Breaking News
Home / ਦੁਨੀਆ / ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਜਪਕਸੇ ਵੱਲੋਂ ਅਸਤੀਫਾ

ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਜਪਕਸੇ ਵੱਲੋਂ ਅਸਤੀਫਾ

ਵਿਰੋਧੀ ਧਿਰ ਦੇ ਦਬਾਅ ਅੱਗੇ ਝੁਕੇ ਰਾਜਪਕਸੇ
ਕੋਲੰਬੋ/ਬਿਊਰੋ ਨਿਊਜ਼ : ਸ੍ਰੀਲੰਕਾ ਹੁਣ ਦੀਵਾਲੀਆ ਹੋਣ ਦੀ ਕਗਾਰ ‘ਤੇ ਖੜ੍ਹਾ ਹੈ ਅਤੇ ਇਸੇ ਦੌਰਾਨ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਵਿਰੋਧੀ ਧਿਰ ਦੇ ਦਬਾਅ ਅੱਗੇ ਝੁਕਦਿਆਂ ਅਸਤੀਫਾ ਦੇ ਦਿੱਤਾ ਹੈ। ਲੰਘੇ ਹਫਤੇ ਮੁੱਖ ਵਿਰੋਧੀ ਆਗੂ ਸਿਰਿਸੇਨਾ ਨੇ ਰਾਸ਼ਟਰਪਤੀ ਨਾਲ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿਚ ਤੈਅ ਹੋ ਗਿਆ ਸੀ ਕਿ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਅਸਤੀਫਾ ਦੇ ਦੇਣਗੇ ਅਤੇ ਇਸ ਤੋਂ ਬਾਅਦ ਅੰਤਰਿਮ ਸਰਕਾਰ ਬਣੇਗੀ। ਉਧਰ ਦੂਜੇ ਪਾਸੇ ਸ੍ਰੀਲੰਕਾ ਦੇ ਕਈ ਹਿੱਸਿਆਂ ਵਿਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ਹੋਣ ਦੀਆਂ ਖਬਰਾਂ ਵੀ ਮਿਲੀਆਂ ਹਨ। ਇਸ ਤੋਂ ਵੀ ਵੱਡਾ ਖਤਰਾ ਹੁਣ ਰਾਜਪਕਸੇ ਦੇ ਅਸਤੀਫੇ ਨਾਲ ਖੜ੍ਹਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ 1948 ਵਿਚ ਆਪਣੀ ਆਜ਼ਾਦੀ ਤੋਂ ਬਾਅਦ ਸਭ ਤੋਂ ਮਾੜੇ ਆਰਥਿਕ ਸੰਕਟ ‘ਚੋਂ ਗੁਜ਼ਰ ਰਿਹਾ ਹੈ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਭਗ ਖਤਮ ਹੋ ਚੁੱਕਾ ਹੈ, ਜਿਸ ਨਾਲ ਉਹ ਜ਼ਰੂਰੀ ਚੀਜ਼ਾਂ ਦਾ ਆਯਾਤ ਵੀ ਨਹੀਂ ਕਰ ਪਾ ਰਿਹਾ ਹੈ। ਸਰਕਾਰ ਨੇ ਪੂਰੇ ਮੁਲਕ ਵਿਚ ਕਰਫਿਊ ਲਗਾ ਦਿੱਤਾ ਹੈ। ਰਾਜਧਾਨੀ ਕੋਲੰਬੋ ਵਿਚ ਫੌਜ ਤਾਇਨਾਤ ਕੀਤੀ ਜਾ ਰਹੀ ਹੈ। ਰੱਖਿਆ ਸਕੱਤਰ ਨੇ ਮੁਲਕ ਵਿਚ ਸ਼ਾਂਤੀ ਕਾਇਮ ਰੱਖਣ ਲਈ ਲੋਕਾਂ ਤੋਂ ਮਦਦ ਮੰਗੀ ਹੈ।
ਸ੍ਰੀਲੰਕਾ ‘ਚ ਆਪਣੀਆਂ ਫੌਜਾਂ ਨਹੀਂ ਭੇਜੇਗਾ ਭਾਰਤ
ਕੋਲੰਬੋ : ਸ੍ਰੀਲੰਕਾ ‘ਚ ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਉਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਕਿ ਭਾਰਤ ਸ੍ਰੀਲੰਕਾ ਵਿਚ ਆਪਣੀਆਂ ਫੌਜਾਂ ਭੇਜੇਗਾ।
ਇਸ ਦੇ ਨਾਲ ਹੀ ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ ਇਸ ਦੇਸ਼ ਦੇ ਲੋਕਤੰਤਰ, ਸਥਿਰਤਾ ਅਤੇ ਆਰਥਿਕ ਸੁਧਾਰ ਦਾ ਪੂਰਾ ਸਮਰਥਨ ਕਰਦਾ ਹੈ। ਸ੍ਰੀਲੰਕਾ ਇਸ ਵੇਲੇ ਡੂੰਘੇ ਆਰਥਿਕ ਸੰਕਟ ਕਾਰਨ ਜਨਤਾ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਿਹਾ ਹੈ।
ਕੋਲੰਬੋ ਵਿਚਲੇ ਵਿਦੇਸ਼ੀ ਦੂਤਾਵਾਸਾਂ ਨੇ ਹਿੰਸਾ ਦੇ ਕਾਰਨਾਂ ਦੀ ਜਾਂਚ ਮੰਗੀ
ਕੋਲੰਬੋ ਵਿਚਲੇ ਕਈ ਵਿਦੇਸ਼ੀ ਦੂਤਾਵਾਸਾਂ ਨੇ ਹਿੰਸਾ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਅਮਰੀਕਾ ਦੀ ਰਾਜਦੂਤ ਜੂਲੀ ਚੁੰਗ ਨੇ ਸਰਕਾਰ ਨੂੰ ਹਿੰਸਾ ਭੜਕਣ ਪਿਛਲੇ ਕਾਰਨਾਂ ਦੀ ਜਾਂਚ ਕਰਾਉਣ ਲਈ ਕਿਹਾ ਹੈ। ਸ੍ਰੀਲੰਕਾ ਵਿਚਲੇ ਯੂਕੇ ਦੇ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਰੋਸ ਮੁਜ਼ਾਹਰਿਆਂ ਵਿਚ ਹਿੱਸਾ ਨਾ ਲੈਣ ਦੀ ਸਲਾਹ ਦਿੱਤੀ ਹੈ। ਯੂਰੋਪੀਅਨ ਯੂਨੀਅਨ ਦੀ ਅੰਬੈਸੀ ਨੇ ਸਰਕਾਰ ਨੂੰ ਲੋਕਾਂ ਦੀ ਰਾਖੀ ਕਰਨ ਦਾ ਸੱਦਾ ਦਿੱਤਾ ਹੈ। ਫਰਾਂਸ ਤੇ ਜਰਮਨੀ ਦੇ ਰਾਜਦੂਤ ਨੇ ਵੀ ਹਿੰਸਾ ਦੀ ਜਾਂਚ ਮੰਗੀ ਹੈ।

 

Check Also

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਮੰਚ ’ਤੇ ਡਿੱਗੇ

ਸੱਟ ਲੱਗਣ ਤੋਂ ਹੋਇਆ ਬਚਾਅ : ਵਾੲ੍ਹੀਟ ਹਾਊਸ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ …