ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਕਿੱਧਰ ਨੂੰ ਜਾਵੇਗਾ, ਇਸ ਬਾਰੇ ਅਜੇ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਪੰਜਾਬ ਦੇ ਜ਼ਿਆਦਾਤਰ ਵਿਧਾਇਕਾਂ ਤੇ ਮੰਤਰੀਆਂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਕੈਪਟਨ ਅਮਰਿੰਦਰ ’ਤੇ ਦਬਾ ਪਾਉਣ ਤਾਂ ਕਿ ਬਾਦਲ ਪਰਿਵਾਰ ਨਾਲ ਮੁੱਖ ਮੰਤਰੀ ਦੀਆਂ ਨਜ਼ਦੀਕੀਆਂ ਦਾ ਖਾਮਿਆਜ਼ਾ ਪਾਰਟੀ ਨੂੰ ਨਾ ਭੁਗਤਣਾ ਪਵੇ। ਧਿਆਨ ਰਹੇ ਕਿ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਨਾ ਮਿਲਣ ਕਰਕੇ ਕੈਪਟਨ ਅਮਰਿੰਦਰ ’ਤੇ ਲਗਾਤਾਰ ਸਵਾਲ ਉਠ ਰਹੇ ਹਨ। ਪੰਜਾਬ ਕਾਂਗਰਸ ਦਾ ਵਿਵਾਦ ਸੁਲਝਾਉਣ ਲਈ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦੀਆਂ ਅਟਕਲਾਂ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ। ਸਿੱਧੂ ਪਹਿਲਾਂ ਪਾਰਟੀ ਹਾਈਕਮਾਨ ਅਤੇ ਫਿਰ ਤਿੰਨ ਮੈਂਬਰੀ ਕਮੇਟੀ ਨੂੰ ਸਪੱਸ਼ਟ ਕਹਿ ਆਏ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕਿਸੇ ਵੀ ਅਹੁਦੇ ’ਤੇ ਕੰਮ ਕਰਨਾ ਅਸੰਭਵ ਹੈ। ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਜਦੋਂ ਤਿੰਨ ਮੈਂਬਰੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਤਾਂ ਉਨ੍ਹਾਂ ਪੰਜਾਬ ਵਿਚ ਅਫਸਰਸ਼ਾਹੀ ਨੂੰ ਲੈ ਕੇ ਵੀ ਕਈ ਸਵਾਲ ਚੁੱਕੇ। ਉਨ੍ਹਾਂ ਕਮੇਟੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਕਾਂਗਰਸੀ ਵਿਧਾਇਕਾਂ, ਆਗੂਆਂ ਅਤੇ ਵਰਕਰਾਂ ਦੀ ਕੋਈ ਗੱਲ ਹੀ ਨਹੀਂ ਸੁਣਦੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਕਾਂਗਰਸ ’ਚ ਚੱਲ ਰਹੇ ਸਿਆਸੀ ਤੂਫਾਨ ਨੂੰ ਸ਼ਾਂਤ ਕਰਨ ਲਈ ਰਾਹੁਲ ਗਾਂਧੀ ਵੀ ਨਿੱਜੀ ਦਿਲਚਸਪੀ ਲੈ ਰਹੇ ਨੇ। ਰਾਹੁਲ ਨੇ ਪੰਜਾਬ ਦੇ ਕਾਂਗਰਸੀ ਵਿਧਾਇਕਾਂ, ਮੰਤਰੀਆਂ ਅਤੇ ਕਈ ਸੀਨੀਅਰ ਆਗੂਆਂ ਨਾਲ ਫੋਨ ’ਤੇ ਗੱਲ ਵੀ ਕੀਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਕਈ ਤਰ੍ਹਾਂ ਦੇ ਸਿਆਸੀ ਰੰਗ ਦੇਖਣ ਨੂੰ ਮਿਲਣਗੇ।