ਸਕੂਲਾਂ ਵਿੱਚ ਸਿੱਖਣ ਦੇ ਮਾਹੌਲ ਵਿੱਚ ਯੋਗਦਾਨ ਪਾਉਣ ਵਾਲੇ ਬੱਚਿਆਂ ਨੂੰ ਮਿਲੇਗਾ ਸਨਮਾਨ
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਦੇ ਵਾਰਡ 9-10 ਤੋਂ ਪੀਲ ਪਬਲਿਕ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਸਕੂਲਾਂ ਵਿੱਚ ਬੱਚਿਆਂ ਵਾਸਤੇ ਸਿੱਖਿਆ ਦਾ ਮਾਹੌਲ ਸਾਜ਼ਗਾਰ ਰੱਖਣ ਲਈ ਬੀਤੇ 6 ਕੁ ਮਹੀਨਿਆਂ ਤੋਂ ਲਗਾਤਾਰਤਾ ਨਾਲ਼ ਯਤਨ ਜਾਰੀ ਹਨ। ਇਸੇ ਤਹਿਤ ਹੁਣ ਉਨ੍ਹਾਂ ਵਲੋਂ ਆਪਣੇ ਹਲਕੇ ਦੇ ਚਾਰ ਸੈਕੰਡਰੀ ਸਕੂਲਾਂ ਵਿੱਚ 12ਵੀਂ ਦੇ ਯੋਗ ਵਿਦਿਆਰਥੀਆਂ ਲਈ ‘ਟਰੱਸਟੀ ਐਵਾਰਡ ਫਾਰ ਐਕਸੀਲੈਂਸ’ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਟਰੱਸਟੀ ਜੌਹਲ ਨੇ ਦੱਸਿਆ ਕਿ ਵਿਗੜੇ ਹੋਏ ਬੱਚਿਆਂ ਦੀ ਦਰੁੱਸਤੀ ਵਾਸਤੇ ਸਿਸਟਮ ਵਿੱਚ ਉਨ੍ਹਾਂ ਨੂੰ ਅਕਸਰ (ਗੰਭੀਰ) ਸਿੱਟੇ ਭੁਗਤਣੇ ਪੈਂਦੇ ਹਨ ਪਰ ਬਹੁਤ ਵੱਡੀ ਤਦਾਦ ਵਿੱਚ ਬੱਚੇ ਪੜ੍ਹਾਈ ਵੱਲ ਕੇਂਦਰਤ ਰਹਿੰਦੇ ਹਨ ਅਤੇ ਉਹ ਚੰਗੇ ਕੰਮ ਕਰ ਰਹੇ ਹਨ, ਜਿਸ ਕਰਕੇ ਚੰਗੇ ਕੰਮ ਕਰਨ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਰੱਖਣਾ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਸੰਦਲਵੁੱਡ ਹਾਈਟਸ, ਕੈਸਲਬਰੁੱਕ, ਲੂਈਸ ਆਰਬਰ, ਅਤੇ ਹੈਰਲਡ ਬਰੈਥਵੇਟ ਸੈਕੰਡਰੀ ਸਕੂਲਾਂ ਦੇ ਕੁੱਲ 8 (ਹਰੇਕ ਸਕੂਲ ਵਿੱਚੋਂ 2) ਯੋਗ ਬੱਚੇ ਅਗਲੇ ਦਿਨਾਂ ਵਿੱਚ ਹੋਣ ਵਾਲੇ ਗਰੈਜੂਏਸ਼ਨ ਸਮਾਗਮਾਂ ਦੌਰਾਨ ‘ਟਰੱਸਟੀ ਐਵਾਰਡ ਫਾਰ ਐਕਸੀਲੈਂਸ’ ਨਾਲ਼ ਸਨਮਾਨਿਤ ਕੀਤੇ ਜਾਣਗੇ। ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਇਹ ਐਵਾਰਡ ਹਰੇਕ ਸਾਲ ਜੂਨ ਦੇ ਅਖੀਰ ਵਿੱਚ ਆਪਣੇ ਹਲਕੇ ਦੇ 8 ਯੋਗ ਬੱਚਿਆਂ ਨੂੰ ਦਿੱਤਾ ਜਾਇਆ ਕਰੇਗਾ। ਜੌਹਲ ਨੇ ਦੱਸਿਆ ਕਿ ਐਵਾਰਡ ਲਈ ਢੁਕਵੇਂ ਨਾਵਾਂ ਦੀ ਪਛਾਣ ਅਤੇ ਸਿਫਾਰਸ਼ ਸਕੂਲਾਂ ਦੇ ਪ੍ਰਿੰਸੀਪਲਾਂ ਵਲੋਂ ਕੀਤੀ ਜਾਣੀ ਹੈ। ਉਨਟਾਰੀਓ ਵਿੱਚ ਬੀਤੀ 24 ਅਕਤੂਬਰ ਨੂੰ ਹੋਈ ਮਿਊਂਸਪਲ ਚੋਣ ਵਿੱਚ ਬਰੈਂਪਟਨ ਦੇ ਵਾਰਡ 9 ਅਤੇ 10 ਤੋਂ ਸਤਪਾਲ ਸਿੰਘ ਜੌਹਲ ਦੀ ਧੜੱਲੇਦਾਰ ਜਿੱਤ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਸਕੂਲਾਂ ਵਿੱਚ ਸਾਜ਼ਗਾਰ ਮਾਹੌਲ ਕਾਇਮ ਰੱਖਣ ਲਈ ਬੋਰਡ, ਸਕੂਲ, ਅਤੇ ਕਮਿਊਨਿਟੀ ਪੱਧਰ ‘ਤੇ ਜਾਗਰੂਕਤਾ ਲਈ ਬਿਨਾ ਨਾਗਾ ਯਤਨ ਵਿੱਢੇ ਹੋਏ ਹਨ। ਜੌਹਲ ਨੇ ਇਸ ਕਾਰਜ ਵਿੱਚ ਸਹਾਈ ਹੋਣ ਲਈ ਲੋਕਾਂ ਦਾ ਅਤੇ ਪੰਜਾਬੀ ਮੀਡੀਆ ਅਦਾਰਿਆਂ ਦਾ ਧੰਨਵਾਦ ਵੀ ਕੀਤਾ ਹੈ।