ਅੰਮ੍ਰਿਤਸਰ : ਏਜੰਟਾਂ ਵਲੋਂ ਧੋਖਾ ਦਿੱਤੇ ਜਾਣ ਕਾਰਨ ਦੁਬਈ ਵਿਚ ਫਸੇ 14 ਭਾਰਤੀ ਨੌਜਵਾਨਾਂ ਨੂੰ ਸਰਬੱਤ ਦਾ ਭਲਾ ਟਰੱਸਟ ਵਲੋਂ ਉਨ੍ਹਾਂ ਦੇ ਘਰਾਂ ਤਕ ਪਹੁੰਚਾਇਆ ਗਿਆ ਹੈ। ਇਹ 14 ਨੌਜਵਾਨ ਦੁਬਈ ਤੋਂ ਰਾਜਾਸਾਂਸੀ ਦੇ ਹਵਾਈ ਅੱਡੇ ਪੁੱਜੇ ਜਿਥੇ ਉਨ੍ਹਾਂ ਦੇ ਮਾਪੇ ਤੇ ਰਿਸ਼ਤੇਦਾਰ ਲੈਣ ਲਈ ਪੁੱਜੇ ਹੋਏ ਸਨ। ਸਰਬੱਤ ਦਾ ਭਲਾ ਟਰੱਸਟ ਵਲੋਂ ਅਜਿਹੇ 29 ਭਾਰਤੀ ਨੌਜਵਾਨਾਂ ਵਿਚੋਂ ਹੁਣ ਤਕ 24 ਨੌਜਵਾਨਾਂ ਨੂੰ ਦੁਬਈ ਤੋਂ ਭਾਰਤ ਲਿਆਂਦਾ ਗਿਆ ਹੈ। ਬਾਕੀ ਪੰਜ ਨੌਜਵਾਨਾਂ ਦੇ ਦਸਤਾਵੇਜ਼ ਮੁਕੰਮਲ ਹੋਣ ਮਗਰੋਂ ਉਨ੍ਹਾਂ ਨੂੰ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ। ਫਿਲਹਾਲ ਇਹ ਪੰਜ ਨੌਜਵਾਨ ਦੁਬਈ ਵਿਚ ਟਰੱਸਟ ਦੇ ਮੁਖੀ ਡਾ. ਐਸ ਪੀ ਸਿੰਘ ਓਬਰਾਏ ਵਲੋਂ ਸੁਰੱਖਿਅਤ ਥਾਂ ‘ਤੇ ਠਹਿਰਾਏ ਗਏ ਹਨ। ਇਨ੍ਹਾਂ ਨੌਜਵਾਨਾਂ ਵਿਚੋਂ ਪੰਜਾਬ ਦੇ 18, ਹਰਿਆਣਾ ਦੇ 6, ਹਿਮਾਚਲ ਦੇ 4 ਅਤੇ ਦਿੱਲੀ ਦਾ ਇਕ ਨੌਜਵਾਨ ਸ਼ਾਮਲ ਹਨ। ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਜੇ 14 ਨੌਜਵਾਨਾਂ ਵਿਚ 11 ਪੰਜਾਬ ਦੇ, ਦੋ ਹਿਮਾਚਲ ਅਤੇ ਇਕ ਹਰਿਆਣਾ ਨਾਲ ਸਬੰਧਤ ਹਨ। ਇਨ੍ਹਾਂ ਵਿਚ ਵਰੁਣ ਵਾਸੀ ਹੁਸ਼ਿਆਰਪੁਰ, ਅਮਨਦੀਪ ਸਿੰਘ ਵਾਸੀ ਚੱਬੇਵਾਲ ਹੁਸ਼ਿਆਰਪੁਰ, ਮਨਪ੍ਰੀਤ ਸਿੰਘ ਵਾਸੀ ਗੜ੍ਹਸ਼ੰਕਰ (ਹੁਸ਼ਿਆਰਪੁਰ), ਵਿਸ਼ਾਲ ਸ਼ਰਮਾ ਵਾਸੀ ਗੜ੍ਹਸ਼ੰਕਰ, ਮਨਦੀਪ ਸਿੰਘ ਵਾਸੀ ਗੜ੍ਹਸ਼ੰਕਰ, ਪ੍ਰਵੀਨ ਕੁਮਾਰ ਵਾਸੀ ਗੜ੍ਹਸ਼ੰਕਰ, ਬਲਵਿੰਦਰ ਕੁਮਾਰ ਵਾਸੀ ਕਪੂਰਥਲਾ, ਨਿਤਿਸ਼ ਚੰਦਲਾ ਵਾਸੀ ਪਟਿਆਲਾ, ਰਾਜ ਕਿਸ਼ੋਰ ਵਾਸੀ ਫਗਵਾੜਾ, ਭਵਨਪ੍ਰੀਤ ਸਿੰਘ ਵਾਸੀ ਖਰੜ, ਦੀਪਕ ਕੁਮਾਰ ਵਾਸੀ ਪਾਣੀਪਤ, ਵਿਕਰਮ ਜੋਸ਼ੀ ਵਾਸੀ ਊਨਾ, ਗੋਪਾਲ ਵਾਸੀ ਊਨਾ ਸ਼ਾਮਲ ਹਨ। ਇਨ੍ਹਾਂ ਨੌਜਵਾਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਏਜੰਟਾਂ ਰਾਹੀਂ ਨੌਕਰੀ ਵਾਸਤੇ ਦੁਬਈ ਗਏ ਸਨ ਪਰ ਕੁਝ ਸਮਾਂ ਕੰਮ ਮਗਰੋਂ ਹੀ ਕੰਪਨੀ ਵਾਲੇ ਭੱਜ ਗਏ ਅਤੇ ਉਹ ਬੇਰੁਜ਼ਗਾਰ ਹੋ ਗਏ। ਅਜਿਹੇ ਵੇਲੇ ਸਭ ਨੇ ਦੋ ਵੇਲੇ ਦੀ ਰੋਟੀ ਤੇ ਛੱਤ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਸਰਬੱਤ ਦਾ ਭਲਾ ਟਰੱਸਟ ਨੇ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਕਰਵਾਈ। ਇਨ੍ਹਾਂ ਵਿਚੋਂ ਵਧੇਰੇ ਨੌਜਵਾਨ ਸੁਰੱਖਿਆ ਏਜੰਸੀ ਵਿਚ ਨੌਕਰੀ ਲਈ ਗਏ ਸਨ। ਟਰੱਸਟ ਦੇ ਮੁਖੀ ਡਾ. ਓਬਰਾਏ ਨੇ ਦੱਸਿਆ ਕਿ ਇਨ੍ਹਾਂ 29 ਨੌਜਵਾਨਾਂ ਨੂੰ ਪਾਕਿਸਤਾਨੀ ਕੰਪਨੀ ਦੇ ਮਾਲਕ ਨੇ ਕੰਮ ਕਰਵਾਉਣ ਤੋਂ ਬਾਅਦ ਤਿੰਨ ਤੋਂ ਛੇ ਮਹੀਨਿਆਂ ਦੀ ਤਨਖਾਹ ਵੀ ਨਹੀਂ ਦਿੱਤੀ। ਟਰੱਸਟ ਨੇ ਇਨ੍ਹਾਂ ਨੌਜਵਾਨਾਂ ਦੇ ਦਸਤਾਵੇਜ਼ ਮੁਕੰਮਲ ਕਰਾਏ ਤੇ ਭਾਰਤ ਵਾਸਤੇ ਹਵਾਈ ਟਿਕਟ, ਜੁਰਮਾਨਾ, ਗੈਰ ਕਾਨੂੰਨੀ ਢੰਗ ਨਾਲ ਠਹਿਰਾਅ ਦਾ ਖਰਚਾ ਆਦਿ ਕੀਤਾ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …