ਏਸੀ ਟਰਾਲੇ ਰਾਹੀਂ ਅਮਰੀਕਾ ਵਿਚ ਦਾਖ਼ਲ ਹੋਣ ਦੀ ਫਿਰਾਕ ‘ਚ ਸਨ
ਨਿਊਯਾਰਕ : ਅਮਰੀਕਾ ਵਿਚ ਭਾਰਤੀਆਂ ਸਮੇਤ 120 ਤੋਂ ਜ਼ਿਆਦਾ ਲੋਕ ਹਿਰਾਸਤ ਵਿਚ ਲਏ ਗਏ ਹਨ। ਸਰਹੱਦ ‘ਤੇ ਗਸ਼ਤੀ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਨ੍ਹਾਂ ਵਿਅਕਤੀਆਂ ਨੂੰ ਦੇਸ਼ ਵਿਚ ਨਜਾਇਜ਼ ਤੌਰ ‘ਤੇ ਦਾਖ਼ਲ ਹੋਣ ਅਤੇ ਰਹਿਣ ਦੇ ਦੋਸ਼ਾਂ ਵਿਚ ਫੜਿਆ ਹੈ। ਇਨ੍ਹਾਂ ਵਿਚੋਂ 45 ਲੋਕ ਹਿਊਸਟਨ ਵਿਚ ਫੜੇ ਗਏ ਜਦਕਿ 78 ਵਿਅਕਤੀਆਂ ਨੂੰ ਟੈਕਸਾਸ ਸਥਿਤ ਇਕ ਜਾਂਚ ਚੌਕੀ ਤੋਂ ਹਿਰਾਸਤ ਵਿਚ ਲਿਆ ਗਿਆ। ਇਹ ਵਿਅਕਤੀ ਇਕ ਏਸੀ ਟਰਾਲੇ ਰਾਹੀਂ ਅਮਰੀਕਾ ਵਿਚ ਦਾਖ਼ਲ ਹੋਣ ਦੀ ਫਿਰਾਕ ‘ਚ ਸਨ। ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ (ਆਈਸੀਈ) ਅਨੁਸਾਰ ਹਿਊਸਟਨ ਵਿਚ ਪੰਜ ਰੋਜ਼ਾ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਇਮੀਗ੍ਰੇਸ਼ਨ ਨਿਯਮਾਂ ਦੇ ਉਲੰਘਣ ਵਿਚ 45 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਆਈਸੀਈ ਨੇ ਹਾਲਾਂਕਿ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਸ ਮੁਹਿੰਮ ਵਿਚ ਕੁੱਲ ਕਿੰਨੇ ਭਾਰਤੀ ਫੜੇ ਗਏ। ਫੜੇ ਗਏ ਵਿਅਕਤੀਆਂ ਵਿਚ ਹੋਂਡੂਰਸ, ਅਲ ਸਲਵਾਡੋਰ, ਮੈਕਸੀਕੋ, ਗੁਆਟੇਮਾਲਾ, ਅਰਜਨਟੀਨਾ, ਕਿਊਬਾ, ਨਾਈਜੀਰੀਆ, ਭਾਰਤ, ਚਿਲੀ, ਤੁਰਕੀ ਦੇ ਨਾਗਰਿਕ ਸ਼ਾਮਿਲ ਹਨ। ਇਨ੍ਹਾਂ ਵਿਚੋਂ ਕੁਝ ਨੂੰ ਅਮਰੀਕਾ ਵਿਚ ਨਜਾਇਜ਼ ਤੌਰ ‘ਤੇ ਦਾਖ਼ਲ ਹੋਣ ਅਤੇ ਦੇਸ਼ ਭੇਜੇ ਜਾਣ ਪਿੱਛੋਂ ਦੁਬਾਰਾ ਦਾਖ਼ਲ ਹੋਣ ਦੇ ਦੋਸ਼ ਵਿਚ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਇਕ ਹੋਰ ਘਟਨਾ ਵਿਚ ਅਮਰੀਕਾ ਦੇ ਸਰਹੱਦੀ ਗਸ਼ਤੀ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਟੈਕਸਾਸ ਦੀ ਇਕ ਜਾਂਚ ਚੌਕੀ ਤੋਂ 78 ਵਿਅਕਤੀਆਂ ਨੂੰ ਫੜਿਆ। ਉਹ ਸਾਰੇ ਇਕ ਟਰਾਲੇ ਵਿਚ ਲੁਕੇ ਹੋਏ ਸਨ। ਕਈ ਦੇਸ਼ਾਂ ਦੇ ਇਨ੍ਹਾਂ ਲੋਕਾਂ ਵਿਚ ਕੁਝ ਭਾਰਤੀ ਸ਼ਾਮਿਲ ਹਨ। ਇਕ ਅਧਿਕਾਰੀ ਨੇ ਕਿਹਾ ਕਿ ਅਪਰਾਧਿਕ ਗਰੋਹ ਲੋਕਾਂ ਦੀ ਸੁਰੱਖਿਆ ਦੀ ਚਿੰਤਾ ਕੀਤੇ ਬਿਨਾ ਇਸ ਤਰ੍ਹਾਂ ਦੇ ਵਾਹਨਾਂ ਨਾਲ ਲੋਕਾਂ ਨੂੰ ਨਜਾਇਜ਼ ਰੂਪ ਨਾਲ ਅਮਰੀਕਾ ਵਿਚ ਪੁਚਾਉਣ ਦਾ ਕੰਮ ਕਰਦੇ ਰਹਿੰਦੇ ਹਨ।
ਪਹਿਲੇ ਵੀ ਫੜੇ ਜਾ ਚੁੱਕੇ ਹਨ ਭਾਰਤੀ : ਅਮਰੀਕਾ ਵਿਚ ਨਜਾਇਜ਼ ਤੌਰ ‘ਤੇ ਦਾਖ਼ਲ ਹੋਣ ਦੇ ਯਤਨ ਵਿਚ ਇਸ ਤੋਂ ਪਹਿਲੇ ਵੀ ਕਰੀਬ 100 ਭਾਰਤੀਆਂ ਨੂੰ ਫੜਿਆ ਗਿਆ ਸੀ। ਉਨ੍ਹਾਂ ਨੂੰ ਹਿਰਾਸਤ ਕੇਂਦਰਾਂ ‘ਚ ਰੱਖਿਆ ਗਿਆ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬੀ ਸਨ।
ਡੋਨਾਲਡ ਟਰੰਪ ਨੇ ਪਲਟਿਆ ਸੀ ਵਿਵਾਦਿਤ ਫੈਸਲਾ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਇਮੀਗ੍ਰੇਸ਼ਨ ‘ਤੇ ਆਪਣੇ ਵਿਵਾਦਿਤ ਫੈਸਲੇ ਨੂੰ ਪਲਟਦੇ ਹੋਏ ਅਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਦੀ ਵਿਵਸਥਾ ਨੂੰ ਖ਼ਤਮ ਕਰ ਦਿੱਤਾ ਸੀ। ਅਮਰੀਕਾ-ਮੈਕਸੀਕੋ ਸਰਹੱਦ ‘ਤੇ ਨਜਾਇਜ਼ ਤੌਰ ‘ਤੇ ਦਾਖ਼ਲ ਹੋਣ ਵਾਲੇ ਪਰਿਵਾਰਾਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਕਦਮ ਦੀ ਵੱਡੇ ਪੱਧਰ ‘ਤੇ ਆਲੋਚਨਾ ਹੋਈ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …