ਸੰਯੁਕਤ ਸਮਾਜ ਮੋਰਚਾ ਅਤੇ ਅਕਾਲੀ ਦਲ (ਅੰਮ੍ਰਿਤਸਰ) ਨੂੰ ਵੋਟ ਦੇਣ ਲਈ ਕਿਹਾ
ਅੰਮ੍ਰਿਤਸਰ : ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਧਿਆਨ ਸਿੰਘ ਮੰਡ ਨੇ ਬੇਅਦਬੀ ਮਾਮਲਿਆਂ ਵਿੱਚ ਕਾਂਗਰਸ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਅਤੇ ਇਸ ਸਬੰਧੀ ਵਾਅਦਾ ਖਿਲਾਫੀ ਕਰਨ ਦੇ ਆਰੋਪ ਹੇਠ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਤਿੰਨ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ ਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ। ਉਨ੍ਹਾਂ ਸੰਗਤ ਨੂੰ ਆਖਿਆ ਕਿ ਜਦੋਂ ਤੱਕ ਇਹ ਸਾਰੇ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਪੰਥਕ ਰਵਾਇਤਾਂ ਅਨੁਸਾਰ ਤਨਖਾਹ ਨਹੀਂ ਲਗਵਾਉਂਦੇ, ਉਦੋਂ ਤੱਕ ਇਨ੍ਹਾਂ ਨੂੰ ਕਿਸੇ ਗੁਰਦੁਆਰੇ ਜਾਂ ਸੰਗਤੀ ਇਕੱਠ ਵਿੱਚ ਬੋਲਣ ਨਾ ਦਿੱਤਾ ਜਾਵੇ, ਨਾ ਕੋਈ ਸਹਿਯੋਗ ਦਿੱਤਾ ਜਾਵੇ ਅਤੇ ਨਾ ਹੀ ਕੋਈ ਮਾਣ-ਸਨਮਾਨ ਕੀਤਾ ਜਾਵੇ। ਇਸ ਤੋਂ ਪਹਿਲਾਂ ਧਿਆਨ ਸਿੰਘ ਮੰਡ ਵੱਲੋਂ ਇਸੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤਨਖਾਹੀਆ ਕਰਾਰ ਦਿੱਤਾ ਜਾ ਚੁੱਕਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਬਾਹਰ ਜਥੇਦਾਰ ਮੰਡ ਨੇ ਉਕਤ ਪੰਜ ਕਾਂਗਰਸੀ ਆਗੂਆਂ ਖਿਲਾਫ ਇਹ ਆਦੇਸ਼ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ਼ ਲਈ ਲਾਏ ਗਏ ਬਰਗਾੜੀ ਮੋਰਚੇ ਨੂੰ ਪੰਜਾਬ ਸਰਕਾਰ ਨੇ ਨਿਆਂ ਦੇਣ ਦਾ ਝੂਠਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਮੰਤਰੀਆਂ ਤੇ ਤਿੰਨੇ ਵਿਧਾਇਕਾਂ, ਜੋ ਉਸ ਵੇਲੇ ਸਰਕਾਰ ਦੇ ਏਲਚੀ ਬਣ ਕੇ ਮੋਰਚਾ ਖਤਮ ਕਰਾਉਣ ਲਈ ਆਏ ਸਨ, ਨੇ ਇਸ ਮਾਮਲੇ ਵਿੱਚ ਸਾਰਾ ਦੋਸ਼ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਮੜ੍ਹ ਦਿੱਤਾ ਸੀ। ਇਸ ਸਬੰਧ ਵਿੱਚ ਕੈਪਟਨ ਕੋਲੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਸੀ, ਪਰ ਉਹ ਵੀ ਸਿੱਖ ਸੰਗਤ ਦੀ ਤਸੱਲੀ ਨਾ ਕਰਵਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜਾਂ ਨੂੰ ਵੀ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਪਰ ਇਨ੍ਹਾਂ ਵੀ ਕੋਈ ਕਾਰਵਾਈ ਨਹੀਂ ਕੀਤੀ। ਧਿਆਨ ਸਿੰਘ ਮੰਡ ਨੇ ਆਖਿਆ ਕਿ ਸਿੱਖ ਸੰਗਤ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ ਅਤੇ ਅਕਾਲੀ ਦਲ (ਅੰਮ੍ਰਿਤਸਰ) ਨੂੰ ਵੋਟਾਂ ਦੇ ਸਕਦੇ ਹਨ।