ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੂੰ ਦਿੱਤਾ ਮੰਗ ਪੱਤਰ
ਚੰਡੀਗੜ੍ਹ : ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਖ਼ਿਲਾਫ਼ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਤੱਕ ਮਾਰਚ ਕੱਢਿਆ ਗਿਆ। ਪੰਥਕ ਜਥੇਬੰਦੀਆਂ ਦੇ ਆਗੂਆਂ ਦਾ ਇੱਕ ਇਕੱਠ ਚੰਡੀਗੜ੍ਹ ਦੇ ਸੈਕਟਰ 17 ਵਿੱਚ ਹੋਇਆ। ਮਾਰਚ ਕਰਨ ਤੋਂ ਪਹਿਲਾਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਧਰਨਾ ਦਿੱਤਾ ਤੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਚੋਣ ਕਮਿਸ਼ਨ ਦੇ ਫ਼ੈਸਲੇ ਦੀ ਨਿੰਦਾ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਮਤੇ ਮੁਤਾਬਕ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ।
ਆਗੂਆਂ ਨੇ ਕਿਹਾ ਕਿ ਇਸ ਜਾਂਚ ਟੀਮ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੁਲਿਸ ਗੋਲੀ ਕਾਂਡ ਦੀ ਜਾਂਚ ਨਿਰਪੱਖ ਤਰੀਕੇ ਨਾਲ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਜਾਂਚ ਦਾ ਸੇਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੱਕ ਪਹੁੰਚਣ ਲੱਗਾ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਸਾਜ਼ਿਸ਼ ਤਹਿਤ ਜਾਂਚ ਟੀਮ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਕਰਵਾ ਦਿੱਤਾ। ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਇਸ ਫ਼ੈਸਲੇ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਜਾਂਚ ਦੇ ਤਣ-ਪੱਤਣ ਲੱਗਣ ਦੇ ਆਸਾਰ ਬਣ ਗਏ ਸਨ। ਜਥੇਦਾਰ ਧਿਆਨ ਸਿੰਘ ਮੰਡ ਅਤੇ ਹੋਰਨਾਂ ਪੰਥਕ ਧਿਰਾਂ ਦੇ ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਮਾਮਲੇ ‘ਤੇ ਅਕਾਲੀ-ਭਾਜਪਾ ਆਗੂਆਂ ਵੱਲੋਂ ਗੁਮਰਾਹ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਹੜੀ ਜਾਂਚ ਕਮੇਟੀ ਦੀ ਨਿਗਰਾਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੀਤੀ ਜਾ ਰਹੀ ਹੈ ਉਸ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ ਤੇ ਕਿਸੇ ਨਾਲ ਧੱਕਾ ਹੋਣ ਦੀ ਵੀ ਕੋਈ ਗੁੰਜਾਇਸ਼ ਨਹੀਂ ਹੈ। ਪੰਥਕ ਧਿਰਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਸਮੀਖ਼ਿਆ ਕਰਨੀ ਚਾਹੀਦੀ ਹੈ ਕਿ ਅਕਾਲੀਆਂ ਵੱਲੋਂ ਡੇਰਾ ਸਿਰਸਾ ਦੀ ਸਿਆਸੀ ਮੰਤਵਾਂ ਲਈ ਵਰਤੋਂ ਕੀਤੀ ਜਾਂਦੀ ਹੈ। ‘ਸਿਟ’ ਵੱਲੋਂ ਡੇਰਾ ਸਿਰਸਾ ਦਾ ਮੁਖੀ ਜੋ ਕਿ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ ਨੂੰ ਵੀ ਤਫ਼ਤੀਸ਼ ਵਿੱਚ ਸ਼ਾਮਲ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਨੇਤਾਵਾਂ ਦੀ ਕਿਉਂਕਿ ਡੇਰਾ ਸਿਰਸਾ ਨਾਲ ਗੰਢਤੁੱਪ ਜੱਗ ਜ਼ਾਹਿਰ ਹੋ ਜਾਣੀ ਸੀ। ਇਸ ਲਈ ਸਾਜ਼ਿਸ਼ ਅਧੀਨ ਪੁਲਿਸ ਅਧਿਕਾਰੀ ਨੂੰ ਜਾਂਚ ਤੋਂ ਲਾਂਭੇ ਕਰ ਦਿੱਤਾ। ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ 17 ਸੈਕਟਰ ਵਿਚ ਮਾਰਚ ਕੀਤਾ ਅਤੇ ਉਸ ਤੋਂ ਬਾਅਦ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੂੰ ਮੰਗ ਪੱਤਰ ਵੀ ਦਿੱਤਾ। ਉਨ੍ਹਾਂ ਆਈਜੀ ਨੂੰ ‘ਸਿਟ’ ਦੇ ਮੈਂਬਰ ਵਜੋਂ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ।
Check Also
ਚੋਣ ਕਮਿਸ਼ਨ ਨੇ ਗਿੱਦੜਬਾਹਾ ’ਚ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੀਤੀਆਂ ਰੱਦ
ਸ਼ੋ੍ਰਮਣੀ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …