ਬਰੈਂਪਟਨ : ਉੱਘੇ ਸਮਾਜਸੇਵੀ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਇਨ੍ਹੀ ਦਿਨੀਂ ਟੋਰਾਂਟੋ ਫੇਰੀ ‘ਤੇ ਹਨ। ਬਹੁਤ ਸਾਰੀਆਂ ਅਗਾਂਹਵਧੂ ਅਤੇ ਜਾਗਰੂਕ ਸੰਸਥਾਵਾਂ ਉਨ੍ਹਾਂ ਦਾ ਮਾਣ ਸਨਮਾਣ ਕਰਕੇ ਇਨ੍ਹਾਂ ਵਲੋਂ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਬੇਮਿਸਾਲ ਮੁਹਿੰਮ ਅੱਗੇ ਨਤਮਸਤਕ ਹੋ ਰਹੀਆਂ ਹਨ। ਇਸੇ ਕੜੀ ਵਿੱਚ ਬਰੈਂਪਟਨ ਦੇ ਉੱਘੇ ਪਤਵੰਤੇ ਐਥਲੀਟ ਵਤਨ ਸਿੰਘ ਗਿੱਲ ਹੁਰਾਂ 26 ਜੂਨ ਦੀ ਸ਼ਾਮ ਸੰਤ ਸੀਚੇਵਾਲ ਜੀ ਨੂੰ ਆਪਣੇ ਗ੍ਰਹਿ ਵਿਖੇ ਬੁਲਾ ਕੇ ਭਾਈਚਾਰੇ ਦੀਆਂ ਮਾਣਯੋਗ ਹਸਤੀਆਂ ਨਾਲ ਰੂਬਰੂ ਕਰਾਇਆ। ਸੰਤ ਸੀਚੇਵਾਲ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਕਿਉਂਕਿ ਇਨ੍ਹਾਂ ਦੁਆਰਾ ਅਰੰਭੇ ਵਾਤਾਵਰਣ ਸੰਭਾਲ ਅਭਿਆਨ ਦੀ ਚਰਚਾ ਸੰਸਾਰ ਪੱਧਰ ‘ਤੇ ਹੋ ਰਹੀ ਹੈ। ਇਨ੍ਹਾਂ ਤੋਂ ਹੀ ਪ੍ਰੇਰਣਾ ਲੈ ਕੇ ਵਤਨ ਸਿੰਘ ਗਿੱਲ ਨੇ ਵੀ ਆਪਣੇ ਪਿੰਡ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ।
ਸਨੇਹੀਆਂ ਨਾਲ ਗੱਲਬਾਤ ਦੌਰਾਨ ਸੀਚੇਵਾਲ ਜੀ ਦਾ ਸੁਨੇਹਾ ਸੀ ਕਿ ઑਆਲੋਚਨਾ ਕਰਨ ਦੀ ਥਾਂ ਉਸ ਦਾ ਬਦਲ ਦੇਵੋ਼ ਕਿਉਂਕਿ ਅਸੀਂ ਸਿਰਫ ਹਕੂਮਤਾਂ ਨੂੰ ਦੋਸ਼ੀ ਗਰਦਾਨ ਆਪਣਾ ਪੱਲਾ ਝਾੜ ਲੈਂਦੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰਾਂ ਤਾਂ ਓਦੋਂ ਤੱਕ ਸੁੱਤੀਆਂ ਰਹਿਂਦੀਆਂ ਹਨ ਜਦ ਤੱਕ ਉਸ ਨੂੰ ਹਲੂਣਾ ਦੇ ਕੇ ਜਗਾਇਆ ਨਾ ਜਾਵੇ। ਉਨ੍ਹਾਂ ਨੇ ਆਮ ਲੋਕਾਂ ਨੂੰ ਇੱਕਮੁੱਠ ਕਰ ਇਨ੍ਹਾਂ ਗੂੰਗੀਆਂ ਬੋਲੀਆਂ ਸਰਕਾਰਾਂ ਦੀ ਅਫਸਰਸ਼ਾਹੀ ਨੂੰ ਕੰਨ ਫੜ ਕੇ ਸਿੱਧੇ ਰਸਤੇ ਲਿਆਉਣ ‘ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਸਾਬਤ ਕੀਤਾ ਹੈ ਕਿ ਅਹਿੰਸਕ ਪਰ ਸਿਰੜੀ ਸੰਘਰਸ਼ ਨਾਲ ਅਣਕਿਆਸੇ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ।
ਸੀਚੇਵਾਲ ਜੀ ਚੁਣੌਤੀਆਂ ਨੂੰ ਆਵਾਜ਼ਾਂ ਮਾਰ ਉਨ੍ਹਾਂ ਨਾਲ ਦੋ ਹੱਥ ਕਰ ਫਤਿਹ ਹਾਸਲ ਕਰਦੇ ਹਨ। ਬਾਬੇ ਨਾਨਕ ਦਾ ਵੀ ਇਹੀ ਸੰਦੇਸ਼ ਸੀ ਕਿ ਪਵਣ, ਪਾਣੀ ਅਤੇ ਧਰਤੀ ਦਾ ਨਿੱਘ ਮਾਨਣ ਲਈ ਇਸ ਦੀ ਹਿਫਾਜ਼ਤ ਜ਼ਰੂਰੀ ਹੈ। ਵਰਨਣਯੋਗ ਹੈ ਕਿ 22/23 ਜੂਨ ਨੂੰ ਯੂਨੀਵਰਸਿਟੀ ਸਟੇਡੀਅਮ ਟੋਰਾਂਟੋ ਵਿਖੇ ਓਨਟਾਰੀਓ ਮਾਸਟਰਸ ਐਥਲੈਟਿਕਸ ਖੇਡਾਂ ਦਾ ਆਯੋਜਨ ਹੋਇਆ ਜਿਸ ਵਿੱਚ ਸੂਬੇ ਦੇ ਸਾਰੇ ਖਿਡਾਰੀਆਂ ਹਿੱਸਾ ਲਿਆ।
ਪਿਛਲੇ ਸਾਲ ਦੀ ਤਰ੍ਹਾਂ ਵਤਨ ਸਿੰਘ ਗਿੱਲ ਹੁਰਾਂ ਇਸ ਵਾਰ ਵੀ ਗੋਲਡ ਮੈਡਲ ਜਿੱਤ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ। ਇਨ੍ਹਾਂ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੀਆਂ ਦੌੜਾਂ ਵਿੱਚ ਜੇਤੂ ਰਹਿ ਕੇ ਗੋਲਡ ਮੈਡਲ ਹਾਸਲ ਕੀਤੇ। ਸੋਨੇ ‘ਤੇ ਸੁਹਾਗਾ ਵਾਲੀ ਕਹਾਵਤ ਅਮਲ ‘ਚ ਆਈ ਜਦ ਸੰਤ ਸੀਚੇਵਾਲ ਵਰਗੇ ਮਹਾਪੁਰਸ਼ਾਂ ਦੇ ਹੱਥੀਂ ਇਹ ਤਮਗੇ ਵਤਨ ਸਿੰਘ ਗਿਲ ਨੂੰ ਭੇਂਟ ਕੀਤੇ ਗਏ। ਇਸ ਤਰ੍ਹਾਂ ਇਹ ਇੱਕ ਯਾਦਗਾਰੀ ਪਲ ਹੋ ਨਿਬੜਿਆ। ਲੰਗਰ ਪਾਣੀ ਦੀ ਸੇਵਾ ਗਿੱਲ ਦੇ ਪਰਿਵਾਰ ਵੱਲੋਂ ਕੀਤੀ ਗਈ ਜਿਸ ਦਾ ਹਾਜਰ ਸਨੇਹੀਆਂ ਧੰਨਵਾਦ ਕੀਤਾ। ਇੱਕ ਵਾਰ ਫੇਰ ਇਸ ਗੱਲ ਦਾ ਜ਼ਿਕਰ ਕੁਥਾਂ ਨਹੀਂ ਹੋਵੇਗਾ ਕਿ ਅੱਜ ਦੇ ਜ਼ਮਾਨੇ ਵਿੱਚ ਜਦ ਨਕਲੀ ਸੰਤਾਂ ਦੇ ਵੱਗ ਪੰਜਾਬ ‘ਚ ਹਰਲ ਹਰਲ ਕਰਦੇ ਫਿਰਦੇ ਹਨ ਸਾਨੂੰ ਇੱਕ ਸੱਚੇ ਸੰਤ ਵਰਗੀ ਮਹਾਨ ਸਖ਼ਸ਼ੀਅਤ ਨਾਲ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਲਈ ਅਸੀਂ ਵਤਨ ਸਿੰਘ ਗਿੱਲ ਦੇ ਬਹੁਤ ਬਹੁਤ ਧੰਨਵਾਦੀ ਹਾਂ।
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ-ਇਕੱਤਰਤਾ ਵਿਚ ਅਮਰਜੀਤ ਕਾਉਂਕੇ, ਬਲਜੀਤ ਰੈਣਾ ਅਤੇ ਸੁਰਿੰਦਰ ਨੀਰ ਨਾਲ ਰੂ-ਬਰੂ
ਚਾਰ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਤੇ ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ.ਝੰਡ
ਲੰਘੇ ਸ਼ਨੀਵਾਰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਜੂਨ ਮਹੀਨੇ ਦੀ ਇਕੱਤਰਤਾ ਵਿਚ ਭਾਰਤ ਤੋਂ ਆਏ ਕਵੀਆਂ ਅਮਰਜੀਤ ਕਾਉਂਕੇ, ਬਲਜੀਤ ਰੈਣਾ, ਸੁਰਿੰਦਰ ਨੀਰ ਤੇ ਕੰਵਲਜੀਤ ਕੰਵਲ ਨਾਲ ਰੂ-ਬਰੂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮੰਚ ਉੱਪਰ ਇਨ੍ਹਾਂ ਚੌਹਾਂ ਲੇਖਕਾਂ ਦੇ ਨਾਲ ਸਭਾ ਦੇ ਸਰਗ਼ਰਮ ਮੈਂਬਰ ਉੱਘੇ ਕਵੀ ਸੁਖਮਿੰਦਰ ਰਾਮਪੁਰੀ ਸੁਸ਼ੋਭਿਤ ਸਨ। ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਦੇ ਰਸਮੀ-ਸੁਆਗ਼ਤ ਉਪਰੰਤ ਮਲੂਕ ਸਿੰਘ ਵੱਲੋਂ ਆਏ ਮਹਿਮਾਨਾਂ ਨਾਲ ਸਭਾ ਦੀਆਂ ਸਰਗ਼ਰਮੀਆਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ। ਸਭਾ ਦੇ ਸਰਗ਼ਰਮ ਮੈਂਬਰ ਕੁਲਜੀਤ ਮਾਨ ਵੱਲੋਂ ਇਨ੍ਹਾਂ ਮਹਿਮਾਨ ਲੇਖਕਾਂ ਬਾਰੇ ਸੰਖੇਪ ਜਾਣਕਾਰੀ ਦੇਣ ਉਪਰੰਤ, ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਮਹਿਮਾਨਾਂ ਨੂੰ ਵਾਰੋ-ਵਾਰੀ ਮੰਚ ‘ਤੇ ਆ ਕੇ ਆਪਣੇ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ।
ਸੱਭ ਤੋਂ ਪਹਿਲਾਂ ਅਮਰਜੀਤ ਕਾਉਂਕੇ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ ਪਟਿਆਲਾ ਦੇ ਵਸਨੀਕ ਹਨ ਅਤੇ ਉਨ੍ਹਾਂ ਦੀਆਂ ਪੁਸਤਕਾਂ ਵਿੱਚੋਂ ਕਵਿਤਾਵਾਂ ਦੀ ਸੱਭ ਤੋਂ ਪਹਿਲੀ ਪੁਸਤਕ ‘ਦਾਇਰਿਆਂ ਦੀ ਕਬਰ ‘ਚੋਂ’ 1985 ਵਿਚ ਛਪੀ ਅਤੇ ਉਸ ਤੋਂ ਬਾਅਦ ‘ਨਿਰਵਾਣ ਦੀ ਤਲਾਸ਼ ਵਿਚ’ (1987), ‘ਦਵੰਧ ਕਥਾ’ (1990), ਆਦਿ ਸਮੇਤ ਸੱਤਵੀ ਪੁਸਤਕ ‘ਪਿਆਸ’ 2013 ਵਿਚ ਆਈ। ਹਿੰਦੀ ਵਿਚ ਉਨ੍ਹਾਂ ਦੀਆਂ ਚਾਰ ਪੁਸਤਕਾਂ ਛਪੀਆਂ ਹਨ ਅਤੇ ਅੰਗਰੇਜ਼ੀ ਵਿਚ ਇਕ ‘ਰੇਵਰੀਜ਼’ ਹੈ। ਇਨ੍ਹਾਂ ਤੋਂ ਇਲਾਵਾ ਹਿੰਦੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਹਿੰਦੀ ਅਨੁਵਾਦ ਦੀਆਂ ਦਰਜਨ ਤੋਂ ਵਧੇਰੇ ਪੁਸਤਕਾਂ ਹਨ ਅਤੇ ਹੋਰ ਬਹੁਤ ਸਾਰੀਆਂ ਆਲੋਚਨਾ ਦੀਆਂ ਤੇ ਸੰਪਾਦਿਤ ਪੁਸਤਕਾਂ ਵੀ ਹਨ। ਸਾਹਿਤ ਦੇ ਖ਼ੇਤਰ ਵਿਚ ਸੇਵਾ ਲਈ ਉਨ੍ਹਾਂ ਨੂੰ ਸਾਹਿਤ ਅਕੈਡਮੀ ਦਿੱਲੀ (2016), ਨਿਰੰਜਨ ਸਿੰਘ ਨੂਰ ਮੈਮੋਰੀਅਲ ਐਵਾਰਡ (2009), ਇਆਪਾ ਕੈਨੇਡਾ ਐਵਾਰਡ (1998) ਸਮੇਤ ਕਈ ਪੁਰਸਕਾਰ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪਿਛਲੇ ਕਈ ਸਾਲਾਂ ਤੋਂ ਹਰਮਨ ਪਿਆਰਾ ਰਿਸਾਲਾ ‘ਪ੍ਰਤੀਮਾਨ’ ਲਗਾਤਾਰ ਪ੍ਰਕਾਸ਼ਿਤ ਕਰ ਰਹੇ ਹਨ। ਜੰਮੂ ਦੇ ਵਸਨੀਕ ਕਹਾਣੀਕਾਰ ਤੇ ਕਵੀ ਬਲਜੀਤ ਰੈਣਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਦਰਜਨ ਤੋਂ ਵਧੀਕ ਕਹਾਣੀਆਂ ਦੀਆਂ ਪੁਸਤਕਾਂ ਛਪੀਆਂ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਅਤੇ ਹੋਰ ਲੇਖਕਾਂ ਦੀਆਂ ਵੱਖ-ਵੱਖ ਕਹਾਣੀਆਂ ਦੇ ਆਧਾਰਿਤ ‘ਗੁਲਦਸਤਾ’ ਸਮੇਤ ਬਹੁਤ ਸਾਰੀਆਂ ਡਾਕੂਮੈਂਟਰੀ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ ਜੋ ਕਾਫ਼ੀ ਮਕਬੂਲ ਹੋਈਆਂ ਹਨ। ਏਸੇ ਤਰ੍ਹਾਂ ਉਨ੍ਹਾਂ ਦੀ ਸੁਪਤਨੀ ਨਾਵਲਕਾਰ ਸੁਰਿੰਦਰ ਨੀਰ ਨੇ ਦੱਸਿਆ ਕਿ ਜੰਮੂ ਵਿਚ ਰਹਿੰਦਿਆਂ ਕਸ਼ਮੀਰ ਵਿਚ ਵੱਖ-ਵੱਖ ਸਮੇਂ ਜਾਂਦਿਆਂ ਆਉਂਦਿਆਂ ਉਨ੍ਹਾਂ ਨੇ ਉੱਥੇ ਦੇ ਸੰਤਾਪ ਨੂੰ ਅੱਖੀਂ ਵੇਖਿਆ ਤੇ ਕੁਝ ਹੱਦ ਤੀਕ ਹੰਢਾਇਆ ਵੀ ਹੈ। ਉਨ੍ਹਾਂ ਇਸ ਦੇ ਬਾਰੇ ਅਤੇ ਹਿੰਦੂ ਕਮਿਊਨਿਟੀ ਦੀ ਉੱਥੋਂ ਹੋਈ ਹਿਜਰਤ ਬਾਰੇ ਉਨ੍ਹਾਂ ਕਈ ਕਹਾਣੀਆਂ ਲਿਖੀਆਂ ਹਨ ਅਤੇ ਇਕ ਨਾਵਲ ਵੀ ਲਿਖਿਆ ਹੈ। ਸਾਹਿਤਕ ਪ੍ਰਤਿੱਭਾ ਦੀ ਮਾਲਕ ਇਹ ਸਾਹਿਤਕ-ਜੋੜੀ ਕਹਾਣੀਆਂ ਤੇ ਨਾਵਲ ਲਿਖਣ ਦੇ ਨਾਲ਼ ਨਾਲ਼ ਕਵਿਤਾਵਾਂ ਵੀ ਲਿਖਦੀ ਹੈ। ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਪੁਰਾਤਨ ਸ਼ਹਿਰ ਸੁਲਤਾਨਪੁਰ ਲੋਧੀ ਦੀ ਵਸਨੀਕ ਗ਼ਜਲਗੋ ਕੰਵਲਜੀਤ ਕੰਵਲ ਨੇ ਇਸ ਦੇ ਇਤਿਹਾਸਕ ਪਿਛੋਕੜ ਵਿਚ ਜਾਂਦਿਆਂ ਹੋਇਆਂ ਦੱਸਿਆ ਕਿ ਇਸ ਦਾ ਪਹਿਲਾ ਨਾਂ ਇਸ ਸ਼ਹਿਰ ਦਾ ਪੁਰਾਤਨ ਨਾਂ ઑਸਰਵਮਾਨਪੁਰ਼ ਸੀ।
ਸਮਾਗ਼ਮ ਦੇ ਅਗਲੇ ਭਾਗ ਵਿਚ ਕਵੀ-ਦਰਬਾਰ ਹੋਇਆ ਜਿਸ ਵਿਚ ਮਹਿਮਾਨ ਕਵੀਆਂ ਦੇ ਨਾਲ਼ ਨਾਲ਼ ਸਮਾਗ਼ਮ ਵਿਚ ਹਾਜ਼ਰ ਕਵੀਆਂ ਤੇ ਗਾਇਕਾਂ ਨੇ ਭਰਵੀ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਇਕਬਾਲ ਬਰਾੜ, ਜੋਗਿੰਦਰ ਸਿੰਘ ਅਣਖੀਲਾ, ਰਿੰਟੂ ਭਾਟੀਆ, ਮੀਤਾ ਖੰਨਾ, ਗਿਆਨ ਸਿੰਘ ਦਰਦੀ, ਰੇਖਾ ਮਹਾਜਨ, ਪ੍ਰਿੰਸੀਪਲ ਸੰਜੀਵ ਧਵਨ, ਪ੍ਰੋ. ਦਰਸ਼ਨ ਦੀਪ, ਸੰਨੀ ਸ਼ਿਵਰਾਜ, ਭੁਪਿੰਦਰ ਦੁਲੇ, ਮਕਸੂਦ ਚੌਧਰੀ, ਪ੍ਰੋ. ਅਸ਼ਕ ਰਹੀਲ, ਕੁਲ ਦੀਪ, ਰਾਜਵੰਤ ਬਾਜਵਾ, ਸੁਖਮਿੰਦਰ ਰਾਮਪੁਰੀ, ਹਰਜੀਤ ਪੱਡਾ, ਡਾ.ਪਰਗਟ ਸਿੰਘ ਬੱਗਾ, ਜਰਨੈਲ ਸਿੰਘ ਮੱਲ੍ਹੀ, ਮਹਿੰਦਰਦੀਪ ਗਰੇਵਾਲ, ਗੁਰਬਚਨ ਸਿੰਘ ਚਿੰਤਕ ਅਤੇ ਕਰਨ ਅਜਾਇਬ ਸਿੰਘ ਸੰਘਾ ਸ਼ਾਮਲ ਸਨ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …