੀ ਸ਼ਾਂਤੀ ਵਿਵਸਥਾ ਲਈ ਰਾਸ਼ਟਰ ਵਿਰੋਧੀ ਤੱਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਦੋਂ ਡੇਰਾ ਬਾਬਾ ਨਾਨਕ ਵਿਚ ਇਕ ਸ਼ਰਧਾਲੂ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਸਰਹੱਦ ਪਾਰ ਕੀਤੀ ਸੀ ਤਾਂ ਉਹ ਨਿੱਜੀ ਤੌਰ ‘ਤੇ ਉਥੇ ਹਾਜ਼ਰ ਸਨ।
ਮੇਰੀ ਟਿੱਪਣੀ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਤਾਂ ਉਸ ਲਈ ਅਫਸੋਸ : ਗੁਪਤਾ
ਚੰਡੀਗੜ੍ਹ : ਕਰਤਾਰਪੁਰ ਲਾਂਘੇ ਬਾਰੇ ਕੀਤੀ ਟਿੱਪਣੀ ਲਈ ਸਿਆਸੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆਏ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਕ ਟਵੀਟ ਕਰਕੇ ਇਸ ਪੂਰੇ ਮੁੱਦੇ ‘ਤੇ ਅਫਸੋਸ ਜਤਾਇਆ ਹੈ। ਡੀਜੀਪੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਕਿਸੇ ਟਿੱਪਣੀ ਨਾਲ ਪੰਜਾਬ ਦੇ ਲੋਕਾਂ ਨੂੰ ਸੱਟ ਵੱਜੀ ਹੋਵੇ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ। ਉਨ੍ਹਾਂ ਕਿਹਾ, ‘ਮੇਰਾ ਕਿਸੇ ਨੂੰ ਦੁੱਖ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਮੈਂ ਤਾਂ ਹਰ ਨਾਗਰਿਕ ਦੀ ਖ਼ੁਸ਼ੀ ਲਈ ਸੁਰੱਖਿਅਤ ਤੇ ਸ਼ਾਂਤੀਪੂਰਵਕ ਮਾਹੌਲ ਬਣਾਉਣਾ ਚਾਹੁੰਦਾ ਸੀ।’ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਫਰਵਰੀ ‘ਚ ਡੀਜੀਪੀ ਵਜੋਂ ਅਹੁਦਾ ਸੰਭਾਲਣ ਮੌਕੇ ਦਰਬਾਰ ਸਾਹਿਬ ਵਿੱਚ ‘ਅਰਦਾਸ’ ਕਰਵਾਈ, ਜੋ ਉਨ੍ਹਾਂ ਦੀ ਸਿੱਖ ਧਰਮ ‘ਚ ਅਥਾਹ ਸ਼ਰਧਾ ਦਾ ਸਬੂਤ ਹੈ।
ਗੁਪਤਾ ਦੇ ਬਿਆਨ ਮਗਰੋਂ ਕਰਤਾਰਪੁਰ ਸਾਹਿਬ ਤੋਂ ਮੁੜੀ ਸੰਗਤ ਵਿੱਚ ਰੋਸ
ਡੇਰਾ ਬਾਬਾ ਨਾਨਕ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਇੱਕ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਜਾਣ ਵਾਲਾ ਕੋਈ ਵੀ ਵਿਅਕਤੀ 6 ਘੰਟੇ ‘ਚ ਅੱਤਵਾਦੀ ਬਣ ਕੇ ਵਾਪਸ ਆ ਸਕਦਾ ਹੈ। ਪੁਲਿਸ ਮੁਖੀ ਵਲੋਂ ਦਿੱਤੇ ਗਏ ਇਸ ਬਿਆਨ ‘ਤੇ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਪਰਤੇ ਕਪੂਰਥਲਾ ਦੇ ਨੌਜਵਾਨ ਪਰਦੀਪ ਸਿੰਘ ਅਤੇ ਦਿੱਲੀ ਤੋਂ ਆਏ ਜਸਪਾਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਵਿਚ ਬਹੁਤ ਪਿਆਰ ਤੇ ਸਤਿਕਾਰ ਮਿਲਿਆ ਪਰ ਡੀਜੀਪੀ ਦਾ ਬਿਆਨ ਸੁਣ ਕੇ ਉਨ੍ਹਾਂ ਦਾ ਮਨ ਦੁਖੀ ਹੋਇਆ ਹੈ। ਬੰਗਲੁਰੂ ਤੋਂ ਆਏ ਸ਼ਰਧਾਲੂ ਚੰਦਰ ਸ਼ੇਖਰ ਨੇ ਪੰਜਾਬ ਦੇ ਡੀਜੀਪੀ ਦੇ ਇਸ ਬਿਆਨ ਨੂੰ ਉਨ੍ਹਾਂ ਦੀ ਨਿੱਜੀ ਰਾਏ ਦੱਸਿਆ। ਇਸ ਦੌਰਾਨ ਡੇਰਾ ਬਾਬਾ ਨਾਨਕ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਵੀ ਪੁਲਿਸ ਮੁਖੀ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਬਿਆਨ ਨਾਲ ਸਿੱਖ ਭਾਈਚਾਰੇ ਨੂੰ ਵੱਡੀ ਸੱਟ ਲੱਗੀ ਹੈ।
ਕੈਪਟਨ ਅਮਰਿੰਦਰ ਦੀ ਸ਼ਹਿ ‘ਤੇ ਡੀ.ਜੀ.ਪੀ. ਨੇ ਦਿੱਤਾ ਬਿਆਨ : ਲੌਂਗੋਵਾਲ
ਬਰਨਾਲਾ : ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਦਿੱਤੇ ਬਿਆਨ ਕਿ ਉੱਥੇ ਗਿਆ ਕੋਈ ਵੀ ਵਿਅਕਤੀ ਸ਼ਾਮ ਨੂੰ ਅੱਤਵਾਦੀ ਬਣ ਕੇ ਆ ਸਕਦਾ ਹੈ, ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਧਾ ਨਿਸ਼ਾਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਸਾਧਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ‘ਤੇ ਹੀ ਡੀ.ਜੀ.ਪੀ. ਵਲੋਂ ਅਜਿਹਾ ਮੰਦਭਾਗਾ ਬਿਆਨ ਦਿੱਤਾ ਗਿਆ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਰਤਾਰਪੁਰ ਲਾਂਘੇ ਸਬੰਧੀ ਪਹਿਲਾਂ ਆਪ ਵੀ ਗਲਤ ਬਿਆਨ ਦੇ ਚੁੱਕੇ ਹਨ।
ਡੀਜੀਪੀ ਸਾਹਬ ! ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰੋ: ਬੈਂਸ
ਲੁਧਿਆਣਾ : ਕਰਤਾਰਪੁਰ ਸਾਹਿਬ ਲਾਂਘੇ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਵੱਲੋਂ ਦਿੱਤੇ ਗਏ ਬਿਆਨ ਸਬੰਧੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਦੇ ਡੀਜੀਪੀ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਡੀਜੀਪੀ ਸਾਹਬ ਸਿੱਖ ਧਰਮ ਦੇ ਮੁੱਦਿਆਂ ‘ਤੇ ਟਿੱਪਣੀ ਕਰਨ ਦੀ ਜਗ੍ਹਾ ਪਹਿਲਾਂ ਆਪਣੀ ਪੁਲਿਸ ਸੰਭਾਲਣ। ਪੰਜਾਬ ਪੁਲਿਸ ਦੇ ਮੁਲਾਜ਼ਮ ਚਿੱਟੇ ਦੀ ਤਸਕਰੀ ਵਿਚ ਲੱਗੇ ਹੋਏ ਹਨ, ਐੱਸਐੱਚਓ ਹੈਰੋਇਨ ਸਣੇ ਕਾਬੂ ਹੋ ਰਹੇ ਹਨ ਤੇ ਉਨ੍ਹਾਂ ਦਾ ਮੁਖੀ ਬੇਤੁਕੀ ਬਿਆਨਬਾਜ਼ੀ ਕਰ ਰਿਹਾ ਹੈ।
ਦਿਨਕਰ ਗੁਪਤਾ ਖਿਲਾਫ ਕਾਰਵਾਈ ਕਰੇ ਸਰਕਾਰ: ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਸਿੱਖਾਂ ਬਾਰੇ ਦਿੱਤੇ ਬਿਆਨ ‘ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਇਸ ਨੂੰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਇਸ ਮਾਮਲੇ ਵਿਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਡੀਜੀਪੀ ਖਿਲਾਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕਾਰਵਾਈ ਲਈ ਆਖਿਆ। ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਪੁੱਜੇ ਹੋਏ ਸਨ। ਉਹ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਹਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਕਰਤਾਰਪੁਰ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਜੇਕਰ ਮੱਕੇ ਦੇ ਦਰਸ਼ਨ ਕਰਨ ਮਗਰੋਂ ਮੁਸਲਮਾਨ, ਕਟਾਸ ਰਾਜ ਦੀ ਯਾਤਰਾ ਮਗਰੋਂ ਹਿੰਦੂ ਅਤੇ ਯੇਰੂਸ਼ਲਮ ਦੀ ਯਾਤਰਾ ਮਗਰੋਂ ਕੋਈ ਈਸਾਈ ਅੱਤਵਾਦੀ ਨਹੀਂ ਬਣਦਾ ਤਾਂ ਕਰਤਾਰਪੁਰ ਦੇ ਦਰਸ਼ਨ ਕਰਨ ਮਗਰੋਂ ਕੋਈ ਸਿੱਖ ਕਿਵੇਂ ਅਤਿਵਾਦੀ ਬਣ ਸਕਦਾ ਹੈ। ਉਨ੍ਹਾਂ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਸਿੱਖਾਂ ਲਈ ਅਹਿਮ ਹੈ ਅਤੇ ਜੇਕਰ ਇਸ ਦੇ ਦਰਸ਼ਨਾਂ ਵਾਸਤੇ ਅੱਤਵਾਦੀ ਕਹਾਉਣਾ ਪਵੇਗਾ ਤਾਂ ਸਿੱਖ ਇਸ ਵਾਸਤੇ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਇਸ ਮਾਮਲੇ ਵਿਚ ਭਾਰਤ ਅਤੇ ਸੂਬਾ ਸਰਕਾਰ ਨੂੰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਉਸ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਗੁਰਦੁਆਰਾ ਕਰਤਾਰਪੁਰ ਦੇ ਸਮੁੱਚੇ ਕੈਂਪਸ ਨੂੰ ਵੇਖਿਆ ਹੈ। ਇਥੇ ਕਿਸੇ ਵੀ ਤਰ੍ਹਾਂ ਦੀ ਕੋਈ ਦੇਸ਼ ਵਿਰੋਧੀ ਗਤੀਵਿਧੀ ਨਹੀਂ ਚਲ ਰਹੀ।

Check Also

ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ

‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …