
ਸਕੂਲ ਪ੍ਰਸ਼ਾਸਨ ਨੇ ਅੱਧੀ ਛੁੱਟੀ ਕਰਕੇ ਬੱਚਿਆਂ ਨੂੰ ਘਰ ਭੇਜਿਆ
ਜਲੰਧਰ/ਬਿਊਰੋ ਨਿਊਜ਼
ਅੰਮਿ੍ਰਤਸਰ ਮਗਰੋਂ ਹੁਣ ਜਲੰਧਰ ਸ਼ਹਿਰ ਦੇ ਕਰੀਬ 11 ਸਕੂਲਾਂ ਨੂੰ ਬੰਬ ਧਮਾਕਿਆਂ ਨਾਲ ਨਿਸ਼ਾਨਾ ਬਣਾਉਣ ਦੀ ਧਮਕੀ ਮਿਲੀ ਹੈ। ਇਸਦੇ ਚੱਲਦਿਆਂ ਸਕੂਲਾਂ ਵਿਚ ਬਹੁਤ ਜ਼ਿਆਦਾ ਘਬਰਾਹਟ ਫੈਲ ਗਈ ਤੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿਚ ਸੇਂਟ ਜੋਸਫ ਕਾਨਵੈਂਟ ਸਕੂਲ, ਆਈ.ਵੀ.ਵਾਈ. ਵਰਲਡ ਸਕੂਲ, ਸੰਸਕਿ੍ਰਤੀ ਕੇ.ਐਮ.ਵੀ. ਸਕੂਲ ਅਤੇ ਸ਼ਿਵ ਜਯੋਤੀ ਸਕੂਲ ਸ਼ਾਮਲ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਹੁਣ ਤੱਕ 11 ਸਕੂਲਾਂ ਨੂੰ ਧਮਕੀ ਵਾਲੇ ਈਮੇਲ ਮਿਲੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਕੇਸ ਦਰਜ ਕਰ ਲਿਆ ਹੈ ਅਤੇ ਟੀਮਾਂ ਵੱਲੋਂ ਇਨ੍ਹਾਂ ਧਮਕੀਆਂ ਸਬੰਧੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਧਮਕੀਆਂ ਨੂੰ ਦੇਖਦਿਆਂ ਸਕੂਲ ਦੁਪਹਿਰ 12 ਵਜੇ ਦੇ ਕਰੀਬ ਬੰਦ ਕਰ ਦਿੱਤੇ ਗਏ ਸਨ।

