Breaking News
Home / ਪੰਜਾਬ / ਪੰਜਾਬ ਭਾਜਪਾ ਦੀ ਮੀਟਿੰਗ ‘ਚੋਂ ਸੁਨੀਲ ਜਾਖੜ ਗੈਰਹਾਜ਼ਰ

ਪੰਜਾਬ ਭਾਜਪਾ ਦੀ ਮੀਟਿੰਗ ‘ਚੋਂ ਸੁਨੀਲ ਜਾਖੜ ਗੈਰਹਾਜ਼ਰ

ਪੰਚਾਇਤੀ ਤੇ ਜ਼ਿਮਨੀ ਚੋਣਾਂ ਬਾਰੇ ਚਰਚਾ; ਵਫਦ ਵੱਲੋਂ ਚੋਣ ਕਮਿਸ਼ਨ ਨੂੰ ਮੰਗ ਪੱਤਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੀ ਸੂਬਾਈ ਮੀਟਿੰਗ ਵਿਚੋਂ ਪ੍ਰਧਾਨ ਸੁਨੀਲ ਜਾਖੜ ਗੈਰਹਾਜ਼ਰ ਰਹੇ। ਇਸ ਨੇ ਉਨ੍ਹਾਂ ਦੇ ਅਸਤੀਫ਼ੇ ਦੇ ਭੇਤ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੁਪਾਨੀ ਨੇ ਚੰਡੀਗੜ੍ਹ ‘ਚ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਵਿੱਚ ਪੰਚਾਇਤੀ ਚੋਣਾਂ ਅਤੇ ਆਗਾਮੀ ਚਾਰ ਜ਼ਿਮਨੀ ਚੋਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਸੁਨੀਲ ਜਾਖੜ ਦੇ ਮਾਮਲੇ ‘ਤੇ ਕੋਈ ਚਰਚਾ ਨਹੀਂ ਹੋਈ ਹੈ।
ਜਾਖੜ ਦੇ ਨੇੜਲਿਆਂ ਦਾ ਕਹਿਣਾ ਹੈ ਕਿ ਪ੍ਰਧਾਨ ਸੁਨੀਲ ਜਾਖੜ ਕਈ ਦਿਨਾਂ ਤੋਂ ਦਿੱਲੀ ਵਿੱਚ ਹਨ ਅਤੇ ਉਨ੍ਹਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਚੰਡੀਗੜ੍ਹ ਮੀਟਿੰਗ ਵਿਚ ਨਹੀਂ ਆ ਸਕਣਗੇ। ਕੁੱਝ ਵੀ ਹੋਵੇ ਪਰ ਅਹਿਮ ਮੀਟਿੰਗ ‘ਚੋਂ ਜਾਖੜ ਦੀ ਗੈਰ-ਮੌਜੂਦਗੀ ਨੂੰ ਲੈ ਕੇ ਅਸਤੀਫ਼ੇ ਦਾ ਸ਼ੱਕ ਸੱਚ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ। ਮੀਟਿੰਗ ਉਪਰੰਤ ਭਾਜਪਾ ਆਗੂਆਂ ਨੇ ਮੁੜ ਕਿਹਾ ਕਿ ਸੁਨੀਲ ਜਾਖੜ ਹੀ ਪ੍ਰਧਾਨ ਹਨ।
ਮੀਟਿੰਗ ਮਗਰੋਂ ਪੰਚਾਇਤ ਚੋਣਾਂ ‘ਚ ਧਾਂਦਲੀ ਦੇ ਤੌਖਲਿਆਂ ਬਾਰੇ ਭਾਜਪਾ ਆਗੂਆਂ ਦਾ ਵਫਦ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ। ਵਫਦ ਵਿਚ ਭਾਜਪਾ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ, ਫਤਹਿਜੰਗ ਬਾਜਵਾ, ਸੁੱਚਾ ਰਾਮ ਲੁੱਧੜ, ਰਾਜੇਸ਼ ਕੁਮਾਰ, ਬੋਨੀ ਅਜਨਾਲਾ ਅਤੇ ਜੈਇੰਦਰ ਕੌਰ ਆਦਿ ਸ਼ਾਮਲ ਸਨ।
ਰੁਪਾਨੀ ਨੇ ਭਾਜਪਾ ਆਗੂਆਂ ਨੂੰ ਕਿਹਾ ਕਿ ਪਿੰਡਾਂ ਦੀਆਂ ਪੰਚਾਇਤੀ ਚੋਣਾਂ ‘ਚ ਉਮੀਦਵਾਰ ਖੜ੍ਹੇ ਕੀਤੇ ਜਾਣ। ਭਾਜਪਾ ਆਗੂਆਂ ਨੇ ਪਿੰਡਾਂ ਦੇ ਭਾਜਪਾ ਪ੍ਰਤੀ ਮਾਹੌਲ ਤੋਂ ਜਾਣੂ ਕਰਾਇਆ। ਵਿਜੇ ਰੁਪਾਨੀ ਨੇ ਮੀਟਿੰਗ ਵਿਚ ਆਗਾਮੀ ਚਾਰ ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਇੰਚਾਰਜਾਂ ਦੀ ਤਾਇਨਾਤੀ ਕੀਤੀ ਹੈ।

 

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …