Breaking News
Home / ਪੰਜਾਬ / ਮਨਪ੍ਰੀਤ ਬਾਦਲ ਨੇ ਪੰਜਾਬ ਲਈ ਕੇਂਦਰ ਸਰਕਾਰ ਕੋਲੋਂ ਮੰਗਿਆ ਵਿਸ਼ੇਸ਼ ਪੈਕੇਜ

ਮਨਪ੍ਰੀਤ ਬਾਦਲ ਨੇ ਪੰਜਾਬ ਲਈ ਕੇਂਦਰ ਸਰਕਾਰ ਕੋਲੋਂ ਮੰਗਿਆ ਵਿਸ਼ੇਸ਼ ਪੈਕੇਜ

ਪੰਜਾਬ ਦੇ ਵਿੱਤ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਨਾਲ ਕੀਤੀ ਵਰਚੂਅਲ ਮੀਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਾੜੀ ਰਾਜਾਂ ਦੀ ਤਰਜ਼ ‘ਤੇ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਵੀ ਸਨਅਤੀ ਵਿਕਾਸ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਵਰਚੁਅਲ ਮੀਟਿੰਗ ਦੌਰਾਨ ਇਹ ਤਰਕ ਦਿੱਤਾ ਕਿ ਪੰਜਾਬ ਸਰਹੱਦੀ ਸੂਬੇ ਹੋਣ ਕਰਕੇ ਵੱਧ ਸੰਤਾਪ ਭੋਗਦਾ ਹੈ ਅਤੇ ਪੰਜਾਬ ਹਮੇਸ਼ਾ ਦੇਸ਼ ਦੀ ਖੜਗ ਭੁਜਾ ਬਣ ਕੇ ਡਟਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਫੰਡਾਂ ਦੀ ਵੰਡ ਸਮੇਂ ਪੰਜਾਬ ਦੇ ਕੇਸ ਨੂੰ ਆਰਥਿਕ ਪੱਖ ਤੋਂ ਇਲਾਵਾ ਸੁਰੱਖਿਆ ਦੇ ਪੱਖ ਤੋਂ ਵੀ ਵਿਚਾਰਿਆ ਜਾਵੇ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਸਰਹੱਦੀ ਸੂਬਾ ਪੰਜਾਬ ਵੀ ਆਪਣੇ ਗੁਆਂਢੀ ਸੂਬਿਆਂ ਦੀ ਤਰ੍ਹਾਂ ਵਿਸ਼ੇਸ਼ ਪੈਕੇਜਾਂ ਦਾ ਹੱਕ ਰੱਖਦਾ ਹੈ। ਪੰਜਾਬ ਨੇ ਕਈ ਜੰਗਾਂ ਲੜੀਆਂ ਹਨ ਅਤੇ ਸਰਹੱਦ ਪਾਰਲੇ ਦਹਿਸ਼ਤਵਾਦ ਨਾਲ ਹਮੇਸ਼ਾ ਲੋਹਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਤੀ ਖੇਤਰ ਵਿੱਚ ਨਵੇਂ ਯੁੱਗ ਦੇ ਬਦਲਾਅ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਲਈ ਕੇਂਦਰੀ ਸਹਿਯੋਗ ਦੀ ਲੋੜ ਹੈ। ਕਿਸਾਨਾਂ ਨੂੰ ਫਸਲੀ ਚੱਕਰ ‘ਚੋਂ ਕੱਢਣ ਅਤੇ ਸਨਅਤਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਪੀਐੱਲਆਈ ਵਰਗੀਆਂ ਯੋਜਨਾਵਾਂ ਲਿਆਉਣੀਆਂ ਚਾਹੀਦੀਆਂ ਹਨ।
ਉਨ੍ਹਾਂ ਤਰਕ ਦਿੱਤਾ ਕਿ ਪੰਜਾਬ ਕੋਲ ਲੌਜਿਸਟਿਕਸ ਅਤੇ ਹਰ ਪੱਖੋਂ ਬਹੁਤ ਵਧੀਆ ਬੁਨਿਆਦੀ ਢਾਂਚਾ ਹੈ ਪਰ ਸੂਬੇ ਦੇ ਕਸਬੇ ਪੱਟੀ ਤੇ ਮੱਖੂ, ਰਾਜਪੁਰਾ ਤੇ ਮੁਹਾਲੀ ਅਤੇ ਬਿਆਸ ਤੇ ਕਾਦੀਆਂ ਦਰਮਿਆਨ ਰੇਲਵੇ ਲਿੰਕਾਂ ਦੀ ਘਾਟ ਹੈ। ਉਨ੍ਹਾਂ ਰੇਲਵੇ ਦੀ ਮਜ਼ਬੂਤੀ ਲਈ ਵੀ ਪੰਜਾਬ ਨੂੰ ਤਰਜੀਹ ਦੇਣ ਦੀ ਗੱਲ ਆਖੀ। ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੇਂਦਰੀ ਸਿਹਤ ਮੰਤਰੀ ਨੂੰ ਛੇਤੀ ਤੋਂ ਛੇਤੀ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਸ਼ੁਰੂ ਕਰਨ ਲਈ ਕਹਿਣ ਕਿਉਂਕਿ ਇਸ ਪ੍ਰਾਜੈਕਟ ਲਈ ਜ਼ਮੀਨ ਮੁਹੱਈਆ ਕਰਵਾਈ ਜਾ ਚੁੱਕੀ ਹੈ। ਉਨ੍ਹਾਂ 150 ਕਰੋੜ ਰੁਪਏ ਦੇ ਪੂੰਜੀਗਤ ਪ੍ਰਾਜੈਕਟਾਂ ਲਈ ਵਿਸ਼ੇਸ਼ ਕੇਂਦਰੀ ਸਹਾਇਤਾ ਦੇਣ ਵਾਸਤੇ ਪੰਜਾਬ ਦੇ ਮਾਮਲੇ ਨੂੰ ਪ੍ਰਵਾਨਗੀ ਦੇਣ ਦੀ ਵੀ ਬੇਨਤੀ ਕੀਤੀ, ਜੋ ਕਿਸੇ ਕਾਰਨ ਕਰਕੇ ਕੇਂਦਰ ਸਰਕਾਰ ਦੇ ਪੱਧਰ ‘ਤੇ ਰੁਕਿਆ ਹੋਇਆ ਹੈ।
ਰਾਜਾ ਵੜਿੰਗ ਨੇ ਨੌਜਵਾਨਾਂ ਨਾਲ ਸਟੇਜ ‘ਤੇ ਪਾਇਆ ਭੰਗੜਾ
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਹੁਣ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਭੰਗੜਾ ਵੀ ਦੇਖਣ ਨੂੰ ਮਿਲਿਆ ਹੈ। ਰਾਜਾ ਵੜਿੰਗ ਲੁਧਿਆਣਾ ‘ਚ ਇਕ ਨਿੱਜੀ ਸਮਾਗਮ ਵਿਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸੇ ਦੌਰਾਨ ਜਦ ਬੱਚੇ ਅਤੇ ਨੌਜਵਾਨ ਸਟੇਜ ‘ਤੇ ਭੰਗੜਾ ਪਾ ਰਹੇ ਸਨ ਤਾਂ ਮੰਤਰੀ ਰਾਜਾ ਵੜਿੰਗ ਕੋਲੋਂ ਰਿਹਾ ਨਾ ਗਿਆ ਅਤੇ ਉਹ ਸਟੇਜ ‘ਤੇ ਪਹੁੰਚੇ ਤੇ ਭੰਗੜਾ ਪਾਉਣ ਲੱਗ ਪਏ। ਇਸੇ ਦੌਰਾਨ ਰਾਜਾ ਵੜਿੰਗ ਨੇ ਬੱਚਿਆਂ ਨਾਲ ਗੱਲਾਂ ਵੀ ਕੀਤੀਆਂ। ਧਿਆਨ ਰਹੇ ਕਿ ਲੰਘੇ ਕੱਲ੍ਹ ਐਤਵਾਰ ਨੂੰ ਪੰਜਾਬ ਸਰਕਾਰ ਵਲੋਂ ਨੋ ਚਲਾਨ ਡੇਅ ਰੱਖਿਆ ਗਿਆ ਸੀ ਅਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਰਾਜਾ ਵੜਿੰਗ ਨੇ ਕਿਹਾ ਕਿ ਪੂਰਾ ਦਿਨ ਰੁੱਝੇ ਰਹਿਣ ਅਤੇ ਕੰਮ ਕਰਨ ਤੋਂ ਬਾਅਦ ਉਹ ਜਦ ਸਟੇਜ ‘ਤੇ ਬੱਚਿਆਂ ਨੂੰ ਭੰਗੜਾ ਪਾਉਂਦੇ ਦੇਖ ਰਹੇ ਸਨ ਤਾਂ ਉਨ੍ਹਾਂ ਕੋਲੋਂ ਵੀ ਰਿਹਾ ਨਾ ਗਿਆ।

 

 

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …