ਪਿਤਾ ਚਰਨਜੀਤ ਸਿੰਘ ਨੇ ਦਿੱਤੀ ਚਿਤਾ ਨੂੰ ਮੁੱਖ ਅਗਨੀ
ਲੁਧਿਆਣਾ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਅਜੇ ਸਿੰਘ ਦਾ ਅੰਤਿਮ ਸਸਕਾਰ ਅੱਜ ਫੌਜੀ ਸਨਮਾਨਾਂ ਦੇ ਨਾਲ ਉਸਦੇ ਜੱਦੀ ਪਿੰਡ ਰਾਮਗੜ੍ਹ ਸਰਦਾਰਾਂ ’ਚ ਕੀਤਾ ਗਿਆ। ਸ਼ਹੀਦ ਦੀ ਚਿਤਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਪਿਤਾ ਚਰਨਜੀਤ ਸਿੰਘ ਵੱਲੋਂ ਦਿੱਤੀ ਗਈ। ਸ਼ਨੀਵਾਰ ਸਵੇਰੇ 10 ਵਜੇ ਸ਼ਹੀਦ ਅਜੇ ਸਿੰਘ ਦਾ ਮਿ੍ਰਤਕ ਸਰੀਰ ਜੱਦੀ ਪਿੰਡ ਅਮਰਗੜ੍ਹ ਪਹੁੰਚਿਆ। ਜਿੱਥੇ ਆਪਣੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਦੀ ਭੀੜ ਉਮੜੀ ਹੋਈ। ਇਸੇ ਦੌਰਾਨ 6 ਭੈਣਾਂ ਦੇ ਇਕਲੌਤੇ ਭਰਾ ਸ਼ਹੀਦ ਅਜੇ ਸਿੰਘ ਦੇ ਸਿਰ ’ਤੇ ਭੈਣਾਂ ਵੱਲੋਂ ਸਿਹਰਾ ਸਜਾਇਆ ਗਿਆ। ਜਿਸ ਤੋਂ ਬਾਅਦ ਸ਼ਹੀਦ ਅਜੇ ਸਿੰਘ ਦੀ ਅੰਤਿਮ ਯਾਤਰਾ ਸ਼ੁਰੂ ਹੋਈ। ਦੋ ਕਿਲੋਮੀਟਰ ਦੀ ਅੰਤਿਮ ਯਾਤਰਾ ਦੌਰਾਨ ਡੀਸੀ ਅਤੇ ਐਸਐਸਪੀ ਵੀ ਸ਼ਾਮਲ ਹੋਏ। ਅੰਤਿਮ ਯਾਤਰਾ ਡੇਢ ਘੰਟੇ ਦਾ ਸਫਰ ਤੈਅ ਕਰਨ ਮਗਰੋਂ ਸ਼ਮਸ਼ਾਨਘਾਟ ਪਹੁੰਚੀ ਜਿੱਥੇ ਸ਼ਹੀਦ ਅਜੇ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਧਿਆਨ ਰਹੇ ਕਿ ਸ਼ਹੀਦ ਅਜੇ ਸਿੰਘ ਲੰਘੇ ਦਿਨੀਂ ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ’ਚ ਬਾਰੂਦੀ ਸੁਰੰਗ ਦੇ ਫਟਣ ਕਾਰਨ ਸ਼ਹੀਦ ਹੋ ਗਿਆ ਸੀ।