
ਭਾਰਤ-ਅਮਰੀਕਾ ਵਿਚਾਲੇ ਵਪਾਰਕ ਸਮਝੌਤਾ ਜਲਦੀ ਸਿਰੇ ਚੜ੍ਹਨ ਦਾ ਦਿੱਤਾ ਸੰਕੇਤ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਭ ਤੋਂ ਵਧੀਆ ਦਿੱਖ ਵਾਲਾ ਅਤੇ ਮਜ਼ਬੂਤ ਵਿਅਕਤੀ ਦੱਸਿਆ ਹੈ। ਟਰੰਪ ਨੇ ਮੋਦੀ ਨੂੰ ‘ਕੀਲਣ ਵਾਲਾ’ ਅਤੇ ‘ਸਖਤ’ ਆਗੂ ਵੀ ਕਿਹਾ। ਟਰੰਪ ਨੇ ਦੋਵਾਂ ਮੁਲਕਾਂ ਭਾਰਤ ਅਤੇ ਅਮਰੀਕਾ ਦਰਮਿਆਨ ਜਲਦੀ ਹੀ ਇਕ ਵਪਾਰਕ ਸਮਝੌਤਾ ਸਿਰੇ ਚੜ੍ਹਨ ਦਾ ਸੰਕੇਤ ਵੀ ਦਿੱਤਾ। ਟਰੰਪ ਦੱਖਣੀ ਕੋਰੀਆ ’ਚ ਏਸ਼ੀਆ ਪੈਸੇਫਿਕ ਇਕਨੌਮਿਕ ਕੋਆਪਰੇਸ਼ਨ ਦੇ ਸੀ.ਈ.ਓਜ਼. ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸੇ ਸਾਲ ਮਈ ਮਹੀਨੇ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਟਾਲਣ ਲਈ ਖੁਦ ਨਿੱਜੀ ਤੌਰ ’ਤੇ ਦਖ਼ਲ ਦਿੱਤਾ ਤੇ ਦੋਵਾਂ ਮੁਲਕਾਂ ਨੂੰ ਵਪਾਰ ਸਮਝੌਤੇ ਦੀ ਘੁਰਕੀ ਦਿੱਤੀ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਨਿੱਜੀ ਦਖਲ ਨੇ ਦੋ ਪ੍ਰਮਾਣੂ ਹਥਿਆਰਬੰਦ ਮੁਲਕਾਂ ਦਰਮਿਆਨ ਤਣਾਅ ਘਟਾਉਣ ਵਿੱਚ ਮਦਦ ਕੀਤੀ।
ਟਰੰਪ ਦੇ ਦਾਅਵੇ ’ਤੇ ਕਾਂਗਰਸ ਨੇ ਕੱਸਿਆ ਤਨਜ਼
ਜੈਰਾਮ ਰਮੇਸ਼ ਨੇ ਕਿਹਾ : ਸੁੰਗੜਿਆ ਹੋਇਆ 56 ਇੰਚ ਦਾ ਸੀਨਾ ਅਜੇ ਵੀ ਚੁੱਪ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕੱਸਿਆ ਹੈ। ਜੈਰਾਮ ਰਮੇਸ਼ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਸਬੰਧੀ ਗੱਲ ਕਰਦਿਆਂ ਕਿਹਾ ਕਿ ਸੁੰਗੜਿਆ ਹੋਇਆ 56 ਇੰਚ ਦਾ ਸੀਨਾ ਅਜੇ ਵੀ ਚੁੱਪ ਹੈ। ਕਾਂਗਰਸ ਆਗੂ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਟਰੰਪ ਨੇ ਇਸ ਗੱਲ ਨੂੰ ਦੁਹਰਾਇਆ ਕਿ ਉਨ੍ਹਾਂ ਨੇ ਵਪਾਰ ਦੀ ਵਰਤੋਂ ਕਰਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਘਰਸ਼ ਨੂੰ ਰੋਕਿਆ ਸੀ। ਕਾਂਗਰਸ ਪਾਰਟੀ ਦੇ ਮੀਡੀਆ ਇੰਚਾਰਜ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਟਰੰਪ ਦੇ ਜਪਾਨ ਅਤੇ ਬਾਅਦ ਵਿਚ ਦੱਖਣੀ ਕੋਰੀਆ ਵਿਚ ਦਿੱਤੇ ਭਾਸ਼ਣਾਂ ਦੀਆਂ ਵੀਡੀਓ ਕਲਿੱਪ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਟਰੰਪ ਨੇ ਵਪਾਰ ਦੀ ਵਰਤੋਂ ਕਰਕੇ ਭਾਰਤ-ਪਾਕਿਸਤਾਨ ਫੌਜੀ ਸੰਘਰਸ਼ ਨੂੰ ਰੋਕਣ ਦੇ ਆਪਣੇ ਦਾਅਵੇ ਨੂੰ ਮੁੜ ਦੁਹਰਾਇਆ ਹੈ।

