Breaking News
Home / Special Story / ਮਾੜੀ ਆਰਥਿਕ ਹਾਲਤ ਖਿਡਾਰੀਆਂ ‘ਤੇ ਪੈ ਰਹੀ ਹੈ ਭਾਰੂ

ਮਾੜੀ ਆਰਥਿਕ ਹਾਲਤ ਖਿਡਾਰੀਆਂ ‘ਤੇ ਪੈ ਰਹੀ ਹੈ ਭਾਰੂ

ਇੱਕ ਕਮਰੇ ‘ਚ ਰਹਿਣ ਲਈ ਮਜਬੂਰ ਹੈ ਕੌਮੀ ਨੈੱਟਬਾਲ ਖਿਡਾਰਨ ਕਿਰਨਜੀਤ ਕੌਰ ਦਾ ਪਰਿਵਾਰ
ਬਠਿੰਡਾ : ਨੈੱਟਬਾਲ ਦੀ ਕੌਮੀ ਖਿਡਾਰਨ ਕਿਰਨਜੀਤ ਕੌਰ ਆਪਣੀ ਖੇਡ ਕਲਾ ਦੇ ਦਮ ‘ਤੇ ਤਗ਼ਮੇ ਜਿੱਤਦੀ ਹੈ ਪਰ ਮੰਦੀ ਆਰਥਿਕਤਾ ਨੂੰ ਹਰਾਉਣਾ ਉਸ ਦੇ ਵੱਸ ਦੀ ਗੱਲ ਨਹੀਂ ਰਹੀ। ਪੰਜ ਵਾਰ ਕੌਮੀ ਪੱਧਰ ‘ਤੇ ਖੇਡ ਚੁੱਕੀ ਇਸ ਖਿਡਾਰਨ ਦੀ ਹੱਲਾਸ਼ੇਰੀ ਲਈ ਸਰਕਾਰ ਨੇ ਕਦੇ ਫੋਕੀ ਸੁਲ੍ਹਾ ਵੀ ਨਹੀਂ ਮਾਰੀ। ਵੱਡੇ ਮੁਕਾਬਲਿਆਂ ਵਿਚ ਖੇਡਣ ਲਈ ਚੁਣੇ ਜਾਣ ਦੀ ਖੁਸ਼ੀ ਤਾਂ ਕਿਰਨਜੀਤ ਨੂੰ ਹੁੰਦੀ ਹੈ ਪਰ ਉੱਥੇ ਜਾਣ ਲਈ ਆਉਣ ਵਾਲੇ ਖਰਚੇ ਦਾ ਫਿਕਰ ਵੀ ਸਤਾਉਣ ਲੱਗਦਾ ਹੈ। ਘਰੇਲੂ ਹਾਲਾਤ ਭਾਵੇਂ ਖਰਚੇ ਦੀ ਹਾਮੀ ਨਹੀਂ ਭਰਦੇ ਪਰ ਕਿਸਾਨ ਪਿਤਾ ਇਸੇ ਆਸ ਨਾਲ ਉਸ ਨੂੰ ਇੱਧਰੋਂ-ਉੱਧਰੋਂ ਪੈਸੇ ਫੜ ਕੇ ਤੋਰ ਦਿੰਦੈ ਕਿ ਸ਼ਾਇਦ ਉਸ ਦੀ ਪੜ੍ਹਾਈ ਅਤੇ ਖੇਡਾਂ ਦਾ ਮੁੱਲ ਪੈ ਜਾਵੇਗਾ। ਕਸਬਾ ਜੋਗਾ (ਮਾਨਸਾ) ਦੀ ਇਸ ਦੀ ਨੈੱਟਬਾਲ ਖਿਡਾਰਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਦਿੱਲੀ, ਛੱਤੀਸਗੜ੍ਹ, ਪਾਣੀਪਤ, ਸੋਨੀਪਤ ਅਤੇ ਜੈਪੁਰ ਵਿੱਚ ਨੈੱਟਬਾਲ ਦੇ ਕੌਮੀ ਮੁਕਾਬਲਿਆਂ ਵਿਚ ਹਿੱਸਾ ਲੈ ਚੁੱਕੀ ਹੈ। ਅੰਤਰ ‘ਵਰਸਿਟੀ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਉਹ ਮੰਗਲੌਰ ਵੀ ਗਈ ਸੀ। ਦੂਰ-ਦੁਰਾਡੇ ਖੇਡਣ ਜਾਣ ਦਾ ਸਾਰਾ ਖਰਚਾ ਉਹ ਪੱਲਿਓਂ ਕਰਦੀ ਹੈ। ਆਰਥਿਕ ਮਦਦ ਤਾਂ ਦੂਰ ਸਰਕਾਰ ਤੋਂ ਉਸ ਨੂੰ ਕਦੇ ਖੇਡ ਕਿੱਟ ਵੀ ਨਹੀਂ ਸਰੀ।
ਘਰ ਦੇ ਹਾਲਾਤ ਇੱਥੋਂ ਤੱਕ ਬਦਤਰ ਬਣੇ ਹੋਏ ਨੇ ਕਿ ਕਰੀਬ ਚਾਰ ਮਹੀਨੇ ਪਹਿਲਾਂ ਇੱਕ ਕਮਰੇ ਦੀ ਛੱਤ ਡਿੱਗ ਪਈ ਸੀ, ਜਿਸ ਨੂੰ ਮੁੜ ਬਣਾਉਣ ਜੋਗੀ ਪੂੰਜੀ ਉਨ੍ਹਾਂ ਕੋਲ ਨਹੀਂ ਹੈ। ਮੀਂਹ ਕਣੀ ਦੇ ਮੌਸਮ ਵਿਚ 8 ਜੀਆਂ ਦਾ ਪਰਿਵਾਰ ਇੱਕ ਕਮਰੇ ਦੀ ਛੱਤ ਹੇਠਾਂ ਰਾਤ ਲੰਘਾਉਂਦਾ ਹੈ। ਕੌਮੀ ਮੁਕਾਬਲਿਆਂ ਵਿਚ ਦੋ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਜੇਤੂ ਇਸ ਖਿਡਾਰਨ ਨੇ ਦੱਸਿਆ ਕਿ ਇੱਕ ਵਾਰ ਪਿੰਡ ਦੀ ਪੰਚਾਇਤ ਨੇ ਉਸ ਨੂੰ ਸਨਮਾਨਿਤ ਕੀਤਾ ਸੀ ਅਤੇ ਪਿੰਡ ਦੇ ਹੀ ਇੱਕ ਐੱਨਆਰਆਈ ਨੇ ਕੁੱਝ ਆਰਥਿਕ ਮੱਦਦ ਵੀ ਦਿੱਤੀ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਢਿੱਲਵਾਂ ਦੇ ਇੱਕ ਕਾਲਜ ਵਿਚ ਬੀਏ ਭਾਗ ਦੂਜਾ ਦੀ ਵਿਦਿਆਰਥਣ ਕਿਰਨਜੀਤ ਕੌਰ ਨੇ ਆਖਿਆ ਕਿ ਸਰਕਾਰ ਉਸ ਨੂੰ ਢੁਕਵੀਂ ਨੌਕਰੀ ਦੇਵੇ ਤਾਂ ਜੋ ਉਹ ਆਪਣੇ ਪਰਿਵਾਰ ਦੇ ਸਹਾਰੇ ਤੋਂ ਇਲਾਵਾ ਖੇਡ ਸਫਰ ਨੂੰ ਬਗੈਰ ਫਿਕਰ ਤੋਂ ਜਾਰੀ ਰੱਖ ਸਕੇ। ਕਿਰਨਜੀਤ ਕੌਰ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਉਨ੍ਹਾਂ ਨੇ ਇੱਕ ਬੈਂਕ ਤੋਂ 80 ਹਜ਼ਾਰ ਰੁਪਏ ਕਰਜ਼ਾ ਚੁੱਕਿਆ ਸੀ, ਜੋ ਹੁਣ ਤੱਕ ਵਿਆਜ ਨਾਲ ਬਹੁਤ ਵੱਧ ਗਿਆ ਹੈ, ਜਿਸ ਨੂੰ ਹਾਲੇ ਤੱਕ ਨਹੀਂ ਮੋੜਿਆ ਜਾ ਸਕਿਆ।ਕਰੀਬ ਢਾਈ ਏਕੜ ਜ਼ਮੀਨ ਦੇ ਮਾਲਕ ਖਿਡਾਰਨ ਧੀ ਦੇ ਪਿਤਾ ਨੇ ਖੇਤੀ ਲਈ ਲਿਆਂਦਾ ਟਰੈਕਟਰ ਵੀ ਵੇਚ ਦਿੱਤਾ ਹੈ।
ਮਾਲੀ ਮਦਦ ਦੀ ਅਪੀਲ
ਖਿਡਾਰਨ ਦੇ ਪਿਤਾ ਗੁਰਜੰਟ ਸਿੰਘ ਨੇ ਆਖਿਆ ਕਿ ਕਿਰਨਜੀਤ ਜਦੋਂ ਵੀ ਕਿਤੇ ਖੇਡਣ ਜਾਂਦੀ ਹੈ ਤਾਂ ਕਰੀਬ 5-6 ਹਜ਼ਾਰ ਖਰਚਾ ਆ ਹੀ ਜਾਂਦਾ ਹੈ। ਤੰਗੀ-ਤੁਰਸ਼ੀ ਦੇ ਬਾਵਜੂਦ ਉਹ ਉਸ ਨੂੰ ਖੇਡਣੋਂ ਨਹੀਂ ਹਟਾਉਂਦੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਹੈ ਕਿ ਉਸ ਦੀ ਧੀ ਦੀ ਮਿਹਨਤ ਦਾ ਫ਼ਲ ਸਰਕਾਰ ਨੂੰ ਦੇਣਾ ਚਾਹੀਦਾ ਹੈ।
ਬੈਡਮਿੰਟਨ ਦੀ ਕੌਮੀ ਖਿਡਾਰਨ ਮਨਜੀਤ ਕੌਰ ਨੂੰ ਗਰੀਬੀ ਨੇ ਘੇਰਿਆ
ਸੰਗਰੂਰ : ਬੈੱਡਮਿੰਟਨ ਦੀ ਕੌਮੀ ਖਿਡਾਰਨ ਮਨਜੀਤ ਕੌਰ ਨੂੰ ਘੋਰ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਝੁੱਗੀ ਦੀ ਛੱਤ ‘ਚੋਂ ਤਿੱਪ-ਤਿੱਪ ਪਾਣੀ ਡਿੱਗਦਾ ਹੈ, ਜਿਸ ਦੇ ਨਾ ਕੋਈ ਬੂਹਾ ਹੈ ਤੇ ਨਾ ਬਾਰੀ। ਉਨ੍ਹਾਂ ਕੋਲ ਬਿਜਲੀ ਤੇ ਗੈਸ ਕੁਨੈਕਸ਼ਨ ਵੀ ਨਹੀਂ ਹੈ। ਉਹ ਆਪਣੀ ਬਿਰਧ ਮਾਂ ਨਾਲ ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਵਿਚ ਚੜ੍ਹਦੇ ਪਾਸੇ ਬਣੀ ਝੁੱਗੀ ਝੌਂਪੜੀ ‘ਚ ਰਹਿ ਰਹੀ ਹੈ। ਝੁੱਗੀ-ਝੌਂਪੜੀ ਵਾਲਿਆਂ ਦੇ ਅਨਪੜ੍ਹ ਪਰਿਵਾਰ ਵਿਚੋਂ ਇਕੱਲੀ ਮਨਜੀਤ ਵੱਲੋਂ ਜਿਥੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਮੁਕੰਮਲ ਕਰਨਾ ਵੱਡੀ ਗੱਲ ਹੈ, ਉਥੇ ਗਰੀਬ ਛੱਜ ਘਾੜਿਆਂ ਦੇ ਪਰਿਵਾਰ ਦੀ ਧੀ ਵੱਲੋਂ ਬੈਡਮਿੰਟਨ ਦੇ ਕੌਮੀ ਮੁਕਾਬਲਿਆਂ ਵਿਚ ਖੇਡਣਾ ਮਾਣ ਵਾਲੀ ਗੱਲ ਹੈ। ਝੁੱਗੀ ਝੌਂਪੜੀਆਂ ਵਿਚੋਂ ਮਨਜੀਤ ਦੇ ਰੂਪ ‘ਚ ਪੈਦਾ ਹੋਇਆ ਹੀਰਾ ਸਮੇਂ ਦੀਆਂ ਸਰਕਾਰਾਂ ਦੀ ਲਪਰਵਾਹੀ ਤੇ ਮਾੜੇ ਸਿਸਟਮ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ।
ਮਨਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਾਈਚਾਰੇ ਵਿੱਚੋਂ ਤਾਂ ਕੋਈ ਪੜ੍ਹਦਾ ਨਹੀਂ ਹੈ, ਖੇਡਾਂ ਵਿਚ ਭਾਗ ਲੈਣਾ ਤਾਂ ਦੂਰ ਦੀ ਗੱਲ ਹੈ। ਉਸ ਦੇ ਪੰਜ ਭੈਣ-ਭਰਾਵਾਂ ਦੇ ਪਰਿਵਾਰ ਵਿਚੋਂ ਹੋਰ ਕੋਈ ਨਹੀਂ ਪੜ੍ਹਿਆ। 3 ਮਾਰਚ 1983 ਨੂੰ ਝੁੱਗੀ ਝੌਂਪੜੀ ਵਿਚ ਹੀ ਪਿਤਾ ਸਰਵਣ ਸਿੰਘ ਦੇ ਘਰ ਮਾਤਾ ਸੁਖਵਿੰਦਰ ਕੌਰ ਦੀ ਕੁੱਖੋਂ ਪੈਦਾ ਹੋਈ ਮਨਜੀਤ ਦੱਸਦੀ ਹੈ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਪੱਤੋ ਹੀਰਾ ਸਿੰਘ ਵਿੱਚ ਜਿਥੇ ਉਸ ਦਾ ਪਰਿਵਾਰ ਝੁੱਗੀ ਝੌਂਪੜੀਨੁਮਾ ਕੱਚੇ ਕੋਠੇ ਵਿਚ ਰਹਿੰਦੇ ਸਨ, ਉਥੇ ਉਹ ਰੋਜ਼ਾਨਾ ਬੱਚਿਆਂ ਨੂੰ ਸਕੂਲ ਜਾਂਦੇ ਵੇਖਦੀ ਸੀ। ਉਸ ਦੀ ਜ਼ਿੱਦ ਕਾਰਨ ਮਾਪਿਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ, ਪੱਤੋ ਹੀਰਾ ਸਿੰਘ ਵਿੱਚ ਪੜ੍ਹਨ ਲਾ ਦਿੱਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬੈਡਮਿੰਟਨ ਦਾ ਗਰਾਊਂਡ ਸੀ, ਜਿਥੇ ਰੋਜ਼ਾਨਾ ਮੁੰਡੇ-ਕੁੜੀਆਂ ਨੂੰ ਅਭਿਆਸ ਕਰਨ ਜਾਂਦੇ ਵੇਖਦੀ ਸੀ ਅਤੇ ਮਨ ਵਿੱਚ ਖੇਡ ਦਾ ਸ਼ੌਕ ਪੈਦਾ ਹੋ ਗਿਆ। ਉਸ ਨੇ ਚੌਥੀ ਕਲਾਸ ਵਿਚ ਬੈਡਮਿੰਟਨ ਖੇਡਣੀ ਸ਼ੁਰੂ ਕਰ ਦਿੱਤੀ ਸੀ, ਜਿਥੇ ਉਹ ਰੋਜ਼ਾਨਾ ਸਵੇਰੇ ਚਾਰ ਵਜੇ ਤੋਂ ਛੇ ਵਜੇ ਤੱਕ ਅਤੇ ਸ਼ਾਮ ਚਾਰ ਤੋਂ ਸੱਤ ਵਜੇ ਤੱਕ ਅਭਿਆਸ ਕਰਦੀ ਸੀ। ਘਰ ਵਿੱਚ ਦੁੱਧ, ਦਹੀਂ, ਮੱਖਣ ਅਤੇ ਘਿਉ ਆਦਿ ਕਦੇ ਵੇਖਿਆ ਨਹੀਂ ਸੀ, ਖਾਣਾ ਤਾਂ ਦੂਰ ਦੀ ਗੱਲ ਸੀ। ਚਟਨੀ ਨਾਲ ਹੀ ਜ਼ਿਆਦਾਤਰ ਰੋਟੀ ਖਾ ਕੇ ਗੁਜ਼ਾਰਾ ਕਰਦੇ ਸਨ। ਸਕੂਲ ਪੱਧਰ ‘ਤੇ ਬੈਡਮਿੰਟਨ ਮੁਕਾਬਲਿਆਂ, ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਵਿੱਚ ਉਸ ਨੇ ਜ਼ੋਨ ਪੱਧਰ ਅਤੇ ਜ਼ਿਲ੍ਹਾ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਘਰ ਦੀ ਗ਼ਰੀਬੀ ਨਾਲ ਜੂਝਣ ਦੇ ਬਾਵਜੂਦ ਉਸ ਨੇ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਵੀ ਸੋਨ ਤਗ਼ਮੇ ਫੁੰਡੇ। ਸੰਨ 1998 ਵਿੱਚ ਅੰਡਰ-14 ਵਰਗ ਵਿੱਚ ਉਸ ਨੇ ਨੈਸ਼ਨਲ ਸਕੂਲ ਖੇਡਾਂ ਵਿੱਚ ਵੀ ਭਾਗ ਲਿਆ। ਜਦੋਂ 1999 ਵਿਚ ਉਸ ਦੇ ਸਿਰੋਂ ਪਿਤਾ ਦਾ ਸਾਇਆ ਉਠਿਆ ਤਾਂ ਘਰ ਦੇ ਹਾਲਾਤ ਹੋਰ ਬਦਤਰ ਹੋ ਗਏ। ਕੋਚ ਨਿਰਮਲ ਸਿੰਘ ਪੱਤੋ ਅਤੇ ਰਾਜਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਉਸ ਨੇ ਲਗਾਤਾਰ ਆਪਣੀ ਖੇਡ ਜਾਰੀ ਰੱਖੀ। ਖੇਡਾਂ ਦੇ ਨਾਲ-ਨਾਲ ਉਸ ਨੇ ਕੰਨਿਆ ਹਾਈ ਸਕੂਲ ਪੱਤੋ ਹੀਰਾ ਸਿੰਘ ਤੋਂ ਦਸਵੀਂ ਅਤੇ ਬਾਰ੍ਹਵੀਂ ਦੀ ਪੜ੍ਹਾਈ ਮੁਕੰਮਲ ਕੀਤੀ।
ਸੰਸਾਰ ਜਿੱਤਣ ਵਾਲੇ ਮਹਿੰਦਰ ਮੁਣਸ਼ੀ ਦਾ ਪਰਿਵਾਰ ਆਰਥਿਕ ਤੰਗੀ ਕੋਲੋਂ ‘ਹਾਰਿਆ’
ਜਲੰਧਰ : ਕੌਮੀ ਖੇਡ ਹਾਕੀ ਨੂੰ ‘ਜਾਨ’ ਲਾ ਕੇ ਖੇਡਣ ਵਾਲੇ ਓਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਦੀ ਯਾਦ ਵਿੱਚ ਪਰਿਵਾਰ ਪਿਛਲੇ 19 ਸਾਲਾਂ ਤੋਂ ਅੰਡਰ-19 ਹਾਕੀ ਟੂਰਨਾਮੈਂਟ ਕਰਵਾਉਂਦਾ ਆ ਰਿਹਾ ਹੈ। ਪਰ ਕਦੇ ਵੀ ਸਰਕਾਰ ਨੇ ਕੌਮੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਇਸ ਪਰਿਵਾਰ ਦੀ ਕੋਈ ਆਰਥਿਕ ਮਦਦ ਨਹੀਂ ਕੀਤੀ।
ਇਹ ਪਰਿਵਾਰ ਆਪਣੇ ਤੌਰ ‘ਤੇ ਹੀ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਪੈਸੇ ਇਕੱਠੇ ਕਰਕੇ ਓਲੰਪੀਅਨ ਮਹਿੰਦਰ ਮੁਣਸ਼ੀ ਦੀ ਯਾਦ ਨੂੰ ਤਾਜ਼ਾ ਰੱਖ ਰਿਹਾ ਹੈ। ਇਥੋਂ ਤੱਕ ਕਿ ਇਸ ਟੂਰਨਾਮੈਂਟ ਵਿੱਚ ਆਉਂਦੇ ਸਿਆਸੀ ਆਗੂ ਜਿਹੜੀਆਂ ਗਰਾਂਟਾਂ ਐਲਾਨ ਕਰਕੇ ਜਾਂਦੇ ਹਨ, ਉਹ ਵੀ ‘ਊਠ ਦੇ ਬੁੱਲ੍ਹ’ ਵਾਂਗ ਲਟਕਦੀਆਂ ਰਹਿੰਦੀਆਂ ਹਨ। ਮਹਿੰਦਰ ਮੁਣਸ਼ੀ ਦੇ ਭਰਾ ਸਤਪਾਲ ਸਿੰਘ ਮੁਣਸ਼ੀ ਨੇ ਦੱਸਿਆ ਕਿ ਅਜੀਤ ਸਿੰਘ ਕੋਹਾੜ ਨੇ ਮੰਤਰੀ ਹੁੰਦਿਆਂ ਹੋਇਆਂ ਇੱਕ ਲੱਖ ਰੁਪਏ ਟੂਰਨਾਮੈਂਟ ਨੂੰ ਦੇਣ ਦਾ ਐਲਾਨ ਕੀਤਾ ਸੀ ਪਰ ਇਹ ਰਕਮ ਉਨ੍ਹਾਂ ਨੂੰ ਅਜੇ ਤੱਕ ਵੀ ਨਸੀਬ ਨਹੀਂ ਹੋਈ।
ਮਹਿੰਦਰ ਸਿੰਘ ਮੁਣਸ਼ੀ ਆਪਣੇ ਸਮਿਆਂ ਦਾ ਚਮਕਦਾ ਹਾਕੀ ਦਾ ਸਿਤਾਰਾ ਸੀ।
1975 ਵਿੱਚ ਭਾਰਤ ਨੂੰ ਇਕੋ-ਇੱਕ ਹਾਕੀ ਵਿਚ ਸੰਸਾਰ ਜੇਤੂ ਬਣਾਉਣ ਵਾਲਾ ਕੱਪ ਮੁਣਸ਼ੀ ਦੇ ਦਮ ‘ਤੇ ਹੀ ਜਿੱਤਿਆ ਗਿਆ ਸੀ। ਮਹਿੰਦਰ ਮੁਣਸ਼ੀ ਵਿੱਚ ਹਰ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲਣ ਦੀ ਸਮਰੱਥਾ ਸੀ। 1976 ਵਿੱਚ ਮੌਂਟਰੀਅਲ ਵਿੱਚ ਹੋਈਆਂ ਓਲੰਪਿਕ ਖੇਡਾਂ ਦੌਰਾਨ ਮਹਿੰਦਰ ਮੁਣਸ਼ੀ ਵੱਲੋਂ ਜੋ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ, ਉਸ ਦੀ ਯਾਦ ਅੱਜ ਵੀ ਹਾਕੀ ਪ੍ਰੇਮੀਆਂ ਦੇ ਅੰਦਰ ਵਸੀ ਹੋਈ ਹੈ। ਉਸ ਨੂੰ ‘ਸ਼ੋਅਰ ਸ਼ਾਟ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਭਾਵ ਉਸ ਵੱਲੋਂ ਲਾਇਆ ਜਾਂਦਾ ਪੈਨਲਟੀ ਸਟਰੋਕ ਕਦੇ ਵੀ ਅਜਾਈਂ ਨਹੀਂ ਸੀ ਜਾਂਦਾ।
ਮਹਿੰਦਰ ਮੁਣਸ਼ੀ ਦੀ ਮੌਤ 19 ਸਤੰਬਰ 1977 ਨੂੰ ਪੀਲੀਏ ਨਾਲ ਹੋ ਗਈ ਸੀ। ਆਰਥਿਕ ਤੰਗੀਆਂ ਨਾਲ ਜੂਝਦੇ ਪਰਿਵਾਰ ਦੀ ਸਰਕਾਰ ਨੇ ਕਦੇ ਬਾਂਹ ਨਹੀਂ ਫੜੀ। ਮੁਣਸ਼ੀ ਦੇ ਛੋਟੇ ਭਰਾ ਸਤਪਾਲ ਸਿੰਘ ਦਾ ਕਹਿਣਾ ਸੀ ਕਿ 2014 ਵਿੱਚ ਹਾਕੀ ਫੈਡਰੇਸ਼ਨ ਨੇ ਜ਼ਰੂਰ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਸੀ ਪਰ ਪੰਜਾਬ ਸਰਕਾਰ ਵੱਲੋਂ ਨਾ ਤਾਂ ਟੂਰਨਾਮੈਂਟ ਦੀ ਅਤੇ ਨਾ ਹੀ ਪਰਿਵਾਰ ਦੀ ਕੋਈ ਮਦਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ‘ਤੇ ਹਰ ਸਾਲ 5 ਤੋਂ 6 ਲੱਖ ਰੁਪਏ ਖਰਚ ਆਉਂਦਾ ਹੈ, ਜੋ ਓਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਹਾਕੀ ਐਸੋਸੀਏਸ਼ਨ ਵੱਲੋਂ ਇਕੱਠੇ ਕਰ ਕੇ ਕੀਤਾ ਜਾਂਦਾ ਹੈ। ਸਤਪਾਲ ਸਿੰਘ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਪ੍ਰਬੰਧ ਕੀਤੇ ਜਾਣ, ਤਾਂ ਜੋ ਖੇਡਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਮਦਦ ਮਿਲ ਸਕੇ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਵਿੱਚ ਹਾਕੀ ਪ੍ਰਤੀ ਰੁਚੀ ਪੈਦਾ ਕਰਨ ਨਾਲ ਹੀ ਹੋਣਹਾਰ ਖਿਡਾਰੀ ਪੈਦਾ ਹੋਣਗੇ।
ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਖੇਡ ਵਿਭਾਗ ਨੂੰ ਮਜ਼ਬੂਤ ਹੋਣ ਦੀ ਲੋੜ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕੀਤੇ ਜਾਣ ਦੇ ਮੁੱਦੇ ‘ਤੇ ਪੁਲਿਸ ਅਤੇ ਪ੍ਰਸ਼ਾਸਨ ਦਰਮਿਆਨ ਨਵੀਂ ਚਰਚਾ ਛਿੜੀ ਹੋਈ ਹੈ।
ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਤੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਖਿਡਾਰੀਆਂ ਨੂੰ ਨੌਕਰੀਆਂ ਦੇ ਕੇ ਮਾਣ-ਸਨਮਾਨ ਦੇਣ ਲਈ ਖੇਡ ਵਿਭਾਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।
ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਆਪਣੀ ਵਿਦਿਅਕ ਯੋਗਤਾ ਨੂੰ ਲੈ ਕੇ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ ਤੇ ਡੀਐੱਸਪੀ ਦੀ ਨੌਕਰੀ ਹਾਸਲ ਕਰ ਚੁੱਕੀ ਇਸ ਖਿਡਾਰਨ ਦੇ ਭਵਿੱਖ ਬਾਰੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਪੁਲਿਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਤਿੰਨ ਦਰਜਨ ਦੇ ਕਰੀਬ ਖੇਡ ਕੋਟੇ ਤਹਿਤ ਭਰਤੀ ਹੋਏ ਪੁਲਿਸ ਅਫ਼ਸਰ ਅਜਿਹੇ ਹਨ, ਜੋ ਇਸ ਸਮੇਂ ਡੀਐੱਸਪੀਜ਼ ਅਤੇ ਐੱਸਪੀਜ਼ ਦੇ ਅਹੁਦਿਆਂ ‘ਤੇ ਸੇਵਾ ਨਿਭਾਅ ਰਹੇ ਹਨ।
ਪੁਲਿਸ ਵਿੱਚ ਭਰਤੀ ਹੋਣ ਵਾਲੇ ਖੇਡਾਂ ਦੇ ਪਿਛੋਕੜ ਵਾਲੇ ਅਫ਼ਸਰਾਂ ਦੀ ਕਾਰਗੁਜ਼ਾਰੀ ‘ਤੇ ਝਾਤੀ ਮਾਰੀ ਜਾਵੇ ਤਾਂ ਇਹੋ ਠੋਸ ਗੱਲ ਸਾਹਮਣੇ ਆਉਂਦੀ ਹੈ ਕਿ ਖੇਡਾਂ ਵਿੱਚ ਮੱਲਾਂ ਮਾਰਨ ਤੋਂ ਬਾਅਦ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਇਹ ਖਿਡਾਰੀ ਹੋਰ ਪੁਲਿਸ ਅਫ਼ਸਰਾਂ ਵਾਂਗ ਹਮੇਸ਼ਾ ਮਲਾਈਦਾਰ ਅਹੁਦੇ ਦੀ ਤਾਕ ਵਿੱਚ ਰਹਿੰਦੇ ਹਨ। ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਖਿਡਾਰੀਆਂ ਨੂੰ ਡੀਐੱਸਪੀ ਵਜੋਂ ਭਰਤੀ ਕਰਨ ਦੇ ਮੁੱਦੇ ‘ਤੇ ਸਰਕਾਰ ਨੂੰ ਕਿਹਾ ਸੀ ਕਿ ਪੰਜਾਬ ਸਰਕਾਰ ਵਿੱਚ ਨੌਕਰੀਆਂ ਹਾਸਲ ਕਰਨ ਤੋਂ ਬਾਅਦ ਕੋਈ ਵੀ ਖਿਡਾਰੀ ਪੰਜਾਬ ਖ਼ਾਤਰ ਨਹੀਂ ਖੇਡਦਾ।

Check Also

ਕੇਂਦਰੀ ਬਜਟ ਕਾਰਪੋਰੇਟ ਪੱਖੀ ਹੋ ਨਿਬੜਿਆ

ਕਿਸਾਨਾਂ ਦਾ ਜ਼ਿਕਰ ਆਉਂਦਿਆਂ ਹੀ ਵਿਰੋਧੀ ਧਿਰ ਲਗਾਉਣ ਲੱਗੀ ਮੋਦੀ ਸਰਕਾਰ ਖਿਲਾਫ ਨਾਅਰੇ : ਬਜਟ …