Home / ਦੁਨੀਆ / ਉਨਟਾਰੀਓ ਦੀ ਵਸਾਗਾ ਬੀਚ ‘ਚ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਡੁੱਬਣ ਕਾਰਨ ਮੌਤ

ਉਨਟਾਰੀਓ ਦੀ ਵਸਾਗਾ ਬੀਚ ‘ਚ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਡੁੱਬਣ ਕਾਰਨ ਮੌਤ

ਟੋਰਾਂਟੋ, ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਕੈਨੇਡਾ ‘ਚ ਪੜ੍ਹਾਈ ਕਰਨ ਪਹੁੰਚੇ ਗੁਰਪ੍ਰੀਤ ਸਿੰਘ ਗਿੱਲ (22) ਦੀ ਉਨਟਾਰੀਓ ਬੀਚ ‘ਚ ਡੁੱਬਣ ਕਾਰਨ ਮੌਤ ਹੋ ਗਈ। ਬਰੈਂਪਟਨ ਦੇ ਰਹਿਣ ਵਾਲੇ ਗੁਰਪ੍ਰੀਤ ਨੂੰ ਡੂੰਘੇ ਪਾਣੀ ‘ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕੈਨੇਡਾ ‘ਚ ਚੱਲ ਰਹੀ ਗਰਮ ਰੁੱਤ ਦੌਰਾਨ ਝੀਲਾਂ ਤੇ ਦਰਿਆਵਾਂ ਦੇ ਪਾਣੀਆਂ ‘ਚ ਨਹਾਉਣ ਕਾਰਨ ਹਰੇਕ ਸਾਲ ਵਾਂਗ ਇਸ ਵਾਰ ਵੀ ਕਈ ਵਿਅਕਤੀਆਂ ਦੀ ਡੁੱਬਣ ਕਾਰਨ ਮੌਤ ਹੋਣ ਦੀਆਂ ਖਬਰਾਂ ਹਨ। ਬੀਤੇ 8 ਕੁ ਦਿਨਾਂ ‘ਚ ਹੀ ਟੋਰਾਂਟੋ ਤੇ ਬਰੈਂਪਟਨ ਸਮੇਤ ਦੱਖਣੀ ਉਨਟਾਰੀਓ ਇਲਾਕੇ ਤੋਂ 6 ਤੋਂ 22 ਸਾਲਾਂ ਦੇ ਕਰੀਬ 4 ਵਿਅਕਤੀਆਂ ਦੀ ਮੌਤ ਡੁੱਬਣ ਕਾਰਨ ਹੋਈ ਹੈ। ਗੁਰਪ੍ਰੀਤ ਸਿੰਘ ਗਿੱਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੰਗਲੀ ਦਾ ਰਹਿਣ ਵਾਲਾ ਸੀ। ਇਸ ਸਬੰਧੀ ਗੁਰਪ੍ਰੀਤ ਦੇ ਪਿਤਾ ਸਤਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਨਵੰਬਰ 2017 ‘ਚ ਉਨ੍ਹਾਂ ਆਪਣੇ ਬੱਚੇ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ ਤੇ ਹੁਣ ਉਹ ਮੌਜੂਦਾ ਸਮੇਂ ਦੌਰਾਨ ਆਪਣੀ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ‘ਤੇ ਕੰਮ ਕਰਦਾ ਸੀ ਤੇ ਬਰੈਂਪਟਨ ‘ਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਕੰਮ ਤੋਂ ਛੁੱਟੀ ਹੋਣ ਕਰਕੇ ਆਪਣੇ ਪੰਜ ਸਾਥੀਆਂ ਨਾਲ ਵਸਾਗਾ ਬੀਚ ‘ਤੇ ਨਹਾਉਣ ਗਿਆ ਸੀ, ਜਿਥੇ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ।

ਮੋਗਾ ਦੇ ਨੌਜਵਾਨ ਦੀ ਬਰੈਂਪਟਨ ‘ਚ ਭੇਤ-ਭਰੀ ਮੌਤ
ਮੋਗਾ ਦੇ ਪਿੰਡ ਦੌਧਰ ਗਰਬੀ ਦੇ ਇੱਕ ਨੌਜਵਾਨ ਦੀ ਬਰੈਂਪਟਨ ਵਿੱਚ ਭੇਤਭਰੀ ਮੌਤ ਹੋ ਗਈ ਹੈ। ਇਸ ਨੌਜਵਾਨ ਦੀ ਲਾਸ਼ ਇੱਕ ਪਾਰਕ ਵਿੱਚੋਂ ਮਿਲੀ ਹੈ। ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਸਿੱਧੂ (25) ਬੀਐੱਸਸੀ ਨਰਸਿੰਗ ਕਰਨ ਮਗਰੋਂ ਉੱਚ ਵਿੱਦਿਆ ਲਈ ਕੈਨੇਡਾ ਪਹੁੰਚਿਆ ਸੀ। ਉਹ ਇਕੱਲਾ ਹੀ ਰਹਿ ਰਿਹਾ ਸੀ ਅਤੇ ਬੀਤੇ ਦਿਨੀਂ ਉਸ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਸਿਮਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

Check Also

ਦਿਓਬਾ ਪੰਜਵੀਂ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ

ਕਾਠਮੰਡੂ/ਬਿਊਰੋ ਨਿਊਜ਼ : ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦਿਓਬਾ ਪੰਜਵੀਂ ਵਾਰ ਦੇਸ਼ ਦੇ ਪ੍ਰਧਾਨ …