-6.4 C
Toronto
Saturday, December 27, 2025
spot_img
Homeਰੈਗੂਲਰ ਕਾਲਮਕਹਿ ਦੇਵਾਂ....

ਕਹਿ ਦੇਵਾਂ….

ਰੋਕ ਨਾ ਸਕੇ ਜ਼ੁਲਮ ਬੇਜਾਨ ਕਹਿ ਦੇਵਾਂ।
ਕਿਵੇਂ ਪੱਥਰ ਨੂੰ ਭਗਵਾਨ ਕਹਿ ਦੇਵਾਂ।
ਲੁੱਟ ਲੈਣ ਇੱਜ਼ਤਾਂ ਆਪੇ ਰਾਖੇ ਜੋ,
ਭੇਸ ਆਦਮੀ ਵਿੱਚ ਹੈਵਾਨ ਕਹਿ ਦੇਵਾਂ।
ਕੀ ਹੋਇਆ ਜੇ ਧਰਤੀ ਬੰਜਰ ਨਾ ਰਹੀ,
ਅੱਜ ਬੰਜਰਾਂ ਜਿਹੇ ਇਨਸਾਨ ਕਹਿ ਦੇਵਾਂ।
ਨੰਨ੍ਹੇ ਹੱਥਾਂ ਨੂੰ ਮਜ਼ਬੂਰੀ ਰੋਟੀ ਦੀ,
ਸੁੱਟ ਕਲਮ ਭੁੱਖ ਮਿਟਾਣ ਕਹਿ ਦੇਵਾਂ।
ਕੁੱਲੀ, ਗੁੱਲੀ, ਜੁੱਲੀ ਲਈ ਤਰਸਣ ਕਈ,
ਵਿਹਲੜ ਖਾਂਦੇ ਰੋਜ਼ ਪਕਵਾਨ ਕਹਿ ਦੇਵਾਂ।
ਵਾਅਦੇ ਕਰਕੇ ਮਗਰੋਂ ਜਾਂਦੇ ਮੁੱਕਰ ਜੋ,
ਕੋਈ ਰਿਹਾ ਨਾ ਦੀਨ ਈਮਾਨ ਕਹਿ ਦੇਵਾਂ।
ਪਾਣੀ ਗੰਧਲਾ ਹੋ ਗਿਆ ਤੇ ਜ਼ਹਿਰੀ ਵੀ,
ਸਾਡਾ ਆਪਣਾ ਹੀ ਯੋਗਦਾਨ ਕਹਿ ਦੇਵਾਂ।
ਉਲਝ ਗਈ ਏ ਤਾਣੀ ‘ਕੱਲੀ ਤੰਦ ਨਹੀਂ,
ਆਓ ਰਲ ਕੇ ਲਾਈਏ ਤਾਣ ਕਹਿ ਦੇਵਾਂ।
ਚੋਰ ਬਜ਼ਾਰੀ ਭ੍ਰਿੱਸਟਾਚਾਰੀ ਭਾਰੂ ਹੈ,
ਮਖੌਟਾਧਾਰੀ ਨੇ ਬੇਈਮਾਨ ਕਹਿ ਦੇਵਾਂ।
ਬਿਰਧ ਘਰਾਂ ‘ਚ ਮਾਪੇ ਰੁਲਦੇ ਦੇਖੇ ਮੈਂ,
ਉਹ ਤਾਂ ਵਾਰ ਦਿੰਦੇ ਸੀ ਜਾਨ ਕਹਿ ਦੇਵਾਂ।
ਨਿੱਘ ਮਮਤਾ ਵਾਲਾ ਰਿਹਾ ਨਾ ਮਾਂਵਾਂ ‘ਚ,
ਕਿਉਂਕਿ ਕੁੱਖ ਬੇਗਾਨੀ ਚਾਹਣ ਕਹਿ ਦੇਵਾਂ।
ਬਸਤੀ ਵਿੱਚ ਸੰਨਾਟਾ ਅਤੇ ਦਹਿਸ਼ਤ ਵੀ,
ਕਿੰਨੀ ਰੌਣਕ ਵਿੱਚ ਸ਼ਮਸ਼ਾਨ ਕਹਿ ਦੇਵਾਂ।
ਕੱਲ੍ਹ ਵਾਸਤੇ ਆਪਣਾ ਅੱਜ ਗੁਆ ਦਿੱਤਾ,
‘ਹਕੀਰ’ ਕਰਕੇ ਸਭ ਕੁਰਬਾਨ ਕਹਿ ਦੇਵਾਂ।
ਸੁਲੱਖਣ ਸਿੰਘ +647-786-6329

RELATED ARTICLES
POPULAR POSTS