(ਕਿਸ਼ਤ-੦9)
ਉਡ ਉਡ ਜਾਏ ਫੁਲਕਾਰੀ
ਸਿਰ ਉਤੇ ਲੈਣ ਵਾਲੇ ਜਿਸ ਕੱਪੜੇ ਉਪਰ ਕਸੀਦੇ ਨਾਲ ਫੁੱਲ-ਬੂਟੀਆਂ ਦੀ ਕਢਾਈ ਕੀਤੀ ਹੋਵੇ ਉਸ ਨੂੰ ਫੁਲਕਾਰੀ ਕਹਿੰਦੇ ਹਨ। ਫੁਲਕਾਰੀ ਸ਼ਬਦ ਦੇ ਅਰਥ ਹਨ ਫੁੱਲ ਕੱਢਣਾ। ਫਾਰਸੀ ਵਿਚ ਇਸ ਕਲਾ ਨੂੰ ਗੁਲਕਾਰੀ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਪੰਜਾਬੀ ਪੇਂਡੂ ਔਰਤਾਂ ਦੇ ਪਹਿਰਾਵੇ ਵਿਚ ਫੁਲਕਾਰੀ ਤੇ ਬਾਗ ਨੂੰ ਬੜਾ ਉਚਾ ਸਥਾਨ ਪ੍ਰਾਪਤ ਸੀ। ਔਰਤਾਂ ਸਰਦੀ ਦੀ ਰੁੱਤ ਵਿਚ ਫੁਲਕਾਰੀਆਂ ਦੀ ਵਰਤੋਂ ਆਮ ਹੀ ਕਰਦੀਆਂ ਕਿਉਂਕਿ ਇਹ ਸ਼ਿੰਗਾਰਮਈ, ਸੁੱਖਦਾਈ ਤੇ ਨਿੱਘੀਆਂ ਹੁੰਦੀਆਂ ਹਨ। ਫੁਲਕਾਰੀ ਤੇ ਬਾਗ ਦੀ ਕਢਾਈ ਲਈ ਇਕ ਵਿਸ਼ੇਸ਼ ਢੰਗ ਵਰਤਿਆ ਜਾਂਦਾ ਸੀ, ਜਿਸ ਨੂੰ ਕਸੀਦਾਕਾਰੀ ਕਿਹਾ ਜਾਂਦਾ ਸੀ। ਕਸੀਦਾਕਾਰੀ ਦੀ ਵਰਤੋਂ ਕਰਕੇ ਫੁਲਕਾਰੀ ਦੇ ਪੱਲਿਆਂ ਉਤੇ ਤਰ੍ਹਾਂ-ਤਰ੍ਹਾਂ ਦੇ ਸੋਹਣੇ-ਮਨਮੋਹਣੇ ਫੁੱਲ ਜਾਂ ਬੂਟੀਆਂ ਖਾਸ-ਖਾਸ ਵਿੱਥ ‘ਤੇ ਕੱਢੀਆਂ ਜਾਂਦੀਆਂ। ਕਈ ਥਾਵਾਂ ‘ਤੇ ਚਿੱਤਰ ਵੀ ਕੱਢੇ ਜਾਂਦੇ। ਸੰਘਣੀ ਕਢਾਈ ਵਾਲੇ ਕੱਪੜੇ ਨੂੰ ਬਾਗ ਕਿਹਾ ਜਾਂਦਾ ਸੀ। ਬਾਗ ਵਿਚ ਕੱਪੜਾ ਪੂਰਾ ਹੀ ਕਢਾਈ ਨਾਲ ਢੱਕ ਦਿੱਤਾ ਜਾਂਦਾ ਸੀ। ਆਮ ਤੌਰ ‘ਤੇ ਫੁਲਕਾਰੀ ਦੀ ਲੰਬਾਈ ਢਾਈ ਗਜ਼ ਤੇ ਚੌੜਾਈ ਡੇਢ ਗਜ਼ ਹੁੰਦੀ ਸੀ, ਪਰ ਕਈ ਵਾਰ ਇਸ ਨੂੰ ਵਰਤੋਂ ਅਨੁਸਾਰ ਘੱਟ ਵੱਧ ਵੀ ਕਰ ਲਿਆ ਜਾਂਦਾ ਸੀ।
ਫੁਲਕਾਰੀ ਕਦੋਂ ਤੇ ਕਿਵੇਂ ਹੋਂਦ ਵਿਚ ਆਈ ਇਸ ਬਾਰੇ ਨਿਸ਼ਚਿਤ ਤੌਰ ‘ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਕਸ਼ਮੀਰ ਵਿਚ ਆ ਕੇ ਵਸਣ ਵਾਲੇ ਈਰਾਨੀ ਮੁਸਲਮਾਨ ਇਸ ਸ਼ਿਲਪ-ਕਲਾ (ਹੁਨਰ) ਨੂੰ ਭਾਰਤ ਵਿਚ ਆਪਣੇ ਨਾਲ ਲਿਆਏ। ਕੁਝ ਹੋਰ ਖੋਜੀ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਮੱਧ ਏਸ਼ੀਆ ਤੋਂ ਭਾਰਤ ਵਿਚ ਪ੍ਰਵੇਸ਼ ਕਰਨ ਵਾਲੇ ਜੱਟ ਤੇ ਗੁੱਜਰ ਕਬੀਲੇ ਦੇ ਲੋਕਾਂ ਨੇ ਭਾਰਤ ਵਾਸੀਆਂ ਨੂੰ ਇਸ ਕਲਾ ਤੋਂ ਜਾਣੂੰ ਕਰਵਾਇਆ। ਪਰ ਕਈ ਵਿਦਵਾਨਾਂ ਦਾ ਮੱਤ ਹੈ ਕਿ ਭਾਰਤ ਵਿਚ ਕਢਾਈ (ਕਸੀਦਾਕਾਰੀ) ਦੀ ਰਵਾਇਤ ਹਜ਼ਾਰਾਂ ਸਾਲ ਪੁਰਾਣੀ ਹੈ। ਪੁਰਾਤਤਵ ਵਿਗਿਆਨੀਆਂ ਨੂੰ ਹੜੱਪਾ ਦੇ ਖੰਡਰਾਂ ਦੀ ਖੁਦਾਈ ਸਮੇਂ ਤਾਂਬੇ ਦੀਆਂ ਸੂਈਆਂ ਮਿਲੀਆਂ ਹਨ, ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਉਸ ਸਮੇਂ ਔਰਤਾਂ ਸਿਲਾਈ ਤੇ ਕਢਾਈ ਕਰਦੀਆਂ ਸਨ।
ਫੁਲਕਾਰੀ ਪੰਜਾਬੀ ਲੋਕ-ਕਲਾ ਦਾ ਸਿਖਰ, ਹੁਸਨ ਤੇ ਉਤਮ ਨਮੂਨਾ ਸੀ, ਜਿਸ ਨੂੰ ਤਿਆਰ ਕਰਨ ਲਈ ਔਰਤਾਂ ਨੂੰ ਬਹੁਤ ਘਾਲਣਾ ਘਾਲਣੀ ਪੈਂਦੀ ਸੀ। ਪਹਿਲਾਂ ਪਿੰਝੀ ਹੋਈ ਰੂੰ ਦੀਆਂ ਪੂਣੀਆਂ ਵੱਟ ਕੇ ਚਰਖੇ ਨਾਲ ਸੂਤ ਕੱਤਿਆ ਜਾਂਦਾ, ਜੁਲਾਹੇ ਨੂੰ ਸੂਤ ਦੇ ਕੇ ਖੱਦਰ ਤਿਆਰ ਕਰਵਾਇਆ ਜਾਂਦਾ ਤੇ ਫਿਰ ਖੱਦਰ ਨੂੰ ਲਲਾਰੀ ਤੋਂ ਪੱਕੇ ਰੰਗਾਂ ਨਾਲ ਰੰਗਵਾਇਆ ਜਾਂਦਾ। ਜੇ ਲਲਾਰੀ ਨਾ ਮਿਲਦਾ ਤਾਂ ਸੁਆਣੀਆਂ ਲੱਕੜੀ ਦੇ ਕੋਲਿਆਂ, ਕੁਝ ਖਾਸ ਰੁੱਖਾਂ ਦੇ ਪੱਤਿਆਂ, ਫੁੱਲਾਂ, ਜੜ੍ਹਾਂ ਤੇ ਛਿਲਕਿਆਂ ਦੀ ਵਰਤੋਂ ਕਰਕੇ ਖੁਦ ਹੀ ਦੇਸੀ ਰੰਗ ਤਿਆਰ ਕਰਕੇ ਘਰ ਵਿਚ ਹੀ ਖੱਦਰ ਨੂੰ ਰੰਗ ਲੈਂਦੀਆਂ। ਇਹ ਰੰਗ ਸਸਤੇ ਤੇ ਗੂੜ੍ਹੇ (ਤੇਜ਼) ਹੁੰਦੇ ਸਨ। ਫੁਲਕਾਰੀ ਦੀ ਪਿੱਠ-ਭੂਮੀ ਲਾਲ, ਕਾਲੀ, ਨੀਲੀ, ਭੂਰੀ ਨਸਵਾਰੀ ਜਾਂ ਚਿੱਟੀ ਹੁੰਦੀ ਸੀ। ਉਪਰ ਗੂੜ੍ਹੇ ਲਾਲ, ਹਰੇ, ਪੀਲੇ, ਸੁਨਹਿਰੀ, ਸੰਤਰੀ, ਚਿੱਟੇ ਮੁਲਾਇਮ, ਕੂਲੇ, ਬੁਰਦਾਰ ਪੱਟ ਨਾਲ ਕਢਾਈ ਕੀਤੀ ਜਾਂਦੀ। ਇਹ ਪੱਟ ਚੀਨ, ਅਫਗਾਨਿਸਤਾਨ, ਰੂਸ ਤੁਰਕਿਸਤਾਨ, ਕਸ਼ਮੀਰ ਤੇ ਬੰਗਾਲ ਤੋਂ ਆਉਂਦਾ ਸੀ, ਜਿਸ ਨੂੰ ਅੰਮ੍ਰਿਤਸਰ ਤੇ ਜੰਮੂ ਵਿਚ ਰੰਗਿਆ ਜਾਂਦਾ। ਜੇ ਵਧੀਆ ਕਿਸਮ ਦੀ ਸੋਹਣੀ ਤੇ ਦਿਲਕਸ਼ ਫੁਲਕਾਰੀ ਤਿਆਰ ਕਰਨੀ ਹੁੰਦੀ ਤਾਂ ਲਾਲ ਰੰਗ ਦਾ ਹੌਲਾ, ਨਰਮ ਤੇ ਸਾਫ ਖੱਦਰ ਹੀ ਵਰਤਿਆ ਜਾਂਦਾ ਜਿਸ ਨੂੰ ਹਲਵਾਨ ਕਹਿੰਦੇ ਸਨ। ਵਿਆਹ ਸਮੇਂ ਕੁੜੀਆਂ ਨੂੰ ਦਾਜ ਵਿਚ ਕਈ ਕਈ ਫੁਲਕਾਰੀਆਂ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਦੇਖ ਕੇ ਔਰਤਾਂ ਵਹੁਟੀ ਦੇ ਪੇਕਿਆਂ ਦੀ ਸੂਝ-ਬੂਝ ਤੇ ਸਚਿਆਰੇਪਣ ਦਾ ਅੰਦਾਜ਼ਾ ਲਾਉਂਦੀਆਂ।
ਫੁਲਕਾਰੀ ਕੱਢਣ ਲਈ ਲੰਬੇ ਅਭਿਆਸ ਤੇ ਤੇਜ਼ ਨਜ਼ਰ ਦੀ ਲੋੜ ਪੈਂਦੀ ਸੀ। ਮਾਵਾਂ, ਧੀਆਂ ਨੂੰ ਅੱਠ-ਨੌਂ ਸਾਲ ਦੀ ਉਮਰ ਵਿਚ ਹੀ ਕਸੀਦਾ ਕੱਢਣ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੰਦੀਆਂ ਸਨ। ਪਹਿਲਾਂ ਮੋਟੇ ਖੱਦਰ ਤੇ ਸਸਤੇ ਧਾਗੇ ਦੀ ਸਹਾਇਤਾ ਨਾਲ ਕੱਢਣਾ ਸਿਖਾਇਆ ਜਾਂਦਾ। ਮਾਵਾਂ ਧੀਆਂ ਦੀਆਂ ਗਲਤੀਆਂ ਨੂੰ ਸੁਧਾਰ ਕੇ ਉਨ੍ਹਾਂ ਨੂੰ ਠੀਕ ਢੰਗ ਨਾਲ ਕੱਢਣਾ ਸਿਖਾਉਂਦੀਆਂ। ਕਈ ਸਾਲਾਂ ਦੀ ਅਣਥੱਕ ਮਿਹਨਤ ਤੇ ਅਭਿਆਸ ਮਗਰੋਂ ਧੀਆਂ ਕਸੀਦਾ ਕੱਢਣ ਦੀ ਮੁਹਾਰਤ ਹਾਸਲ ਕਰ ਲੈਂਦੀਆਂ ਤੇ ਉਹਨਾਂ ਨੂੰ ਫੁਲਕਾਰੀਆਂ ਤੇ ਬਾਗ ਕੱਢਣ ਦੀ ਜਾਚ ਆ ਜਾਂਦੀ। ਫੁਲਕਾਰੀ ਦੀ ਤੋਪਾਕਾਰੀ ਨੂੰ ਕਸ਼ਮੀਰੀ ਕਢਾਈ ਵੀ ਕਿਹਾ ਜਾਂਦਾ ਹੈ ਜੋ ਕੱਪੜੇ ਦੇ ਪੁੱਠੇ ਪਾਸਿਓਂ ਕੀਤੀ ਜਾਂਦੀ ਸੀ। ਜਦੋਂ ਧੀਆਂ ਫੁਲਕਾਰੀ ਕੱਢਦੀਆਂ ਤਾਂ ਮਾਵਾਂ ਉਨ੍ਹਾਂ ਦੇ ਕੋਲ ਬੈਠ ਕੇ ਉਨ੍ਹਾਂ ਦੇ ਦਾਜ ਲਈ ਚਾਦਰਾਂ, ਸਰ੍ਹਾਣੇ ਆਦਿ ਕੱਢਦੀਆਂ :
ਮਾਂ ਤਾਂ ਮੇਰੀ ਦਾਜ ਬਣਾਏ,
ਮੈਂ ਕੱਢਦੀ ਫੁਲਕਾਰੀ,
ਮੈਨੂੰ ਮਾਂ ਮੇਰੀ, ਲੱਗੇਜਾਨ ਤੋਂ ਪਿਆਰੀ …
ਕਈ ਵਾਰ ਮਾਵਾਂ ਵੀ ਧੀਆਂ ਦੇ ਦਾਜ ਲਈ ਫੁਲਕਾਰੀਆਂ ਕੱਢਦੀਆਂ :
ਮਾਂ ਤਾਂ ਮੇਰੀ ਦਾਜ ਜੋੜਦੀ,
ਕੱਢੇ ਬਾਗ ਫੁਲਕਾਰੀ,
ਮਨ ਦੇ ਮਹਿਰਮ ਬਿਨਾ, ਨਾ ਸਖੀਓ ਸਰਦਾਰੀ …
ਫੁਲਕਾਰੀ ਕੱਢਣ ਲਈ ਕੋਈ ਸਮਾਂ ਨਿਸ਼ਚਿਤ ਨਹੀਂ ਸੀ ਹੁੰਦਾ। ਜੇ ਫੁਲਕਾਰੀ ਸਧਾਰਨ ਹੁੰਦੀ ਤਾਂ ਟਾਵੇਂ-ਟਾਵੇਂ ਫੁੱਲ-ਬੂਟੀਆਂ ਪਾ ਕੇ ਕੁਝ ਦਿਨਾਂ ਵਿਚ ਹੀ ਕੰਮ ਮੁਕਾ ਲਿਆ ਜਾਂਦਾ। ਪਰ ਕਈ ਵਾਰ ਸੋਹਣੀ ਫੁਲਕਾਰੀ ਜਾਂ ਬਾਗ ਮੁਕੰਮਲ ਕਰਨ ਲਈ ਕੁੜੀਆਂ ਸਾਲ ਤੋਂ ਵੀ ਵੱਧ ਸਮਾਂ ਲਾ ਦਿੰਦੀਆਂ। ਜੇ ਫੁਲਕਾਰੀ ਨੂੰ ਜਲਦੀ ਤਿਆਰ ਕਰਨਾ ਹੁੰਦਾ ਤਾਂ ਕੁੜੀ ਦੀਆਂ ਸਹੇਲੀਆਂ, ਭਰਜਾਈਆਂ ਤੇ ਮਾਂ ਰਲ ਮਿਲ ਕੇ ਇਸ ਕਾਰਜ ਨੂੰ ਕੁਝ ਕੁ ਮਹੀਨਿਆਂ ਵਿਚ ਹੀ ਪੂਰਾ ਕਰ ਲੈਂਦੀਆਂ।
ਗਰਮੀਆਂ ਦੀ ਰੁੱਤ ਵਿਚ ਕੁੜੀਆਂ ਇਕੱਠੀਆਂ ਹੋ ਕੇ ਕਿਸੇ ਘਰ ਦੇ ਖੁੱਲ੍ਹੇ ਦਰਵਾਜ਼ੇ ਵਿਚ ਹਵਾ ਹਾਰੇ ਆਪੋ ਆਪਣਾ ਦਾਜ ਤਿਆਰ ਕਰਦੀਆਂ। ਕੋਈ ਚਰਖਾ ਕੱਤਦੀ, ਕੋਈ ਆਪਣੀ ਕੁੜਤੀ ਸਿਉਂਦੀ ਤੇ ਕੋਈ ਫੁਲਕਾਰੀ ਕੱਢਦੀ :
ਧੰਨ ਕੁਰ ਸੀਊਮੇ ਕੁੜਤੀ ਖੱਦਰ ਦੀ,
ਮੇਰੀ ਕੱਤਣ ਦੀ ਵਾਰੀ,
ਵਿਚ ਦਰਵਾਜ਼ੇ ਦੇ, ਲੱਛੀ ਕੱਢੇ ਫੁਲਕਾਰੀ …
ਕੋਈ ਬਣਦੀ-ਫੱਬਦੀ, ਹੁਸੀਨ ਮੁਰ੍ਹੈਲਣ ਮੁਟਿਆਰ ਪਹਿਨ-ਪੱਚਰ ਕੇ ਦਰਵਾਜ਼ੇ ਵਿਚ ਚਰਖਾ ਡਾਹ ਕੇ ਕੱਤਣ ਬੈਠ ਜਾਂਦੀ :
ਸਿਰ ਫੁਲਕਾਰੀ, ਹੱਥ ਛਣ-ਕੰਗਣ ਪੈਰ ਪੰਜੇਬਾਂ ਪਾ,
ਇਧਰ ਸਖੀਆਂ ਉਧਰ ਸਖੀਆਂ ਬੈਠੀ ਪੀੜ੍ਹਾ ਡਾਹ …
ਮੁਟਿਆਰ ਦਾ ਹੁਸਨ ਡੁੱਲ੍ਹ-ਡੁੱਲ੍ਹ ਪੈਂਦਾ ਤੇ ਉਸ ਦੇ ਸਿਰ ‘ਤੇ ਲਈ ਹੋਈ ਸ਼ੋਖ ਰੰਗ ਦੀ ਸੋਹਣੀ ਫੁਲਕਾਰੀ ਉਸ ਦੇ ਰੰਗ-ਰੂਪ ਨੂੰ ਚਾਰ ਚੰਨ ਲਾ ਕੇ ਦੂਣ-ਸਵਾਇਆ ਕਰ ਦਿੰਦੀ :
ਹੁਸਨ ਗੋਰੀ ਦਾ ਚੋ-ਚੋ ਪੈਂਦਾ, ਜਿਉਂ ਮਾਖਿਉਂ ਮੁਖਿਆਰੀ ਦਾ।
ਨੈਣ ਗੋਰੀ ਦੇ ਕਜਲਾ ਪਾਇਆ, ਡਾਢਾ ਰੰਗ ਫੁਲਕਾਰੀ ਦਾ।
ਫੁਲਕਾਰੀ ਕੱਢਣਾ ਬੜਾ ਮੁਸ਼ਕਲ, ਅਣਖਿਝ ਤੇ ਥਕਾਉਣ ਵਾਲਾ ਕੰਮ ਸੀ। ਕਿਸੇ ਕਮਚੋਰ, ਆਲਸੀ ਕੁੜੀ ਲਈ ਘੰਟਿਆਂ ਬੱਧੀ ਬੈਠ ਕੇ ਫੁਲਕਾਰੀ ਕੱਢਣਾ ਪਹਾੜ ਜਿੱਡਾ ਮੁਸ਼ਕਲ ਕੰਮ ਜਾਪਦਾ। ਫੁਲਕਾਰੀ ਕੱਢਣ ਲਈ ਉਸ ਦੀ ਵੱਢੀ ਰੂਹ ਨਾ ਕਰਦੀ ਪਰ ਮਾਂ ਤੋਂ ਡਰਦੀ ਨੂੰ ਗਲ ਪਿਆ ਢੋਲ ਵਜਾਉਣਾ ਪੈਂਦਾ। ਆਖਰ ਫੁਲਕਾਰੀ ਕੱਢਦਿਆਂ ਉਸ ਦੀ ਭਿਆਂ ਹੋ ਜਾਂਦੀ ਤੇ ਉਹ ਖਿੱਝ ਕੇ ਇਹ ਕਹਿੰਦਿਆਂ ਹੋਇਆਂ ਫੁਲਕਾਰੀ ਨੂੰ ਇਕ ਪਾਸੇ ਰੱਖ ਦਿੰਦੀ :
ਮੈਂ ਕਰ-ਕਰ ਯਤਨਾਂ ਹਾਰੀ, ਰਾਮਾਂ ਨਹੀਂ ਮੁਕਦੀ ਫੁਲਕਾਰੀ …
ਸਾਰਾ ਦਿਨ ਫੁਲਕਾਰੀ ਕੱਢਦਿਆਂ ਕਿਸੇ ਨਾਜ਼ਕ-ਮਲੂਕ ਮੁਟਿਆਰ ਦੀਆਂ ਬਾਹਾਂ ਵਿਚ ਖੱਲੀਆਂ ਪੈ ਜਾਂਦੀਆਂ ਤੇ ਉਹ ਥੱਕ ਕੇ ਚੂਰ ਹੋ ਜਾਂਦੀ। ਦੁੱਬਲੀ-ਪੱਤਲੀ, ਕੋਮਲ, ਸੋਹਲ ਮੁਟਿਆਰ ਨੂੰ ਸਿਰ ਉਪਰ ਲਈ ਹੋਈ ਭਾਰੀ ਫੁਲਕਾਰੀ ਤੰਗ ਪ੍ਰੇਸ਼ਾਨ ਕਰਕੇ ਉਸ ਦੇ ਨਾਸੀਂ ਧੂੰਆਂ ਲਿਆ ਦਿੰਦੀ ਤਾਂ ਉਹ ਆਪਣੇ ਪਤੀ ਕੋਲ ਆਪਣਾ ਰੋਣਾ ਰੋਂਦੀ ਹੋਈ ਕਹਿੰਦੀ :
ਕੱਢਾਂ ਫੁਲਕਾਰੀ ਮਾਹੀ ਵੇ, ਪਏ ਬਾਹਾਂ ਨੂੰ ਖੱਲੀ ਢੋਲਾ।
ਫੁੱਲਕਾਰੀ ਭਾਰੀ ਮਾਹੀ ਵੇ, ਹੁਣ ਜਾਏ ਨਾ ਝੱਲੀ ਢੋਲਾ।
ਕਢਾਈ ਦੇ ਨਮੂਨਿਆਂ ਤੇ ਵਰਤੋਂ ਦੀ ਦ੍ਰਿਸ਼ਟੀ ਤੋਂ ਫੁਲਕਾਰੀ ਨੂੰ ਨਿਮਨ ਲਿਖਤ ਕਿਸਮਾਂ ਵਿਚ ਵੰਡਿਆ ਜਾਂਦਾ ਹੈ :
(ੳ) ਤਿਲ-ਪੱਤਰਾ : ਇਸ ਕਿਸਮ ਦੀ ਫੁਲਕਾਰੀ ਵਿਚ ਘਟੀਆ ਖੱਦਰ ਉਪਰ ਖਿਲਰਵੀਆਂ ਛੋਟੀਆਂ-ਛੋਟੀਆਂ ਬੂਟੀਆਂ ਕੱਢੀਆਂ ਜਾਂਦੀਆਂ। ਇਹ ਫੁਲਕਾਰੀਆਂ ਵਿਆਹਾਂ-ਸ਼ਾਦੀਆਂ ਦੇ ਮੌਕੇ ਲਾਗੀਆਂ ਨੂੰ ਲਾਗ ਦੇ ਤੌਰ ‘ਤੇ ਦਿੱਤੀਆਂ ਜਾਂਦੀਆਂ ਸਨ।
(ਅ) ਚੋਪ: ਇਸ ਕਿਸਮ ਦੀ ਕੱਢੀ ਗਈ ਫੁਲਕਾਰੀ ਲੜਕੀ ਦੇ ਵਿਆਹ ਸਮੇਂ ਨਾਨੀ ਆਪਣੀ ਦੋਹਤੀ ਨੂੰ ਸੁਗਾਤ ਵਜੋਂ ਦਿੰਦੀ ਸੀ। ਚੋਪ ਸਧਾਰਨ ਫੁਲਕਾਰੀ ਤੋਂ ਵੱਡੀ ਹੁੰਦੀ ਸੀ।
(ੲ) ਸੁੱਭਰ : ਇਸ ਦੇ ਕੋਲਿਆਂ ਵਿਚ ਤੇ ਵਿਚਕਾਰ ਪੰਜ-ਪੰਜ ਬੂਟੀਆਂ ਕੱਢੀਆਂ ਹੁੰਦੀਆਂ ਸਨ। ਸੁੱਭਰ ਦਾ ਬਾਕੀ ਹਿੱਸਾ ਸਾਫ ਹੁੰਦਾ ਸੀ। ਇਹ ਫੇਰਿਆਂ ਵੇਲੇ ਕੁੜੀ ਉਪਰ ਦਿੱਤਾ ਜਾਂਦਾ ਸੀ।
(ਸ) ਨੀਲਕ :ਕਾਲੇ ਜਾਂ ਨੀਲੇ ਖੱਦਰ ਉਤੇ ਪੀਲੇ ਜਾਂ ਗੂੜ੍ਹੇ ਲਾਲ ਰੇਸ਼ਮ ਨਾਲ ਕੱਢੀ ਹੋਈ ਸੋਹਣੀ ਫੁਲਕਾਰੀ ਨੂੰ ਨੀਲਕ ਕਿਹਾ ਜਾਂਦਾ ਸੀ। ਇਸ ਫੁਲਕਾਰੀ ਨੂੰ ਔਰਤਾਂ ਬਹੁਤ ਪਸੰਦ ਕਰਦੀਆਂ ਸਨ। ਕੁੜੀਆਂ ਆਪਣੇ ਦਾਜ ਲਈ ਨੀਲਕ ਫੁਲਕਾਰੀ ਜ਼ਰੂਰ ਕੱਢਦੀਆਂ।
(ਹ) ਛਮਾਸ : ਇਸ ਕਿਸਮ ਦੀ ਫੁਲਕਾਰੀ ਵਿਚ ਲਾਲ ਜਾਂ ਸਲੇਟੀ ਕੱਪੜੇ ਉਤੇ ਨਿੱਕੇ-ਨਿੱਕੇ ਸ਼ੀਸ਼ੇ ਦੇ ਗੋਲ ਟੁਕੜਿਆਂ ਨੂੰ ਪੀਲੇ ਜਾਂ ਸਲੇਟੀ-ਨੀਲੇ ਧਾਗੇ ਨਾਲ ਜੜਿਆ ਜਾਂਦਾ ਸੀ।
(ਕ) ਘੁੰਗਟ ਬਾਗ : ਇਸ ਕਿਸਮ ਵਿਚ ਸਿਰ ਵਾਲੇ ਹਿੱਸੇ ਉਪਰ ਕੱਪੜੇ ਉਤੇ ਤਿਕੋਨੀ ਸ਼ਕਲ ਦੀ ਕਢਾਈ ਕੀਤੀ ਜਾਂਦੀ ਸੀ। ਇਸ ਵਿਚ ਸਜਾਵਟ ਵਜੋਂ ਗੋਟੇ ਦੀ ਵੀ ਵਰਤੋਂ ਕੀਤੀ ਜਾਂਦੀ ਸੀ।
(ਖ) ਸੁੱਚੀ : ਫੁਲਕਾਰੀ ਦੀ ਇਸ ਕਿਸਮ ਵਿਚ ਨੁੱਕਰਾਂ ਅਤੇ ਕਿਨਾਰਿਆਂ ਤੇ ਕਢਾਈ ਕੀਤੀ ਜਾਂਦੀ ਹੈ ਅਤੇ ਔਰਤਾਂ ਦੇ ਗਹਿਣਿਆਂ ਵਰਗੇ ਨਮੂਨੇ ਕੱਢੇ ਜਾਂਦੇ ਹਨ। ਇਸ ਵਿਚ ਗੋਟੇ ਦੀ ਵੀ ਵਰਤੋਂ ਕੀਤੀ ਜਾਂਦੀ ਸੀ।
ਫੁਲਕਾਰੀਆਂ ਦੇ ਉਪਰੋਕਤ ਵਰਗੀਕਰਨ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਫੁਲਕਾਰੀ ਕੋਈ ਸਧਾਰਨ ਕੱਪੜਾ ਨਹੀਂ ਸਗੋਂ ਇਹ ਸੁਹਜ-ਕਲਾ ਦਾ ਸੁੰਦਰ ਪ੍ਰਮਾਣ ਹੈ।
ਫੁਲਕਾਰੀ ਨੂੰ ਸ਼ਕਤੀ ਤੇ ਸ਼ੁਭ ਕਾਰਜ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਵਿਆਹ ਸਮੇਂ ਵਟਣਾ ਮਲਣ ਦੀ ਰਸਮ ਦੌਰਾਨ ਵਿਆਹੁਲੇ ਮੁੰਡੇ/ਕੁੜੀ ਉਪਰ ਚਾਰ ਭੈਣਾਂ ਜਾਂ ਸੁਹਾਗਣਾਂ ਵਲੋਂ ਫੁਲਕਾਰੀ ਤਾਣੀ ਜਾਂਦੀ ਹੈ ਤਾਂ ਕਿ ਕਿਸੇ ਬਦਰੂਹ ਦਾ ਪਰਛਾਵਾਂ ਨਾ ਪਵੇ।
ਇਸ ਤੋਂ ਉਪਰੰਤ ਜਦੋਂ ਵਿਆਹੁਲਾ ਮੁੰਡਾ ਨ੍ਹਾਈ-ਧੋਈ ਕਰਕੇ ਤਿਆਰ ਬਰ ਤਿਆਰ ਹੋ ਜਾਂਦਾ ਹੈ ਤਾਂ ਉਸ ਨੂੰ ਗੁਰਦੁਆਰੇ ਜਾਂ ਕਿਸੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਲਈ ਲੈ ਕੇ ਜਾਂਦੇ ਹਨ। ਉਸ ਸਮੇਂ ਵੀ ਵਿਆਹੁਲੇ ਮੁੰਡੇ ਦੇ ਸਿਰ ਉਪਰ ਫੁਲਕਾਰੀ ਤਾਣੀਂ ਜਾਂਦੀ ਹੈ, ਜਿਸ ਦੀਆਂ ਚਾਰੇ ਕੰਨੀਆਂ ਨੂੰ ਭੈਣਾਂ ਫੜਦੀਆਂ ਹਨ :
ਫੁਲਕਾਰੀ ਮੇਰੀ ਮਾਂ ਨੇ ਕੱਢੀ, ਵੀਰਾ ਤੇਰੇ ਤੇ ਤਾਣੀ,
ਚੰਦ ਵਰਗੀ ਭਾਬੋ ਵੀਰਾ, ਕੱਲ੍ਹ ਨੂੰ ਵਿਆਹ ਕੇ ਲਿਆਣੀ …
ਪੁਰਾਣੇ ਸਮਿਆਂ ਵਿਚ ਕੁੜੀ ਦੇ ਵਿਆਹ ਸਮੇਂ ਫੇਰਿਆਂ ਦੀ ਰਸਮ ਪਿੱਛੋਂ ਕੁੜੀ ਨੂੰ ਖਾਰੇ ਤੋਂ ਉਤਾਰ ਕੇ ਨਿਵੇਕਲੀ ਥਾਂ ਦੂਰ ਕਰਕੇ ਬਿਠਾ ਦਿੱਤਾ ਜਾਂਦਾ ਸੀ। ਲਾੜੇ ਨੂੰ ਕੁੜੀਆਂ ਇਕੱਠੀਆਂ ਹੋ ਕੇ ਜੰਨ ਤੋਂ ਨਿਖੇੜ ਕੇ ਆਪਣੇ ਨਾਲ ਲੈ ਜਾਂਦੀਆਂ ਤੇ ਖੂਬ ਹਾਸਾ-ਠੱਠਾ ਕਰਦੀਆਂ। ਪਹਿਲਾਂ ਲਾੜੇ ਨੂੰ ਹੇਅਰੇ ਲਾ ਕੇ ਨਿਹਾਲ ਕੀਤਾ ਜਾਂਦਾ :
ਪਹਿਲਾ ਕੱਢਾਂ ਫੁਲਕਾਰੀਆਂ ਵੇ ਕੋਈ ਮਗਰੋਂ ਕੱਢਾਂ ਚੋਪ,
ਜੇ ਤੂੰ ਬਾਹਲਾ ਚਤਰ ਹੈਂ, ਦੱਸ ਆਵਦੇ ਗੁਰਾਂ ਦਾ,
ਵੇ ਸਮਝ ਗਿਆਨੀਆਂ ਵੇ…ਗੋਤ…
ਫਿਰ ਚੋਂਦੀਆਂ-ਚੋਂਦੀਆਂ, ਗਰਮਾ-ਗਰਮ ਸਿੱਠਣੀਆਂ ਨਾਲ ਉਸ ਦੀ ਚੰਗੀ ਤਰ੍ਹਾਂ ਭੁਗਤ ਸੰਵਾਰੀ ਜਾਂਦੀ ਤੇ ਫਿਰ ਸਾਲੀਆਂ ਜੀਜੇ ਤੋਂ ਛੰਦ ਸੁਣਨ ਦੀ ਫਰਮਾਇਸ਼ ਕਰਦੀਆਂ। ਸਾਲੀਆਂ ਦੀ ਅਜਿਹੀ ਹੀ ਕਿਸੇ ਮਹਿਫਿਲ ਵਿਚ ਘਿਰੇ ਹੋਏ ਕਿਸੇ ਲਾੜੇ ਨੂੰ ਖਹਿੜਾ ਛੁਡਾਉਣ ਲਈ ਛੰਦ ਸੁਣਾਉਣਾ ਪੈਂਦਾ :
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਵਾਰੀ,
ਡਾਰ ਕੂੰਜਾਂ ਦੀ ਸੋਹਣੀ ਕੱਢੀ, ਮੂੰਹ ਤੋਂ ਚੁੱਕ ਫੁਲਕਾਰੀ …
ਜਾਗੋ ਦੀ ਵਾਪਸੀ ਦੇ ਨਾਲ ਹੀ ਵਿਆਹ ਵਾਲੇ ਕਿਸੇ ਘਰ ਗਿੱਧੇ ਦਾ ਪਿੜ ਬੱਝ ਜਾਂਦਾ। ਮੇਲਣਾਂ ਤੇ ਪਿੰਡ ਦੀਆਂ ਮੁਟਿਆਰਾਂ ਸੁਹਣੇ-ਸੁਹਣੇ ਕੱਪੜੇ ਪਾ ਕੇ, ਗਹਿਣੇ-ਗੱਟਿਆਂ ਨਾਲ ਸਜ-ਧੱਜ ਕੇ, ਸਿਰਾਂ ਤੇ ਫੁਲਕਾਰੀਆਂ ਲੈ ਕੇ ਵਿਆਹੁਲੇ ਗਿੱਧੇ ਵਿਚ ਨੱਚਣ ਲਈ ਪਹੁੰਚ ਜਾਂਦੀਆਂ :
ਚਿੱਟੇ ਪੱਟ ਦਾ ਮੋਤੀਆ ਤੇ ਸਾਵੀਆਂ ਡੰਡੀਆਂ ਪਾ,
ਕਿਸੇ ਨੇ ਸਿਰ ‘ਤੇ ਪੱਲਾ ਕੀਤਾ ਸੂਹੀ ਫੁਲਕਾਰੀ ਦਾ…
ਕੋਈ ਛੈਲ-ਛਬੀਲੀ, ਰੂਪਮਤੀ ਮੁਟਿਆਰ ਜਦੋਂ ਸਜ-ਧਜ ਕੇ ਝਾਂਜਰਾਂ ਛਣਕਾਉਂਦੀ ਛਮ-ਛਮ ਕਰਦੀ ਗਿੱਧੇ ਦੇ ਪਿੜ ਵਿਚ ਆਉਂਦੀ ਤਾਂ ਉਸ ਦੇ ਡੁੱਲ੍ਹ-ਡੁੱਲ੍ਹ ਪੈਂਦੇ ਰੰਗ-ਰੂਪ ਨੂੰ ਦੇਖਣ ਵਾਲੇ ਦੇਖਦੇ ਹੀ ਰਹਿ ਜਾਂਦੇ :
ਉਤੇ ਹੀਰ ਨੇ ਲਈ ਫੁਲਕਾਰੀ,
ਕੁੜਤੀ ਖੱਦਰ ਦੀ ਪਾਈ,
ਕੁੜੀਆਂ ‘ਚ ਚੰਦ ਚੜ੍ਹ ਗਿਆ, ਹੀਰ ਗਿੱਧੇ ਵਿਚ ਆਈ …
ਵਿਆਹੁਲੇ ਗਿੱਧੇ ਵਿਚ ਸਭ ਤੋਂ ਪਹਿਲਾਂ ਨੱਚਣ ਲਈ ਮੁੰਡੇ ਦੀ ਮਾਮੀ ਜਾਂ ਭਰਜਾਈ ਨੂੰ ਕਿਹਾ ਜਾਂਦਾ :
ਸੁਣ ਪਰੀਏ ਫੁਲਕਾਰੀ ਵਾਲੀਏ,
ਮੇਲਣ ਬਣ ਕੇ ਆਈ,
ਜਾਂ ਤਾਂ ਨੱਚੇ ਮਾਮੀ ਮੁੰਡੇ ਦੀ ਜਾਂ ਨੱਚੇ ਭਰਜਾਈ …
ਹੌਲੀ-ਹੌਲੀ ਪਿੜ ਬੱਝ ਜਾਂਦਾ ਤੇ ਰੰਗ ਜੰਮ ਜਾਂਦਾ ਤਾਂ ਗਿੱਧੇ ਵਿਚ ਦੂਹਰੀ ਹੋ-ਹੋ ਕੇ ਨੱਚਦੀ ਕਿਸੇ ਮੁਟਿਆਰ ਦੀ ਫੁਲਕਾਰੀ ਹਵਾ ਵਿਚ ਉਡਣ ਲੱਗਦੀ ਤੇ ਕੋਈ ਦਰਸ਼ਕ ਗੱਭਰੂ ਆਪਣਾ ਰੁਮਾਲ ਹਿਲਾ ਕੇ ਉਸ ਨੂੰ ਨੱਚਣ ਲਈ ਹੱਲਾਸ਼ੇਰੀ ਦਿੰਦਾ :
ਨੱਚਣ ਜਾਣਦੀ, ਗਾਉਣ ਜਾਣਦੀ,
ਮੈਂ ਨੱਚਦੀ ਨਾ ਹਾਰੀ,
ਨੀ ਓਧਰੋਂ ਰੁਮਾਲ ਹਿੱਲਿਆ, ਮੇਰੀ ਗਿੱਧੇ ਵਿਚ ਉਡੇ ਫੁਲਕਾਰੀ …
ਗਿੱਧੇ ਦੇ ਪਿੜ ਦੇ ਘੇਰੇ ਵਿਚੋਂ ਅੱਗੇ ਵਧ ਕੇ ਕੋਈ ਸੋਹਣੀ-ਸੁਨੱਖੀ ਮੁਟਿਆਰ ਆਪਣੇ ਕਰੂਪ ਤੇ ਮੂਰਖ ਪਤੀ ਦਾ ਰੋਣਾ ਰੋਂਦੀ ਹੋਈ ਬੋਲੀ ਪਾਉਂਦੀ :
{ਰੇਰੂ ਦੇ ਮੁੱਢ ਕੋਲ ਖਲੋਤੀ,
ਮੈਂ ਟਾਹਲੀ ਦਾ ਪੋਰਾ,
ਸੁੱਚੇ ਪੱਟ ਦੀ ਮੈਂ ਫੁਲਕਾਰੀ,
ਇਹ ਲੋਗੜ ਦਾ ਗੋਹੜਾ,
ਕੰਥ ਮਝੇਰੂ ਦਾ ਲੱਗ ਗਿਆ ਹੱਡਾਂ ਨੂੰ ਝੋਰਾ …
ਸਹੁਰੀਂ ਵਿਆਹ ਦੇਖਣ ਆਇਆ ਕੋਈ ਚਾਂਭਲਿਆ ਹੋਇਆ ਪ੍ਰਾਹੁਣਾ ਦੋ ਘੁੱਟ ਦਾਰੂ ਦੇ ਪੀ ਕੇ ਸਾਲੀਆਂ ਨਾਲ ਚੋਹਲ ਮੋਹਲ ਕਰਨ ਲਈ ਵਿਆਹੁਲੇ ਗਿੱਧੇ ਵਿਚ ਆ ਵੜਦਾ। ਅੱਗੋਂ ਸਾਲੀਆਂ ਝੱਟ ਬੋਲੀ ਚੁੱਕ ਲੈਂਦੀਆਂ :
ਜੀਜਾ ਵਾਰ ਦੇ ਦੁਆਨੀ ਖੋਟੀ ਵਿਚ ਤੇਰੀ ਸਾਲੀ ਨੱਚਦੀ …
ਜੀਜੇ ਨੂੰ ਸ਼ਰਮੋ-ਸ਼ਰਮੀ ਨੱਚਣ ਵਾਲੀ ਕੁੜੀ ਦੇ ਸਿਰ ਉਪਰੋਂ ਰੁਪਈਆ ਵਾਰ ਕੇ ਸੁੱਟਣਾ ਪੈਂਦਾ। ਗਿੱਧੇ ਵਿਚ ਨੱਚਣ ਵਾਲੀਆਂ ਮੁਟਿਆਰਾਂ ਵਾਰੀ-ਵਾਰੀ ਬਦਲੀ ਜਾਂਦੀਆਂ ਤੇ ਜੀਜਾ ਸਾਹਬ ਨੂੰ ਸਾਰੀਆਂ ਦੇ ਸਿਰ ਤੋਂ ਰੁਪਏ ਵਾਰਨੇ ਪੈਂਦੇ ਤੇ ਆਖਰ ਉਸ ਦਾ ਖੀਸਾ ਖਾਲੀ ਹੋ ਜਾਂਦਾ। ਜਦੋਂ ਸਾਲੀਆਂ ਦੇਖਦੀਆਂ ਕਿ ਜੀਜੇ ਦੇ ਪੈਸੇ ਮੁੱਕ ਗਏ ਹਨ ਤਾਂ ਕੋਈ ਕੁੜੀ ਜੀਜੇ ਨੂੰ ਨਿੱਠ ਕਰਦੀ ਹੋਈ ਕਹਿੰਦੀ :
ਜੀਜੇ ਨੇ ਮਾਂ ਵਾਰੀ, ਮੈਂ ਵਾਰੀ ਫੁਲਕਾਰੀ …
ਇਸ ਤਰ੍ਹਾਂ ਜੀਜੇ ਨੂੰ ਸਾਲੀਆਂ ਨਾਲ ਹਾਸਾ-ਮਖੌਲ ਕਰਨਾ ਬਹੁਤ ਮਹਿੰਗਾ ਪੈਂਦਾ ਤੇ ਖੁੰਭ ਠਪਵਾ ਕੇ ਉਸਦੀ ਪੀਤੀ ਲਹਿ ਜਾਂਦੀ।
ਪੇਕੀਂ ਮਿਲਣ ਆਈ ਕਿਸੇ ਡੈਣ ਨੂੰ ਉਸਦਾ ਵੀਰ ਕੁੜਤੀ ਬਣਵਾ ਕੇ ਦਿੰਦਾ ਤੇ ਭਾਬੀ ਆਪਣੀ ਲਾਡਲੀ ਨਣਦ ਨੂੰ ਆਪਣੇ ਸੰਦੂਕ ‘ਚੋਂ ਸੋਹਣੀ ਫੁਲਕਾਰੀ ਕੱਢ ਕੇ ਦਿੰਦੀ ਤਾਂ ਉਹ ਖੁਸ਼ੀ ਨਾਲ ਫੁੱਲੀ ਨਾ ਸਮਾਉਂਦੀ ਤੇ ਭਾਬੀ ਨੂੰ ਅਸੀਸਾਂ ਦਿੰਦੀ ਹੋਈ ਕਹਿੰਦੀ :
ਵੀਰ ਮੇਰੇ ਨੇ ਕੁੜਤੀ ਦਿੱਤੀ,
ਭਾਬੋ ਨੇ ਫੁਲਕਾਰੀ
ਨੀ ਯੁੱਗ ਜੀ ਭਾਬੋ, ਲੱਗੇਂ ਜਾਨ ਤੋਂ ਪਿਆਰੀ …
ਕੋਈ ਗੱਭਰੂ ਆਪਣੀ ਨਵ-ਵਿਆਹੀ ਵਹੁਟੀ ਨੂੰ ਸਹੁਰਿਆਂ ਤੋਂ ਲੈ ਕੇ ਆਉਂਦਿਆਂ ਰਾਹ ਵਿਚ ਊਠ ਨੂੰ ਅੱਡੀ ਮਾਰ ਕੇ ਸਰਪੱਟ ਭਜਾਉਂਦਾ ਤਾਂ ਮੁਟਿਆਰ ਉਸ ਦਾ ਮੋਢਾ ਹਲੂਣ ਕੇ ਕਹਿੰਦੀ :
ਮੇਰੀ ਉਡ ਉਡ ਜਾਵੇ ਫੁਲਕਾਰੀ,
ਬੋਤਾ ਹੌਲੀ ਤੋਰ ਹਾਣੀਆਂ …
ਕਿਸੇ ਪਤੀ-ਪਤਨੀ ਦਾ ਕਿਸੇ ਗੱਲੋਂ ਗੁੱਸੇ-ਗਿਲੇ ਹੋ ਕੇ ਮਨ ਮੁਨਾਵ ਹੋ ਜਾਂਦਾ ਤੇ ਪਤੀ ਮੂੰਹ-ਮੋਟਾ ਕਰਕੇ ਰੁੱਸ ਜਾਂਦਾ। ਪਤਨੀ ਆਪਣੀਆਂ ਸਹੇਲੀਆਂ ਪਾਸੋਂ ਰੁੱਸੇ ਹੋਏ ਪਤੀ ਨੂੰ ਮਨਾਉਣ ਦਾ ਢੰਗ ਪੁੱਛਦੀ ਤਾਂ ਕੋਈ ਤਜਰਬੇਕਾਰ ਸਹੇਲੀ ਉਸ ਨੂੰ ਰੁੱਸੇ ਹੋਏ ਮਾਹੀ ਨੂੰ ਮਨਾਉਣ ਦਾ ਗੁਰ ਦੱਸਦੀ ਹੋਈ ਕਹਿੰਦੀ :
ਕੋਠੇ ਦੀਏ ਕੜੀਏ ਨੀ, ਤੈਨੂੰ ਚੱਕ ਬਨੇਰੇ ਧਰੀਏ,
ਰੁੱਸੇ ਹੋਏ ਮਾਲਕ ਦਾ ਕੀ ਲਾਜ ਬਣਾਈਏ ਅੜੀਏ,
ਫੁਲਕਾਰੀ ਲਾਹ ਪੈਰਾਂ ਵਿਚ ਧਰੀਏ,
ਇਕ ਵਾਰੀ ਬੋਲੀਂ ਵੇ ਫੇਰ ਕਦੇ ਨਾ ਲੜੀਏ …
ਸੋਹਣੀ-ਸੁਨੱਖੀ ਭਰਜਾਈ ਦੇ ਸਿਰ ‘ਤੇ ਲਈ ਹੋਈ ਲਾਲ ਸੂਹੀ ਫੁਲਕਾਰੀ ਨੂੰ ਦੇਖ ਕੇ ਕਿਸੇ ਛੜੇ ਜੇਠ ਦੇ ਹੋਸ਼ ਗੁੰਮ ਹੋ ਜਾਂਦੇ। ਉਸ ਨੂੰ ਭਾਬੀ ਕੋਈ ਅਰਸੋਂ ਉਤਰੀ ਹੋਈ ਪਰੀ ਜਾਪਦੀ ਤੇ ਉਹ ਘੂਰ-ਘੂਰ ਕੇ ਇਕ ਟਕ ਉਸ ਵੱਲ ਦੇਖਣ ਲੱਗਦਾ :
ਜੇਠ ਦੇਖ ਕੇ ਘੂਰ ਘੂਰ ਕੇ,
ਮੇਰੇ ਸਿਰ ‘ਤੇ ਸੂਹੀ ਫੁਲਕਾਰੀ,
ਅੱਖ ਵਿਚ ਘਿਉ ਪੈ ਗਿਆ,
ਟੁੱਟ ਪੈਣੇਂ ਨੇ ਜਲੇਬੀ ਮਾਰੀ …
ਕਿਸੇ ਘਰ ਸੱਸ-ਸਹੁਰੇ ਦਾ ਆਪਸੀ ਪਿਆਰ ਬਹੁਤ ਹੁੰਦਾ। ਅਚਾਨਕ ਸੱਸ ਬਿਮਾਰ ਹਸੋ ਜਾਂਦੀ ਤਾਂ ਸਹੁਰਾ ਉਸ ਦੀ ਤੰਦਰੁਸਤੀ ਲਈ ਕਈ ਤਰ੍ਹਾਂ ਦੇ ਓਹੜ-ਪੋਹੜ ਕਰਦਾ :
ਸੱਸ ਮੇਰੀ ਦੇ ਮਾਤਾ ਨਿਕਲੀ, ਨਿਕਲੀ ਦਾਣਾ ਦਾਣਾ,
ਸਹੁਰਾ ਮੇਰਾ ਪੂਜਣ ਲੱਗਾ ਲੈ ਕੇ ਲਾਲ ਫੁਲਕਾਰੀ,
ਜੋਤ ਜਗਾਉਂਦੇ ਨੇ ਦਾੜ੍ਹੀ ਫੂਕ ਲਈ ਸਾਰੀ …
ਅੰਗਰੇਜ਼ੀ ਰਾਜ ਕਾਲ ਸਮੇਂ ਸਨਅਤੀ ਯੁੱਗ ਸ਼ੁਰੂ ਹੋਇਆ ਤਾਂ ਵਧੀਆ ਮਹੀਨ, ਸ਼ੋਖ ਤੇ ਦਿਲਕਸ਼ ਕੱਪੜਾ ਧੜਾ-ਧੜ ਪੰਜਾਬ ਵਿਚ ਵਿਕਣ ਲੱਗਾ ਜਿਸ ਕਾਰਨ ਖੱਦਰ ਦਾ ਰਿਵਾਜ਼ ਘਟ ਗਿਆ। ਨਵੇਂ ਨਵੇਂ ਫੈਸ਼ਨ ਪ੍ਰਚਲਿਤ ਹੋ ਗਏ। ਇਸ ਸਭਿਆਚਾਰਕ ਉਥਲ ਪੁਥਲ ਵਿਚ ਕਸੀਦਾਕਾਰੀ ਦਾ ਪਤਨ ਹੋਣਾ ਸ਼ੁਰੂ ਹੋ ਗਿਆ।
ਇੰਗਲੈਂਡ ਦੇ ਕਾਰਖਾਨਿਆਂ ਵਿਚ ਬਣੇ ਕੱਪੜੇ ਦੀ ਚਮਕ-ਦਮਕ ਨੇ ਪੰਜਾਬੀ ਪੇਂਡੂ ਮੁਟਿਆਰਾਂ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਰਾਂ ਦਾ ਫੁਲਕਾਰੀ ਨਾਲ ਪਹਿਲਾਂ ਵਾਲਾ ਲਗਾਓ ਤੇ ਉਮਾਹ ਨਾ ਰਿਹਾ :
ਲੋਕੀਂ ਪਹਿਨਦੇ ਵਲਾਇਤੀ ਟੋਟੇ, ਫੂਕਾਂ ਫੁਲਕਾਰੀ ਨੂੰ…
ਦਿਨੋ-ਦਿਨ ਫੁਲਕਾਰੀ ਦਾ ਰਿਵਾਜ਼ ਘਟਦਾ ਗਿਆ ਤੇ ਅਖੀਰ ਮੁਟਿਆਰਾਂ ਨੇ ਫੁਲਕਾਰੀ ਦੀ ਵਰਤੋਂ ਕਰਨੀ ਬਿਲਕੁਲ ਬੰਦ ਕਰ ਦਿੱਤੀ :
ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ,
ਹੁਣ ਚੱਲ ਪਏ ਵਲੈਤੀ ਬਾਣੇ …।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …