Breaking News
Home / ਪੰਜਾਬ / ਲੋਕ ਇਨਸਾਫ਼ ਪਾਰਟੀ ਨੇ ਕੀਤੀ ‘ਪੰਜਾਬ ਅਧਿਕਾਰ ਯਾਤਰਾ’

ਲੋਕ ਇਨਸਾਫ਼ ਪਾਰਟੀ ਨੇ ਕੀਤੀ ‘ਪੰਜਾਬ ਅਧਿਕਾਰ ਯਾਤਰਾ’

ਬੈਂਸ ਬੋਲੇ – ਪਾਣੀਆਂ ਦੀ ਕੀਮਤ ਵਸੂਲ ਕਰੋ ਜਾਂ ਪਾਣੀ ਦੇਣਾ ਬੰਦ ਕਰੋ
ਚੰਡੀਗੜ੍ਹ : ਲੋਕ ਇਨਸਾਫ਼ ਪਾਰਟੀ ਵਲੋਂ ਪਾਣੀਆਂ ਦੀ ਕੀਮਤ ਵਸੂਲੀ ਲਈ ‘ਸਾਡਾ ਖੇਤ-ਸਾਡਾ ਪਾਣੀ-ਸਾਡਾ ਹੱਕ’ ਤਹਿਤ ਹਰੀਕੇ ਪੱਤਣ ਤੋਂ ਚੰਡੀਗੜ੍ਹ ਤੱਕ ਚਾਰ ਰੋਜ਼ਾ ਪੰਜਾਬ ਅਧਿਕਾਰ ਯਾਤਰਾ ਸਤਲੁਜ-ਬਿਆਸ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਸ਼ੁਰੂ ਕੀਤੀ, ਜਿਸਦੀ ਸਮਾਪਤੀ ਚੰਡੀਗੜ੍ਹ ਵਿਖੇ ਹੋਈ। ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਹਰੀਕੇ ਹੈੱਡ ਵਰਕਸ ‘ਤੇ ਪੁੱਜੇ ਅਤੇ ਰਾਜਸਥਾਨ ਫੀਡਰ ਨਹਿਰ ਵਿਚੋਂ ਪਾਣੀ ਹੱਥਾਂ ਵਿਚ ਲੈ ਕੇ ਸਹੁੰ ਚੁੱਕੀ ਕਿ ਅਸੀਂ ਪੰਜਾਬ ਦੇ ਸੰਵਿਧਾਨਿਕ ਹੱਕਾਂ ਲਈ ਕਿਸੇ ਤਰ੍ਹਾਂ ਦਾ ਕੋਈ ਵੀ ਬਲੀਦਾਨ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਤੇ ਪਾਣੀਆਂ ਦੀ ਕੀਮਤ ਵਸੂਲੀ ਲਈ ਲੜਾਈ ਆਖਰੀ ਦਮ ਤੱਕ ਲੜਾਂਗੇ। ਇਸ ਮੌਕੇ ਸਮਾਗਮ ਦੌਰਾਨ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਸੈਂਕੜੇ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੁਨੀਆ ਅੰਦਰ ਕੁਦਰਤੀ ਖਜ਼ਾਨਾ ਕੋਲਾ, ਕੱਚਾ ਲੋਹਾ, ਤੇਲ, ਮਾਰਬਲ ਜਾਂ ਇਮਾਰਤੀ ਲੱਕੜ ਕਦੇ ਵੀ ਮੁਫ਼ਤ ਨਹੀਂ, ਫਿਰ ਸਾਡਾ ਪਾਣੀ ਦੂਜੇ ਰਾਜਾਂ ਨੂੰ ਮੁਫ਼ਤ ਕਿਉਂ ਦਿੱਤਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਵਲੋਂ ਪਾਣੀਆਂ ਦੀ ਕੀਮਤ ਵਸੂਲੀ ਲਈ 16 ਨਵੰਬਰ 2016 ਨੂੰ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕੀਤਾ ਗਿਆ ਸੀ ਫ਼ਿਰ ਵੀ ਪਾਣੀ ਦੀ ਕੀਮਤ ਵਸੂਲੀ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਇਕੱਲੇ ਰਾਜਸਥਾਨ ਵੱਲ ਪਾਣੀ ਦਾ ਬਕਾਇਆ 16 ਲੱਖ ਕਰੋੜ ਤੋਂ ਵੀ ਵੱਧ ਹੈ, ਜਿਸ ਨਾਲ ਪੰਜਾਬ ਸਿਰ ਚੜ੍ਹਿਆ 3 ਲੱਖ ਕਰੋੜ ਦਾ ਕਰਜ਼ਾ ਉੱਤਰ ਸਕਦਾ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਹਿਮਾਚਲ ਦਾ ਪਾਣੀ ਯਮੁਨਾ ਜ਼ਰੀਏ ਦਿੱਲੀ ਵਰਤ ਰਹੀ ਹੈ, ਉਸ ਪਾਣੀ ਦਾ ਦਿੱਲੀ 21 ਕਰੋੜ ਰੁਪਏ ਹਿਮਾਚਲ ਨੂੰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਧਿਕਾਰ ਯਾਤਰਾ 16, 17, 18, 19 ਨਵੰਬਰ ਨੂੰ ਵੱਖ-ਵੱਖ ਪੜਾਅ ਕਰਦੀ ਹੋਈ ਚੰਡੀਗੜ੍ਹ ਪਹੁੰਚੇਗੀ ਅਤੇ 21 ਲੱਖ ਲੋਕਾਂ ਦੇ ਦਸਤਖ਼ਤਾਂ ਵਾਲੀ ਪਟੀਸ਼ਨ ਤਹਿਤ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਦੇ ਅੰਦਰ ਕੇਸ ਦਾਇਰ ਕਰਾਂਗੇ ਕਿ ਜਾਂ ਪਾਣੀ ਦੀ ਕੀਮਤ ਵਸੂਲ ਕਰੋ ਜਾਂ ਪਾਣੀ ਦੇਣਾ ਕਰੋ ਬੰਦ।
ਦੋਸ਼ ਬੇਬੁਨਿਆਦ ਤੇ ਸਿਆਸਤ ਤੋਂ ਪ੍ਰੇਰਿਤ: ਸਿਮਰਜੀਤ ਬੈਂਸ
ਸਿਮਰਜੀਤ ਬੈਂਸ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ ਪਹਿਲੀ ਵਾਰ ਨਹੀਂ ਲੱਗੇ ਹਨ, ਕਦੇ ਉਨ੍ਹਾਂ ਦਾ ਨਾਮ ਚਿੱਟਾ ਵੇਚਣ ਵਾਲਿਆਂ ਨਾਲ, ਕਦੇ ਟੈਕਸ ਚੋਰ ਤੇ ਕਦੇ ਬਿਜਲੀ ਚੋਰ ਵਜੋਂ ਬਦਨਾਮ ਕੀਤਾ ਜਾਂਦਾ ਰਿਹਾ ਹੈ। ਜਾਂਚ ਦੌਰਾਨ ਸੱਚ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਤੇ ਸ਼ਿਕਾਇਤ ਔਰਤ ਨੇ ਕਿਸੇ ਦੀ ਸ਼ਹਿ ਉਤੇ ਕੀਤੀ ਹੈ।
ਮਾਣਹਾਨੀ ਮਾਮਲੇ ‘ਚ ਸੁਖਬੀਰ ਬਾਦਲ ਦੇ ਜ਼ਮਾਨਤੀ ਵਾਰੰਟ ਜਾਰੀ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ 43 ‘ਚ ਸਥਿਤ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੇ ਤਿੰਨ ਸਾਲ ਪੁਰਾਣੇ ਮਾਣਹਾਨੀ ਕੇਸ ਦੀ ਸੁਣਵਾਈ ਕਰਦਿਆਂ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ ਉਨ੍ਹਾਂ ਦੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਵੱਲੋਂ ਪਹਿਲਾਂ ਸੁਖਬੀਰ ਬਾਦਲ ਨੂੰ ਪੇਸ਼ ਹੋਣ ਲਈ ਕਈ ਵਾਰ ਸੰਮਨ ਜਾਰੀ ਕੀਤੇ ਗਏ ਸਨ, ਪਰ ਉਹ ਅਦਾਲਤ ਵਿੱਚ ਪੇਸ਼ ਨਾ ਹੋਏ। ਅਦਾਲਤ ਨੇ ਬਾਦਲ ਦੇ ਜ਼ਮਾਨਤੀ ਵਾਰੰਟ ਜਾਰੀ ਕਰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 27 ਨਵੰਬਰ ‘ਤੇ ਪਾ ਦਿੱਤੀ ਹੈ। ਦੱਸਣਯੋਗ ਹੈ ਕਿ ਸੁਖਬੀਰ ਬਾਦਲ ਖ਼ਿਲਾਫ਼ ਧਾਰਮਿਕ ਜਥੇਬੰਦੀ ਅਖੰਡ ਕੀਰਤਨੀ ਜਥੇ ਅਤੇ ਉਸ ਦੇ ਬੁਲਾਰੇ ਰਾਜਿੰਦਰ ਪਾਲ ਸਿੰਘ ਵੱਲੋਂ ਜਨਵਰੀ 2017 ‘ਚ ਕੇਸ ਫਾਈਲ ਕੀਤਾ ਗਿਆ ਸੀ। ਕੇਸ ਫਾਈਲ ਅਨੁਸਾਰ ਸ਼ਿਕਾਇਤਕਰਤਾ ਰਾਜਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਤਿੰਨ ਸਾਲ ਪਹਿਲਾਂ ਜਨਵਰੀ 2017 ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਘਰ ਸਵੇਰੇ ਮਿਲਣ ਆਏ ਸਨ। ਸੁਖਬੀਰ ਬਾਦਲ ਨੇ ਮੀਡੀਆ ਨੂੰ ਜਥੇ ਦੇ ਖ਼ਿਲਾਫ਼ ਬਿਆਨ ਦਿੱਤਾ ਸੀ ਜਿਸ ਵਿੱਚ ਅਖੰਡ ਕੀਰਤਨੀ ਜਥੇ ਨੂੰ ਅੱਤਵਾਦੀ ਜਥੇਬੰਦੀ ਦਾ ਰਾਜਨੀਤਕ ਚਿਹਰਾ ਦੱਸਿਆ ਗਿਆ ਸੀ।

Check Also

ਬਿਕਰਮ ਮਜੀਠੀਆ ਸਿੱਟ ਅੱਗੇ ਨਹੀਂ ਹੋਏ ਪੇਸ਼

ਕਿਹਾ : 23 ਜੁਲਾਈ ਤੋਂ ਬਾਅਦ ਸਿੱਟ ਅੱਗੇ ਹੋਵਾਂਗਾ ਪੇਸ਼ ਚੰਡੀਗੜ੍ਹ/ਬਿਊਰੋ ਨਿਊਜ਼ : ਸੀਨੀਅਰ ਅਕਾਲੀ …