ਨਵਜੋਤ ਸਿੱਧੂ ਦੀ ਪ੍ਰਧਾਨਗੀ ਸਬੰਧੀ ਐਲਾਨ ਕਿਸੇ ਸਮੇਂ ਵੀ ਸੰਭਵ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੀ ਵਾਗਡੋਰ ਨਵਜੋਤ ਸਿੱਧੂ ਦੇ ਹੱਥਾਂ ਵਿਚ ਦੇਣ ਦਾ ਫੈਸਲਾ ਲੈ ਲਿਆ ਹੈ ਅਤੇ ਇਸ ਦਾ ਐਲਾਨ ਕਿਸੇ ਸਮੇਂ ਵੀ ਸੰਭਵ ਹੋ ਸਕਦੈ। ਸਿੱਧੂ ਦੇ ਨਾਮ ’ਤੇ ਮੋਹਰ ਲਾਉਣ ਅਤੇ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਸਬੰਧੀ ਅੰਤਮ ਫੈਸਲੇ ਲੈਣ ਤੋਂ ਪਹਿਲਾਂ ਹਰੀਸ਼ ਰਾਵਤ ਅਤੇ ਰਾਹੁਲ ਗਾਂਧੀ ਵਿਚਾਲੇ ਮੀਟਿੰਗ ਵੀ ਹੋਈ। ਜਾਣਕਾਰੀ ਮਿਲੀ ਹੈ ਕਿ ਨਵਜੋਤ ਸਿੱਧੂ ਨੂੰ ਇਸ ਸਬੰਧੀ ਇਸ਼ਾਰਾ ਵੀ ਮਿਲ ਚੁੱਕਾ ਹੈ। ਦੱਸਿਆ ਜਾ ਰਿਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਲੋਂ ਸਿੱਧੂ ਦੀ ਜ਼ੋਰਦਾਰ ਵਕਾਲਤ ਕੀਤੀ ਜਾ ਰਹੀ ਹੈ। ਜੇਕਰ ਗੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕੀਤੀ ਜਾਵੇ ਤਾਂ ਉਹ ਸਿੱਧੂ ਨੂੰ ਕੋਈ ਵੱਡਾ ਅਹੁਦਾ ਦੇਣ ਲਈ ਰਾਜ਼ੀ ਨਹੀਂ ਸਨ। ਪਰ ਪਿਛਲੇ ਦਿਨੀਂ ਕੈਪਟਨ ਅਤੇ ਸੋਨੀਆ ਗਾਂਧੀ ਦੀ ਹੋਈ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਦੇ ਸੁਰ ਕੁਝ ਨਰਮ ਪੈ ਗਏ ਸਨ। ਧਿਆਨ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਪਿਛਲੇ ਲੰਮੇਂ ਸਮੇਂ ਤੋਂ ਸਿਆਸੀ ਕਲੇਸ਼ ਹੀ ਚੱਲ ਰਿਹਾ ਹੈ। ਇਸ ਦੇ ਚੱਲਦਿਆਂ ਨਵਜੋਤ ਸਿੱਧੂ ਨੇ ਮੰਤਰੀ ਦਾ ਅਹੁਦਾ ਵੀ ਛੱਡ ਦਿੱਤਾ ਸੀ ਅਤੇ ਸਿੱਧੂ ਕੈਪਟਨ ਅਮਰਿੰਦਰ ’ਤੇ ਵੱਡੇ ਸਿਆਸੀ ਹਮਲੇ ਵੀ ਕਰਦੇ ਰਹੇ। ਜੇਕਰ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲਦੀ ਹੈ ਤਾਂ ਕਾਂਗਰਸ ਵਿਚਾਲਾ ਕਲੇਸ਼ ਖਤਮ ਹੋਵੇਗਾ ਜਾਂ ਹੋਰ ਵਧੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।