Breaking News
Home / ਪੰਜਾਬ / ਸਿਮਰਜੀਤ ਬੈਂਸ ‘ਤੇ ਲੱਗੇ ਜਬਰ ਜਨਾਹ ਦੇ ਦੋਸ਼

ਸਿਮਰਜੀਤ ਬੈਂਸ ‘ਤੇ ਲੱਗੇ ਜਬਰ ਜਨਾਹ ਦੇ ਦੋਸ਼

ਵਿਧਵਾ ਮਹਿਲਾ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ
ਲੁਧਿਆਣਾ/ਬਿਊਰੋ ਨਿਊਜ਼ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਲੁਧਿਆਣਾ ਦੀ ਇੱਕ ਮਹਿਲਾ ਨੇ ਜਬਰ-ਜਨਾਹ ਦੇ ਦੋਸ਼ ਲਾਏ ਹਨ। ਵਿਧਵਾ ਮਹਿਲਾ ਨੇ ਕਿਹਾ ਕਿ ਉਨ੍ਹਾਂ ਦਾ ਘਰ ਬੈਂਕ ਕੋਲ ਗਿਰਵੀ ਪਿਆ ਹੈ। ਉਸ ਮਾਮਲੇ ਨੂੰ ਸੁਲਝਾਉਣ ਬਦਲੇ ਵਿਧਾਇਕ ਨੇ ਦਫ਼ਤਰ ਤੇ ਗੁਆਂਢੀ ਦੇ ਘਰ ਕਈ ਵਾਰ ਬੁਲਾਇਆ ਤੇ ਜਬਰ-ਜਨਾਹ ਕੀਤਾ। ਦੋਸ਼ ਲਾਉਣ ਵਾਲੀ ਮਹਿਲਾ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਮਹਿਲਾ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ‘ਤੇ ਹੋਰਨਾਂ ਖ਼ਿਲਾਫ਼ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਮਾਮਲੇ ਦੀ ਜਾਂਚ ਜੁਆਇੰਟ ਕਮਿਸ਼ਨਰ (ਦਿਹਾਤੀ ਪੁਲਿਸ) ਕੰਵਰਦੀਪ ਕੌਰ ਨੂੰ ਦਿੱਤੀ ਗਈ ਹੈ।
ਵਿਧਾਇਕ ਬੈਂਸ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਵੀ ਇਸ ਔਰਤ ਨੇ ਸ਼ਿਕਾਇਤ ਦਿੱਤੀ ਸੀ ਤੇ ਫਿਰ ਮੁਆਫ਼ੀ ਵੀ ਮੰਗੀ ਸੀ, ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਈਸ਼ਰ ਨਗਰ ਦੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਗਿੱਲ ਗਾਰਡਨ ਕੋਲ ਮਕਾਨ ਖਰੀਦਿਆ ਸੀ। 11 ਲੱਖ ਰੁਪਏ ਡੀਲਰ ਨੂੰ ਨਗ਼ਦ ਦਿੱਤੇ ਸਨ ਤੇ ਬਾਕੀ ਦੇ 10 ਲੱਖ ਦਾ ਲੋਨ ਕਰਵਾਇਆ ਸੀ। ਮਕਾਨ ਲੈਣ ਤੋਂ ਕਰੀਬ ਇੱਕ ਮਹੀਨੇ ਬਾਅਦ ਮਹਿਲਾ ਦੇ ਪਤੀ ਦੀ ਮੌਤ ਹੋ ਗਈ। ਕਰਜ਼ੇ ਦੀਆਂ ਕਰੀਬ 5-6 ਮਹੀਨੇ ਦੀਆਂ ਕਿਸ਼ਤਾਂ ਟੁੱਟ ਗਈਆਂ।
ਸ਼ਿਕਾਇਤਕਰਤਾ ਮਹਿਲਾ ਨੇ ਦੋਸ਼ ਲਾਇਆ ਕਿ ਡੀਲਰ ਨੇ ਬੈਂਕ ਵਾਲਿਆਂ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਸਿਮਰਜੀਤ ਸਿੰਘ ਬੈਂਸ ਈਸ਼ਰ ਨਗਰ ਇਲਾਕੇ ‘ਚ ਮੀਟਿੰਗ ਕਰ ਰਹੇ ਸਨ ਤਾਂ ਉਸ ਦੀ ਮੁਲਾਕਾਤ ਵਿਧਾਇਕ ਬੈਂਸ ਨਾਲ ਹੋਈ। ਸਾਰੀ ਗੱਲ ਸੁਣ ਕੇ ਵਿਧਾਇਕ ਨੇ ਦਫ਼ਤਰ ਆਉਣ ਲਈ ਆਖਿਆ। ਇਕ ਕਮਰੇ ਵਿਚ ਵਿਧਾਇਕ ਬੈਂਸ ਨੇ ਉਸ ਨਾਲ ਜਬਰ-ਜਨਾਹ ਕੀਤਾ। ਔਰਤ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਜਦ ਵੀ ਆਪਣੀ ਸਮੱਸਿਆ ਦੇ ਹੱਲ ਲਈ ਉੱਥੇ ਗਈ ਤਾਂ ਉਸ ਦੇ ਨਾਲ ਜਬਰ-ਜਨਾਹ ਕੀਤਾ ਗਿਆ। ਔਰਤ ਨੇ ਦੋਸ਼ ਲਾਇਆ ਕਿ ਬੈਂਸ ਨੇ ਦਫ਼ਤਰ ਦੇ ਗੁਆਂਢ ‘ਚ ਰਹਿਣ ਵਾਲੀ ਔਰਤ ਦੇ ਘਰ ਵੀ ਉਸ ਨੂੰ ਬੁਲਾਇਆ ਸੀ ਤੇ ਜਬਰ-ਜਨਾਹ ਕੀਤਾ। ਸ਼ਿਕਾਇਤ ਵਿਚ ਉਸ ਨੇ ਕਿਹਾ ਕਿ ਵਿਧਾਇਕ ਲਗਾਤਾਰ ਭਰੋਸਾ ਦਿੰਦਾ ਰਿਹਾ ਕਿ ਡੀਲਰ ਉਸ ਨੂੰ ਪੈਸੇ ਦੇ ਦੇਵੇਗਾ ਤੇ ਉਹ ਉਸ ਦਾ ਪੂਰਾ ਮਸਲਾ ਹੱਲ ਕਰਵਾ ਦੇਣਗੇ, ਪਰ ਹਰ ਵਾਰੀ ਮਜਬੂਰੀ ਦਾ ਫਾਇਦਾ ਚੁੱਕਿਆ ਗਿਆ। ਮਹਿਲਾ ਨੇ ਨਾਲ ਹੀ ਦੋਸ਼ ਲਾਇਆ ਕਿ ਉਸ ਨੂੰ ਡੀਲਰ ਨੇ ਵੀ ਦੱਸਿਆ ਸੀ ਕਿ ਬੈਂਸ ਨੇ ਪੈਸੇ ਦੇਣ ਤੋਂ ਮਨ੍ਹਾਂ ਕੀਤਾ ਹੋਇਆ ਹੈ ਤਾਂ ਕਿ ਉਹ ਉਸ ਦੇ ਨਾਲ ਸਬੰਧ ਬਣਾ ਸਕੇ। ਇਸ ਤੋਂ ਬਾਅਦ ਹੀ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …