ਲੱਖਾਂ ਦੀ ਗਿਣਤੀ ਵਿਚ ਸੰਗਤਾਂ ਹਰਿਮੰਦਰ ਸਾਹਿਬ ਹੋਈਆਂ ਨਤਮਸਤਕ
ਅੰਮ੍ਰਿਤਸਰ/ਬਿਊਰੋ ਨਿਊਜ਼
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸਮੁੱਚੇ ਸੰਸਾਰ ਵਿੱਚ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਖਾਸ ਰੌਣਕਾਂ ਵੇਖਣ ਨੂੰ ਮਿਲੀਆਂ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਜਲੋਅ ਵੀ ਸਜਾਏ ਗਏ ਅਤੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਗੁਰਦੁਆਰਾ ਰਾਮ ਸਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਸੰਗਤਾਂ ਸ਼ਾਮਲ ਹੋਈਆਂ। ਨਗਰ ਕੀਰਤਨ ਵਿਚ ਗੱਤਕਾ ਅਖਾੜਿਆਂ, ਸਭਾ ਸੁਸਾਇਟੀਆਂ, ਸਕੂਲੀ ਬੱਚਿਆਂ ਦੀਆਂ ਬੈਂਡ ਤੇ ਗੱਤਕਾ ਟੀਮਾਂ ਨੇ ਸ਼ਮੂਲੀਅਤ ਕੀਤੀ। ਇਲਾਕੇ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਛਬੀਲਾਂ ਤੇ ਲੰਗਰ ਵੀ ਲਾਏ ਗਏ।